ਮੁੱਢਲੇ ਸਿਹਤ ਕੇਂਦਰ ਢਿਲਵਾਂ ਨੂੰ 3 ਸਾਲਾਂ ਤੋਂ ਨਸੀਬ ਨਹੀਂ ਹੋਇਆ ਮੈਡੀਕਲ ਅਫ਼ਸਰ

12/07/2018 3:27:52 AM

ਢਿਲਵਾਂ, (ਜਗਜੀਤ)- ਪੰਜਾਬ ਦੇ ਸਿਹਤ ਮੰਤਰੀ ਵੱਲੋਂ ਬੀਤੇ ਦਿਨੀਂ ਮੁੱਢਲੇ ਸਿਹਤ ਕੇਂਦਰਾਂ ਨੂੰ ਈ. ਸੀ. ਜੀ. ਮਸ਼ੀਨਾਂ ਦੀ ਸਹੂਲਤ ਦੇਣ ਦਾ ਐਲਾਨ ਪੇਂਡੂ ਲੋਕਾਂ ਨਾਲ ਇਕ ਮਜ਼ਾਕ ਜਾਪ ਰਿਹਾ ਹੈ, ਜਦ ਕਿ ਅਸਲੀਅਤ ਇਹ ਹੈ ਕਿ ਕਈ ਸਰਕਾਰੀ ਮੁੱਢਲੇ ਸਿਹਤ ਕੇਂਦਰਾਂ ਦੀ ਪਿਛਲੇ ਕਈ ਸਾਲਾਂ ਤੋਂ ਆਪਣੀ ਸਿਹਤ ਖ਼ਰਾਬ ਚੱਲ ਰਹੀ ਹੈ, ਜਿਨ੍ਹਾਂ ’ਚੋਂ ਇਕ ਹੈ ਸਰਕਾਰੀ ਮੁੱਢਲਾ ਸਿਹਤ ਕੇਂਦਰ ਢਿਲਵਾਂ। 
ਜ਼ਿਕਰਯੋਗ ਹੈ ਕਿ ਸਰਕਾਰੀ ਮੁੱਢਲਾ ਸਿਹਤ ਕੇਂਦਰ ਢਿਲਵਾਂ ਜੋ ਜਲੰਧਰ ਤੋਂ ਲੈ ਕੇ ਅੰਮ੍ਰਿਤਸਰ ਤਕ ਜੀ. ਟੀ. ਰੋਡ ਤੋਂ ਬਿਲਕੁੱਲ ਨੇਡ਼ੇ ਸਥਿਤ ਇਕੋ ਇਕ ਸਰਕਾਰੀ ਹਸਪਤਾਲ ਹੈ,Î ਜਿਸ ਅਧੀਨ 113 ਪਿੰਡ ਪੈਂਦੇ ਹਨ, ਜਿਨ੍ਹਾਂ ਦੀ ਆਬਾਦੀ ਲਗਭਗ 1 ਲੱਖ 20 ਹਜ਼ਾਰ ਹੈ।
ਸਾਲ 2006 ’ਚ ਹਲਕੇ ਦੇ ਤਤਕਾਲੀ ਕਾਂਗਰਸ ਨੁਮਾਇੰਦੇ ਸੁਖਪਾਲ ਸਿੰਘ ਖਹਿਰਾ ਵੱਲੋਂ ਇਸ ਹਸਪਤਾਲ ਨੂੰ ਅਪਗਰੇਡ ਕਰਕੇ 30 ਬਿਸਤਰਿਆਂ ਵਾਲਾ ਹਸਪਤਾਲ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਵਾਲਾ ਨੀਂਹ ਪੱਥਰ ਰਖਵਾਇਆ ਗਿਆ ਸੀ, ਜੋ ਅੱਜ ਵੀ ਹਸਪਤਾਲ ਦੀ ਕੰਧ ਨਾਲ ਲੱਗਾ ਲੋਕਾਂ ਦਾ ਮੂੰਹ ਚਿਡ਼ਾ ਰਿਹਾ ਹੈ, ਕਿਉਂਕਿ ਸਰਕਾਰ ਬਦਲਣ ਦੇ ਨਾਲ ਜਿਹਡ਼ਾ ਵੱਡਾ ਹਸਪਤਾਲ ਢਿਲਵਾਂ ਬਣਨਾ ਸੀ, ਉਹ ਭੁਲੱਥ ਬਣਾ ਦਿੱਤਾ ਗਿਆ ਤੇ ਨਵੀਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਢਿਲਵਾਂ ਇਲਾਕੇ ਦੇ ਲੋਕਾਂ ਦੀ ਕਿਸਮਤ ਇਕ ਵਾਰ ਫੇਰ ਬਦਲ ਦਿੱਤੀ ਗਈ। 
 ਪੰਜਾਬ ਦੇ ਸਿਹਤ ਮੰਤਰੀ ਸਾਹਿਬ ਤਾਂ ਲੋਕਾਂ ਨੂੰ ਈ. ਸੀ. ਜੀ. ਸਹੂਲਤ ਦੇਣ ਲਈ ਮਸ਼ੀਨਾਂ ਪ੍ਰਦਾਨ ਕਰਨ ਦੀ ਗੱਲ ਕਰ ਰਹੇ ਨੇ ਪਰ ਢਿਲਵਾਂ ਦੇ ਮੁੱਢਲਾ ਸਿਹਤ ਕੇਂਦਰ ’ਚ ਤਾਂ ਪਿਛਲੇ ਕਰੀਬ ਸਾਢੇ 3 ਸਾਲ ਤੋਂ ਮੈਡੀਕਲ ਅਫ਼ਸਰ ਦੀ ਪੋਸਟ ਖਾਲ੍ਹੀ ਪਈ ਹੈ। ਕਾਫ਼ੀ ਸਮਾਂ ਪਹਿਲਾਂ ਡਾ. ਦੇਸ ਰਾਜ ਭਾਰਤੀ ਇਥੇ ਬਤੌਰ ਮੈਡੀਕਲ ਅਫ਼ਸਰ ਡੈਪੂਟੇਸ਼ਨ ’ਤੇ ਕੰਮ ਕਰਦੇ ਰਹੇ ਪਰ ਉਨ੍ਹਾਂ ਦੀ ਤਰੱਕੀ ਹੋ ਜਾਣ ’ਤੇ ਬਦਲੀ ਹੋ ਗਈ। ਫਿਰ ਸਰਕਾਰੀ ਹਸਪਤਾਲ ਭੁਲੱਥ ਤੋਂ ਜਾਂ ਜ਼ਿਲੇ ਦੇ ਵੱਖ-ਵੱਖ ਹਸਪਤਾਲਾਂ ’ਚੋਂ ਡੈਪੂਟੇਸ਼ਨ ’ਤੇ ਡਾਕਟਰ ਆਉਂਦੇ ਰਹੇ। 
ਜਾਣਕਾਰੀ ਮੁਤਾਬਕ ਹਫ਼ਤੇ ’ਚ ਸਿਰਫ਼ 3 ਦਿਨ ਹੀ ਡਾਕਟਰ ਓ. ਪੀ. ਡੀ. ’ਚ ਬੈਠਦਾ ਰਿਹਾ ਤੇ ਬਾਕੀ 3 ਦਿਨ ਕਥਿਤ ਤੌਰ ’ਤੇ ਡੈਪੂਟੇਸ਼ਨ ’ਤੇ ਆਏ ਫਾਰਮਾਸਿਸਟ ਹੀ ਓ. ਪੀ. ਡੀ. ’ਚ ਮਰੀਜ਼ ਦੇਖਦੇ ਰਹੇ ਹਨ। ਭੁਲੱਥ ਤੋਂ ਡੈਪੂਟੇਸ਼ਨ ’ਤੇ ਆਉਣ ਵਾਲੇ ਡਾਕਟਰ ਦੀ ਵੀ ਲਗਭਗ 3 ਮਹੀਨੇ ਪਹਿਲਾਂ ਤਰੱਕੀ ਤੇ ਬਦਲੀ ਹੋ ਗਈ। ਦੁੱਖ ਦੀ ਗੱਲ ਤਾਂ ਇਹ ਵੀ ਹੈ ਕਿ ਢਿਲਵਾਂ ਹਸਪਤਾਲ ’ਚ ਫਾਰਮਾਸਿਸਟ ਦੀ ਪੋਸਟ ਵੀ ਲੰਬੇ ਸਮੇਂ ਤੋਂ ਖਾਲੀ ਪਈ ਹੈ। ਦਵਾਈਆਂ ਦੀ ਸਪਲਾਈ ਵੀ ਪਿਛਲੇ ਕਈ ਮਹੀਨਿਆਂ ਤੋਂ ਨਿਰੰਤਰ ਨਹੀਂ। ਇਸ ਸਰਕਾਰ ਦੀ ਬੇਧਿਆਨੀ ਕਾਰਨ ਇਲਾਕੇ ਭਰ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦ ਕਿ ਇਸ ਹਸਪਤਾਲ ’ਚ ਡਲਿਵਰੀ ਰੇਟ 20-25 ਪ੍ਰਤੀ ਮਹੀਨਾ ਹੈ ਜੋ ਭੁਲੱਥ ਤੇ ਬੇਗੋਵਾਲ ਦੇ ਵੱਡੇ ਹਸਪਤਾਲ ਤੋਂ ਵੀ ਵੱਧ ਹੈ। 
ਕੀ ਕਹਿਣੈ ਵਿਧਾਇਕ ਦਾ
 ਜਦੋਂ ਇਸ ਸਬੰਧੀ ਹਲਕੇ ਦੇ ਮੌਜੂਦਾ ਵਿਧਾਇਕ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ  ਨੂੰ ਉਹ ਵਿਧਾਨ ਸਭਾ ’ਚ ਵੀ ਉਠਾ ਚੁੱਕੇ ਹਨ। 

ਇਹ ਮਾਮਲਾ ਮੇਰੇ ਧਿਆਨ ’ਚ ਨਹੀਂ ਸੀ, ਮੈਂ ਜਲਦ ਹੀ ਇਥੇ ਖਾਲੀ ਪਈ ਪੋਸਟ ’ਤੇ ਮੈਡੀਕਲ ਅਫ਼ਸਰ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗਾ।
–ਹਲਕਾ ਭੁਲੱਥ ਦੇ ਇੰਚਾਰਜ ਰਣਜੀਤ ਸਿੰਘ ਰਾਣਾ।

ਪੰਜਾਬ ’ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ। ਸਾਡੀ  ਪਾਰਟੀ ਦੀ ਸਰਕਾਰ ਦੌਰਾਨ ਲਗਭਗ ਡੇਢ ਸਾਲ ਦੇ ਸਮੇਂ ਤੋਂ ਐੱਮ. ਓ. ਦੀ ਖਾਲੀ ਪਈ ਆਸਾਮੀ ਵੱਲ  ਧਿਆਨ ਦਿਵਾਇਆ ਗਿਆ ਤਾਂ ਕੋਈ ਡਾਕਟਰ ਬਦਲੀ ਕਰਵਾਉਣ ਲਈ ਤਿਆਰ ਨਾ ਹੋਇਆ ਹੋਵੇਗਾ।
–ਸਾਬਕਾ ਵਿਧਾਇਕਾ, ਬੀਬੀ ਜਗੀਰ ਕੌਰ।

ਐੱਸ. ਐੱਮ. ਓ. ਡਾ. ਜਸਵਿੰਦਰ ਕੁਮਾਰੀ ਨੇ ਕਿਹਾ ਕਿ ਲਗਭਗ 2 ਸਾਲ ਤੋਂ ਮੇਰੀ ਢਿਲਵਾਂ ਪੋਸਟਿੰਗ ਹੈ ਤੇ ਮੇਰੇ ਇਥੇ ਆਉਣ ਤੋਂ ਪਹਿਲਾਂ ਤੋਂ ਹੀ ਮੈਡੀਕਲ ਅਫ਼ਸਰ ਦੀ ਪੋਸਟ ਖਾਲ੍ਹੀ ਹੈ। ਐੱਮ. ਓ. ਨਾ ਹੋਣ ਕਾਰਨ ਸਾਰਾ ਦਫ਼ਤਰੀ ਕੰਮ ਕਰਨ ਦੇ ਨਾਲ-ਨਾਲ ਮੈਂ ਮਰੀਜ਼ ਵੀ ਵੇਖ ਰਹੀ ਹਾਂ। 
-ਐੱਸ. ਐੱਮ. ਓ. ਡਾ. ਜਸਵਿੰਦਰ ਕੁਮਾਰੀ।