ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਮੇਅਰ ਖੋਸਲਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੂੰ ਮਿਲੇ

06/22/2018 3:02:01 PM

ਫਗਵਾੜਾ (ਜ.ਬ.)—ਫਗਵਾੜਾ ਚ ਅਵਾਰਾ ਕੁੱਤਿਆਂ ਦਾ ਸਮੱਸਿਆ ਤੋਂ ਫਿਕਰਮੰਦ ਮੇਅਰ ਅਰੁਣ ਖੋਸਲਾ ਫਗਵਾੜਾ ਵਾਸੀਆਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਪਸ਼ੂ ਪ੍ਰੇਮੀ, ਕੇਂਦਰੀ ਮੰਤਰੀ ਬਾਲ ਕਲਿਆਣ ਵਿਭਾਗ ਮੇਨਿਕਾ ਗਾਂਧੀ ਨੂੰ ਦਿੱਲੀ ਵਿਖੇ ਮਿਲੇ। ਇਸ ਦੌਰਾਨ ਉਨ੍ਹਾਂ ਨੇ ਮੇਨਕਾ ਗਾਂਧੀ ਨੂੰ ਦੱਸਿੱਾ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਪੂਰੇ ਦੇਸ਼ 'ਚ ਵਿਕਰਾਲ ਰੂਪ ਧਾਰ ਚੁੱਕੀ ਹੈ। ਇਸੇ ਤਰ੍ਹਾਂ ਫਗਵਾੜਾ 'ਚ ਵੀ ਅਵਾਰਾ ਕੁੱਤਿਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ, ਜਿਸ ਤੋਂ ਲੋਕ ਪ੍ਰੇਸ਼ਾਨ ਹਨ, ਕਿਉਂਕਿ ਇਨ੍ਹਾਂ ਕੁੱਤਿਆਂ ਦੇ ਵੱਢਣ ਨਾਲ ਕਈ ਬੱਚੇ ਤੇ ਬਜ਼ੁਰਗ ਜ਼ਖਮੀ ਹੋ ਗਏ ਹਨ। ਉਨ੍ਹਾਂ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਕੇਂਦਰੀ ਮੰਤਰੀ ਨੇ ਅਰੁਣ ਖੋਸਲਾ ਨੂੰ ਸੁਝਾਅ ਦਿੱਤਾ ਕਿ ਉਤਰਾਖੰਡ ਸਰਕਾਰ ਨੇ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਵਧੀਆ ਪ੍ਰਾਜੈਕਟ ਚਲਾਇਆ ਹੋਇਆ ਹੈ। ਚੱਲ ਰਹੇ ਪ੍ਰਾਜੈਕਟ ਤੋਂ ਜਾਣਕਾਰੀ ਲੈ ਕੇ ਇਸ ਨੂੰ ਫਗਵਾੜਾ 'ਚ ਵੀ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਇਸ ਤਰ੍ਹਾਂ ਦਾ ਪ੍ਰਾਜੈਕਟ ਫਗਵਾੜਾ ਵਿਖੇ ਸ਼ੁਰੂ ਕਰਨਗੇ ਤਾਂ ਉਹ ਆਪ ਫਗਵਾੜਾ ਪੁੱਜਣਗੇ। ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਪ੍ਰਾਜੈਕਟ ਡਾਕਟਰ ਨਾਲ ਗੱਲ ਹੋ ਗਈ ਹੈ, ਜਲਦ ਹੀ ਉਹ ਦੇਹਰਾਦੂਨ ਜਾਵੇਗਾ ਤੇ ਪ੍ਰਾਜੈਕਟ ਦੇਖ ਕੇ ਉਸ ਦੇ ਵਾਂਗ ਫਗਵਾੜਾ 'ਚ ਵੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਜੋ ਫਗਵਾੜਾ ਸ਼ਹਿਰ ਵਾਸੀਆਂ ਨੂੰ ਅਵਾਰਾ ਕੁੱਤਿਆਂ ਤੋਂ ਨਿਜਾਤ ਮਿਲ ਸਕੇ।