ਮੇਅਰ ਰਾਜਾ ਧੜੇ ਦੇ ਵਿਧਾਇਕ ਬੇਰੀ ਨਾਲ ਗਿਲੇ-ਸ਼ਿਕਵੇ ਹੋਏ ਦੂਰ, ਇਕਜੁੱਟ ਹੋ ਕੇ ਚੱਲਣ ਦਾ ਕੀਤਾ ਦਾਅਵਾ

01/22/2022 5:14:47 PM

ਜਲੰਧਰ (ਚੋਪੜਾ)– ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੈਂਟਰਲ ਵਿਧਾਨ ਸਭਾ ਹਲਕੇ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਪੈਦਾ ਹੋਈ ਧੜੇਬਾਜ਼ੀ ਅਤੇ ਘਮਸਾਨ ਤੋਂ ਪ੍ਰੇਸ਼ਾਨ ਵਿਧਾਇਕ ਰਾਜਿੰਦਰ ਬੇਰੀ ਨੂੰ ਬੀਤੇ ਦਿਨ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ਮੇਅਰ ਜਗਦੀਸ਼ ਰਾਜਾ, ਮਹਿਲਾ ਆਗੂ ਡਾ. ਜਸਲੀਨ ਸੇਠੀ ਸਮੇਤ ਵਿਰੋਧੀ ਕੌਂਸਲਰਾਂ ਨੇ ਕਦਮ ਅੱਗੇ ਵਧਾਉਂਦਿਆਂ ਵਿਧਾਇਕ ਬੇਰੀ ਨਾਲ ਸਮਝੌਤਾ ਕਰ ਲਿਆ। ਬੀਤੇ ਦਿਨ ਸਵੇਰੇ ਸੰਸਦ ਮੈਂਬਰ ਚੌਧਰੀ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਲਗਭਗ 1 ਘੰਟੇ ਦੀ ਚਰਚਾ ਉਪਰੰਤ ਆਖ਼ਿਰਕਾਰ ਮੇਅਰ ਧੜੇ ਨੇ ਇਕਜੁੱਟਤਾ ਨਾਲ ਚੋਣ ਲੜਨ ਦਾ ਭਰੋਸਾ ਦਿੰਦਿਆਂ ਬੇਰੀ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਮੀਟਿੰਗ ਦੌਰਾਨ ਮੇਅਰ ਰਾਜਾ ਅਤੇ ਕੌਂਸਲਰਾਂ ਨੇ ਪਿਛਲੇ 5 ਸਾਲਾਂ ਵਿਚ ਵਿਧਾਇਕ ਬੇਰੀ ਦੇ ਵਰਕਿੰਗ ਸਟਾਈਲ ਅਤੇ ਕੌਂਸਲਰਾਂ ਦੀ ਅਣਦੇਖੀ ਵਿਰੁੱਧ ਕਾਫ਼ੀ ਗੁੱਸਾ ਜ਼ਾਹਿਰ ਕੀਤਾ। ਕੁਝ ਕੌਂਸਲਰਾਂ ਨੇ ਤਾਂ ਵਿਧਾਇਕ ’ਤੇ ਆਪਣੇ ਵਾਰਡਾਂ ਵਿਚ ਸਮਾਨਾਂਤਰ ਕਾਂਗਰਸੀ ਆਗੂਆਂ ਦੀ ਪਿੱਠ ਥਾਪੜਨ ਦੇ ਦੋਸ਼ ਤੱਕ ਲਾ ਦਿੱਤੇ।

ਇਹ ਵੀ ਪੜ੍ਹੋ: ਮਨੋਰੰਜਨ ਕਾਲੀਆ ਦਾ ਕਾਂਗਰਸ ’ਤੇ ਤੰਜ, ਕਿਹਾ-CM ਚੰਨੀ ਦੇ ਘਰ ਰੇਡ ਹੁੰਦੀ ਤਾਂ ਬਹੁਤ ਕੁਝ ਮਿਲਦਾ

ਕੁਝ ਕੌਂਸਲਰਾਂ ਦਾ ਕਹਿਣਾ ਸੀ ਕਿ ਜੇਕਰ ਬੇਰੀ ਨੇ ਅਗਲੀਆਂ ਨਿਗਮ ਚੋਣਾਂ ਵਿਚ ਉਨ੍ਹਾਂ ਦੇ ਸਬੰਧਤ ਵਾਰਡਾਂ ਵਿਚ ਉਨ੍ਹਾਂ ਦੇ ਬਰਾਬਰ ਕਾਂਗਰਸੀ ਖੜ੍ਹੇ ਕਰਨੇ ਹੀ ਸਨ, ਫਿਰ ਉਨ੍ਹਾਂ ਕੋਲੋਂ ਆਪਣਾ ਚੋਣ ਪ੍ਰਚਾਰ ਕਰਵਾ ਅਤੇ ਵੋਟਾਂ ਪੁਆ ਲੈਣ ਪਰ ਕੁਝ ਸਮੇਂ ਦੀ ਗਹਿਮਾ-ਗਹਿਮੀ ਤੋਂ ਬਾਅਦ ਵਿਧਾਇਕ ਬੇਰੀ ਨੇ ਕਿਹਾ ਕਿ ਉਹ ਕਿਸੇ ਵੀ ਕੌਂਸਲਰ ਦੇ ਵਾਰਡ ਵਿਚ ਉਸ ਤੋਂ ਪੁੱਛੇ ਬਿਨਾਂ ਕੋਈ ਕੰਮ ਨਹੀਂ ਕਰਨਗੇ ਤੇ ਨਾ ਹੀ ਅਗਲੀਆਂ ਚੋਣਾਂ ਵਿਚ ਕਿਸੇ ਕੌਂਸਲਰ ਦੀ ਟਿਕਟ ਕੱਟਣ ਦੀ ਕੋਸ਼ਿਸ਼ ਕਰਨਗੇ। ਇਸ ਉਪਰੰਤ ਸਾਰੇ ਕੌਂਸਲਰਾਂ ਨੇ ਵਿਧਾਇਕ ਬੇਰੀ ਦੇ ਹੱਥਾਂ ਵਿਚ ਹੱਥ ਪਾ ਕੇ ਸਮੂਹਿਕ ਤਸਵੀਰ ਖਿਚਵਾ ਕੇ ਇਕ-ਦੂਜੇ ਨਾਲ ਇਕਜੁੱਟਤਾ ਵਿਖਾ ਦਿੱਤੀ।

ਇਹ ਵੀ ਪੜ੍ਹੋ: ਮੁਹੰਮਦ ਮੁਸਤਫ਼ਾ ਦੇ ਵਿਵਾਦਤ ਬਿਆਨ ’ਤੇ ਤਰੁਣ ਚੁੱਘ ਨੇ ਕੀਤੀ ਗ੍ਰਿਫ਼ਤਾਰੀ ਦੀ ਮੰਗ

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੇਅਰ ਜਗਦੀਸ਼ ਰਾਜ ਰਾਜਾ ਅਤੇ ਆਲ ਇੰਡੀਆ ਕਾਂਗਰਸ ਦੀ ਕੋਆਰਡੀਨੇਟਰ ਡਾ. ਜਸਲੀਨ ਸੇਠੀ ਵੀ ਟਿਕਟ ਦੇ ਮਜ਼ਬੂਤ ਦਾਅਵੇਦਾਰਾਂ ਵਿਚ ਸ਼ਾਮਲ ਸਨ। ਮੇਅਰ ਰਾਜਾ ਤਾਂ ਕੌਂਸਲਰਾਂ ਦੇ ਇਕ ਵੱਡੇ ਧੜੇ ਨਾਲ ਰਾਜਿੰਦਰ ਬੇਰੀ ਨੂੰ ਟਿਕਟ ਦੇਣ ਦਾ ਜ਼ੋਰਦਾਰ ਵਿਰੋਧ ਵੀ ਕਰ ਚੁੱਕੇ ਸਨ ਪਰ ਆਖਿਰ ਵਿਚ ਅੱਜ ਹਲਕੇ ਵਿਚ ਕਾਂਗਰਸ ਲਈ ਮਾਹੌਲ ਫਿਲਹਾਲ ਸੁਖਾਵਾਂ ਬਣ ਗਿਆ ਹੈ। ਮੀਟਿੰਗ ਵਿਚ ਕੌਂਸਲਰ ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ, ਕੌਂਸਲਰ ਮਨਮੋਹਨ ਸਿੰਘ ਰਾਜੂ, ਕੌਂਸਲਰ ਬੱਬੀ ਚੱਢਾ, ਕੌਂਸਲਰ ਮਨਦੀਪ ਜੱਸਲ, ਕੌਂਸਲਰਪਤੀ ਵਿਜੇ ਦਕੋਹਾ, ਕੌਂਸਲਰਪਤੀ ਮਹਿੰਦਰ ਸਿੰਘ ਗੁੱਲੂ, ਡਾ. ਆਈ. ਪੀ. ਐੱਸ. ਸੇਠੀ ਆਦਿ ਵੀ ਮੌਜੂਦ ਸਨ।

ਟਕਸਾਲੀ ਕਾਂਗਰਸੀਆਂ ਨੇ ਵੀ ਫੜਿਆ ਬੇਰੀ ਦਾ ਹੱਥ
ਪਿਛਲੇ ਕਈ ਮਹੀਨਿਆਂ ਤੋਂ ਗਰੁੱਪ ਬਣਾ ਕੇ ਵਿਧਾਇਕਾਂ ਦਾ ਵਿਰੋਧ ਕਰ ਰਹੇ ਟਕਸਾਲੀ ਕਾਂਗਰਸੀਆਂ ਨੇ ਵੀ ਵਿਧਾਇਕ ਬੇਰੀ ਨਾਲ ਸੁਲ੍ਹਾ ਕਰ ਲਈ ਹੈ। ਅੱਜ ਸਵੇਰੇ ਵਿਧਾਇਕ ਬੇਰੀ ਨੇ ਜ਼ਿਲਾ ਕਾਂਗਰਸ ਓ. ਬੀ. ਸੀ. ਸੈੱਲ ਦੇ ਚੇਅਰਮੈਨ ਤਿਰਲੋਕ ਸਿੰਘ ਸਰਾਂ, ਪਰਮਜੀਤ ਬੱਲ, ਸੋਮਨਾਥ ਚੌਗਿੱਟੀ, ਸੋਨੂੰ ਸ਼ਰਮਾ ਅਤੇ ਹੋਰ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਨਾਰਾਜ਼ਗੀ ਨੂੰ ਸੁਣਿਆ ਅਤੇ ਭਰੋਸਾ ਦਿੱਤਾ ਕਿ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਨ ’ਤੇ ਉਨ੍ਹਾਂ ਦੀ ਐਡਜਸਟਮੈਂਟ ਪਹਿਲ ਦੇ ਆਧਾਰ ’ਤੇ ਕੀਤੀ ਜਾਵੇਗੀ ਅਤੇ ਕਿਸੇ ਵੀ ਵਰਕਰ ਦੀ ਅਣਦੇਖੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਟਕਸਾਲੀ ਆਗੂਆਂ ਦੇ 'ਆਪ' ਛੱਡਣ ਦਾ ਵੈਸਟ ਦੇ ਨਾਲ-ਨਾਲ ਜਲੰਧਰ ਕੈਂਟ ’ਤੇ ਵੀ ਪੈਣ ਲੱਗਾ ਅਸਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri