ਟਰੇਡਰਜ਼ ਅਤੇ ਮਾਰਕੀਟ ਐਸੋਸੀਏਸ਼ਨਾਂ ਦੀ ਸੰਸਦ ਮੈਂਬਰ, ਵਿਧਾਇਕਾਂ ਅਤੇ ਪ੍ਰਸ਼ਾਸਨ ਨੂੰ ਦੋ-ਟੁੱਕ

05/08/2021 9:53:39 AM

ਜਲੰਧਰ (ਚੋਪੜਾ)–ਕੋਵਿਡ-19 ਮਹਾਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਾਏ ਮਿੰਨੀ ਲਾਕਡਾਊਨ ਕਾਰਨ ਵਪਾਰ ਜਗਤ ਵਿਚ ਪੈਦਾ ਹੋਏ ਰੋਸ ਨੂੰ ਸ਼ਾਂਤ ਕਰਨ ਦੀ ਕਵਾਇਦ ਤਹਿਤ ਸ਼ੁੱਕਰਵਾਰ ਸੱਤਾਧਾਰੀ ਆਗੂਆਂ ਅਤੇ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨੇ ਵੱਖ-ਵੱਖ ਮਾਰਕੀਟਾਂ ਅਤੇ ਟਰੇਡਰਜ਼ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਤਾਂ ਕਿ ਲਾਕਡਾਊਨ ਦੌਰਾਨ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇਣ ਦੀ ਨਵੀਂ ਵਿਵਸਥਾ ਬਣਾਈ ਜਾ ਸਕੇ। ਇਸ ਦੌਰਾਨ ਸੰਸਦ ਮੈਂਬਰ ਸੰਤੋਖ ਚੌਧਰੀ, ਵਿਧਾਇਕ ਸੁਸ਼ੀਲ ਰਿੰਕੂ, ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ, ਵਿਧਾਇਕ ਸੁਰਿੰਦਰ ਚੌਧਰੀ, ਵਿਧਾਇਕ ਲਾਡੀ ਸ਼ੇਰੋਵਾਲੀਆ, ਵਿਧਾਇਕ ਪਰਗਟ ਸਿੰਘ ਅਤੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਮੌਜੂਦ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਕੋਲੋਂ ਸੁਝਾਅ ਵੀ ਲਏ।

ਮੀਟਿੰਗ ਵਿਚ ਮੌਜੂਦ ਵੱਖ-ਵੱਖ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਵਿਚ ਸ਼ਾਮਲ ਲਵਲੀ ਗਰੁੱਪ ਤੋਂ ਰਮੇਸ਼ ਮਿੱਤਲ, ਸਪੋਰਟਸ ਐਸੋਸੀਏਸ਼ਨ ਤੋਂ ਰਵਿੰਦਰ ਧੀਰ, ਮੋਬਾਇਲ ਐਸੋਸੀਏਸ਼ਨ ਤੋਂ ਰਿੱਕੀ ਚੱਢਾ, ਰਾਜੀਵ ਦੁੱਗਲ, ਕਰਿਆਨਾ ਐਸੋਸੀਏਸ਼ਨ ਤੋਂ ਪਰਮਿੰਦਰ ਬਹਿਲ, ਅਟਾਰੀ ਬਾਜ਼ਾਰ ਐਸੋਸੀਏਸ਼ਨ ਤੋਂ ਸੁਰਿੰਦਰ ਸਿੰਘ ਬੱਗਾ, ਸ਼ੂਜ਼ ਐਸੋਸੀਏਸ਼ਨ ਤੋਂ ਦਵਿੰਦਰ ਸਿੰਘ ਮਨਚੰਦਾ, ਮਾਡਲ ਟਾਊਨ ਮਾਰਕੀਟ ਤੋਂ ਅਨਿਲ ਅਰੋੜਾ ਆਦਿ ਨੇ ਆਪਣੇ ਸੁਝਾਅ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਬਾਜ਼ਾਰਾਂ ਅਤੇ ਦੁਕਾਨਾਂ ਨੂੰ ਖੋਲ੍ਹਣਾ 2 ਸ਼ਿਫਟਾਂ ਵਿਚ ਕਰ ਦੇਵੇ। ਫਲ-ਫਰੂਟ, ਕਰਿਆਨਾ ਅਤੇ ਦੁੱਧ ਵਰਗੀਆਂ ਜਿਹੜੀਆਂ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਹਨ, ਉਨ੍ਹਾਂ ਨੂੰ ਸਵੇਰੇ 5 ਤੋਂ 11 ਵਜੇ ਅਤੇ ਬਾਕੀ ਗੈਰ-ਜ਼ਰੂਰੀ ਸਮਝੀਆਂ ਜਾਂਦੀਆਂ ਦੁਕਾਨਾਂ ਨੂੰ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਕਾਰੋਬਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਲਾਕਡਾਊਨ ਦੀਆਂ ਪਾਬੰਦੀਆਂ ਤੋਂ ਰਾਹਤ ਮਿਲਣ ’ਤੇ ਉਹ ਅਤੇ ਉਨ੍ਹਾਂ ਨਾਲ ਜੁੜੇ ਕਰਮਚਾਰੀ ਕੰਮ ਕਰ ਕੇ ਆਪਣੇ ਪਰਿਵਾਰਾਂ ਲਈ 2 ਸਮੇਂ ਦੀ ਰੋਟੀ ਦਾ ਪ੍ਰਬੰਧ ਕਰ ਸਕਣ।

ਵਪਾਰਕ ਅਤੇ ਟਰੇਡਰਜ਼ ਐਸੋਸੀਏਸ਼ਨਾਂ ਨੇ ਦੋ-ਟੁੱਕ ਕਿਹਾ ਕਿ ਪ੍ਰਸ਼ਾਸਨ ਜਾਂ ਤਾਂ ਸਮੁੱਚੀ ਅਤੇ ਸਹੀ ਢੰਗ ਨਾਲ ਵਿਵਸਥਾ ਬਣਾਵੇ, ਨਹੀਂ ਤਾਂ 15-20 ਦਿਨਾਂ ਲਈ ਪੂਰੀ ਤਰ੍ਹਾਂ ਲਾਕਡਾਊਨ ਲਾ ਦੇਵੇ ਕਿਉਂਕਿ ਇਕ ਹੀ ਸਮੇਂ 75 ਫੀਸਦੀ ਦੁਕਾਨਾਂ ਖੁੱਲ੍ਹਣ ਨਾਲ ਸੜਕਾਂ ਅਤੇ ਬਾਜ਼ਾਰਾਂ ਵਿਚ ਭੀੜ ਬਣੀ ਰਹਿੰਦੀ ਹੈ। ਜੇਕਰ ਸ਼ਿਫਟਾਂ ਵਿਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਬਾਜ਼ਾਰਾਂ ਵਿਚ ਭੀੜ ਵੀ ਘੱਟ ਜਾਵੇਗੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਐਸੋਸੀਏਸ਼ਨਾਂ ਨੂੰ ਭਰੋਸਾ ਦਿਵਾਇਆ ਕਿ ਦੁਕਾਨਾਂ ਅਤੇ ਵਪਾਰਕ ਸੰਸਥਾਵਾਂ ਜਿਹੜੀਆਂ ਗੈਰ-ਜ਼ਰੂਰੀ ਸ਼੍ਰੇਣੀ ਵਿਚ ਆਉਂਦੀਆਂ ਹਨ, ਨੂੰ ਵੀ ਲਾਕਡਾਊਨ ਵਿਚ ਰਾਹਤ ਦੇਣ ਲਈ ਉਨ੍ਹਾਂ ਦੀ ਮੰਗ ਨੂੰ ਅੱਜ ਹੀ ਪੰਜਾਬ ਸਰਕਾਰ ਨੂੰ ਭੇਜਣਗੇ। ਸ਼ਨੀਵਾਰ ਅਤੇ ਐਤਵਾਰ ਨੂੰ ਪੂਰਨ ਲਾਕਡਾਊਨ ਹੈ ਅਤੇ ਸਾਰੇ ਬਾਜ਼ਾਰ ਤੇ ਸੰਸਥਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਰਕਾਰ ਨੂੰ ਭੇਜੀਆਂ ਸਿਫਾਰਿਸ਼ਾਂ ਅਨੁਸਾਰ ਮਿਲੀ ਮਨਜ਼ੂਰੀ ਅਤੇ ਨਿਰਦੇਸ਼ਾਂ ਅਨੁਸਾਰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। ਮੀਟਿੰਗ ’ਚ ਐੱਸ. ਐੱਸ. ਪੀ. ਸੰਦੀਪ ਗਰਗ, ਏ. ਡੀ. ਸੀ. ਵਿਸ਼ੇਸ਼ ਸਾਰੰਗਲ ਅਤੇ ਜਸਬੀਰ ਸਿੰਘ, ਡੀ. ਸੀ. ਪੀ. ਗੁਰਮੀਤ ਸਿੰਘ, ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਨਾਇਬ ਤਹਿਸੀਲਦਾਰ ਵਿਜੇ ਕੁਮਾਰ ਤੋਂ ਇਲਾਵਾ ਵੱਖ-ਵੱਖ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਵਿਚ ਭੁਪਿੰਦਰ ਸਿੰਘ ਜੌਲੀ, ਰਮਨ ਅਰੋੜਾ, ਗੁਰਚਰਨ ਿਸੰਘ, ਬੋਨੀ ਮਿੱਤਲ, ਮਨੋਜ ਕਪਿਲਾ, ਸੰਜੇ ਕੋਚਰ, ਬੀ. ਐੱਸ. ਤਲਵਾੜ, ਦੀਪਕ ਕੁਮਾਰ, ਸੁਰੇਸ਼ ਗੁਪਤਾ ਆਦਿ ਵੀ ਹਾਜ਼ਰ ਸਨ।

ਅਸੀਂ ਤਾਂ 2 ਮਹੀਨੇ ਕਾਰੋਬਾਰ ਬੰਦ ਕਰ ਕੇ ਖਾ ਲਵਾਂਗੇ, ਸਾਡੇ ਸੈਂਕੜੇ ਕਰਮਚਾਰੀ ਕੀ ਭੁੱਖੇ ਮਰ ਜਾਣ : ਸ਼ੈਰੀ ਚੱਢਾ
ਕੌਂਸਲਰ ਸ਼ੈਰੀ ਚੱਢਾ ਨੇ ਕਿਹਾ ਕਿ ਮੀਟਿੰਗ ਵਿਚ ਜਿੰਨੀਆਂ ਵੀ ਐਸੋਸੀਏਸ਼ਨਾਂ ਦੇ ਅਹੁਦੇਦਾਰ ਮੌਜੂਦ ਸਨ, ਉਹ 2 ਮਹੀਨੇ ਕਾਰੋਬਾਰ ਬੰਦ ਕਰ ਕੇ ਜਮ੍ਹਾ ਪੂੰਜੀ ਨਾਲ ਗੁਜ਼ਾਰਾ ਕਰ ਲੈਣਗੇ ਪਰ ਸਾਡੇ ਨਾਲ ਜੁੜੇ ਸੈਂਕੜੇ ਕਰਮਚਾਰੀ ਕੀ ਭੁੱਖੇ ਮਰ ਜਾਣ, ਜਿਹੜੇ ਰੋਜ਼ਾਨਾ ਕੰਮ ਕਰ ਕੇ ਹੀ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਨ। ਸ਼ੈਰੀ ਨੇ ਕਿਹਾ ਕਿ ਗੈਰ-ਜ਼ਰੂਰੀ ਦੁਕਾਨਾਂ ਬੰਦ ਰੱਖਣ ਦੇ ਫੈਸਲੇ ਨਾਲ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਤਾਂ ਹੋ ਹੀ ਰਿਹਾ ਹੈ, ਨਾਲ ਹੀ ਪਿਛਲੇ ਸਾਲ ਲੱਗੇ ਕਰਫਿਊ ਅਤੇ ਲਾਕਡਾਊਨ ਵਾਂਗ ਸਾਡੇ ’ਤੇ ਦੁਕਾਨਾਂ ਦੇ ਕਿਰਾਏ, ਬਿਜਲੀ ਦੇ ਬਿੱਲ, ਟੈਕਸ ਸਮੇਤ ਬੈਂਕਾਂ ਦਾ ਵਿਆਜ ਵੀ ਲਗਾਤਾਰ ਲੱਗ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। 190 ਦੇ ਲਗਭਗ ਮਰੀਜ਼ਾਂ ਦੀ ਮੌਤ ਹੋਈ ਹੈ। ਅਜਿਹੇ ਵਿਚ ਸਰਕਾਰ ਜਾਂ ਤਾਂ ਲੋਕਾਂ ਲਈ ਰੋਜ਼ੀ-ਰੋਟੀ ਕਮਾਉਣ ਵਾਸਤੇ ਦੁਕਾਨਾਂ, ਬਾਜ਼ਾਰ ਅਤੇ ਸੰਸਥਾਵਾਂ ਖੋਲ੍ਹਣ ਦੀ ਉਚਿਤ ਵਿਵਸਥਾ ਕਰੇ, ਨਹੀਂ ਤਾਂ ਮਿੰਨੀ ਲਾਕਡਾਊਨ ਦੀ ਬਜਾਏ ਕੁਝ ਹਫਤਿਆਂ ਲਈ ਪੂਰਨ ਲਾਕਡਾਊਨ ਲਾ ਦਿਓ ਤਾਂ ਕਿ ਕੋਰੋਨਾ ਇਨਫੈਕਸ਼ਨ ਦੀ ਚੇਨ ਟੁੱਟ ਸਕੇ।

ਜਦੋਂ ਠੇਕੇ ਖੁੱਲ੍ਹ ਸਕਦੇ ਹਨ ਤਾਂ ਹੋਟਲਾਂ ’ਚ ਬਾਰ ਖੋਲ੍ਹਣ ਦੀ ਵੀ ਦਿਓ ਮਨਜ਼ੂਰੀ : ਮਹਿੰਦਰਪਾਲ, ਐੱਸ. ਪੀ. ਅਰੋੜਾ
ਹੋਟਲ ਐਂਡ ਰੈਸਟੋਰੈਂਟਸ ਐਸੋਸੀਏਸ਼ਨ ਦੇ ਅਹੁਦੇਦਾਰ ਮਹਿੰਦਰਪਾਲ ਅਤੇ ਐੱਸ. ਪੀ. ਅਰੋੜਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਲੈ ਕੇ ਲੱਗੀਆਂ ਪਾਬੰਦੀਆਂ ਦਾ ਸਭ ਤੋਂ ਵੱਧ ਖਮਿਆਜ਼ਾ ਹੋਟਲਾਂ, ਮੈਰਿਜ ਪੈਲੇਸਾਂ ਅਤੇ ਰੈਸਟੋਰੈਂਟ ਮਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੇ ਹੋਟਲਾਂ ਅਤੇ ਮੈਰਿਜ ਪੈਲੇਸਾਂ ਵਿਚ ਇਕ ਹਜ਼ਾਰ ਤੱਕ ਲੋਕਾਂ ਦੀ ਗੈਦਰਿੰਗ ਦੀ ਵਿਵਸਥਾ ਹੈ ਪਰ ਸਰਕਾਰ ਨੇ ਸਿਰਫ 10 ਲੋਕਾਂ ਲਈ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੱਤੀ ਹੈ।
ਮਹਿੰਦਰਪਾਲ ਅਤੇ ਐੱਸ. ਪੀ. ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਸਮਰੱਥਾ ਦੇ ਹਿਸਾਬ ਨਾਲ ਘੱਟ ਤੋਂ ਘੱਟ 100 ਲੋਕਾਂ ਦੇ ਪ੍ਰੋਗਰਾਮ ਦੀ ਮਨਜ਼ੂਰੀ ਦਿੱਤੀ ਜਾਵੇ। ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਹਨ ਪਰ ਹੋਟਲਾਂ ਅਤੇ ਰੈਸਟੋਰੈਂਟ ਸੰਚਾਲਕਾਂ ਨੇ ਬਾਰ ਲਾਇਸੈਂਸ ਵਾਸਤੇ 5 ਤੋਂ 10 ਲੱਖ ਰੁਪਏ ਟੈਕਸ ਅਦਾ ਕੀਤਾ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਵੀ ਠੇਕਿਆਂ ਵਾਂਗ ਬਾਰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਵੇ।

ਕਈ ਮਹੀਨਿਆਂ ਦਾ ਕੂਲਰਾਂ, ਪੱਖਿਆਂ ਅਤੇ ਏ. ਸੀਜ਼ ਦਾ ਸਟਾਕ ਮਈ ਮਹੀਨੇ ਵਿਚ ਹੀ ਵਿਕਦਾ ਹੈ : ਬਲਜੀਤ, ਅਮਿਤ, ਜੁਆਏ
ਫਗਵਾੜਾ ਗੇਟ ਇਲੈਕਟ੍ਰਾਨਿਕ ਅਤੇ ਇਲੈਕਟ੍ਰੀਕਲ ਐਸੋਸੀਏਸ਼ਨਾਂ ਨਾਲ ਸਬੰਧਤ ਬਲਜੀਤ ਸਿੰਘ ਆਹਲੂਵਾਲੀਆ, ਅਮਿਤ ਸਹਿਗਲ, ਜੁਆਏ ਮਲਿਕ ਆਦਿ ਨੇ ਕਿਹਾ ਕਿ ਮਈ ਮਹੀਨੇ ਵਿਚ ਉਨ੍ਹਾਂ ਦਾ ਪੱਖਿਆਂ, ਕੂਲਰਾਂ ਅਤੇ ਏ. ਸੀਜ਼ ਦਾ ਸੀਜ਼ਨ ਹੁੰਦਾ ਹੈ। ਕਾਰੋਬਾਰੀ 11 ਮਹੀਨਿਆਂ ਤੱਕ ਉਕਤ ਸਮਾਨ ਨੂੰ ਸਟਾਕ ਕਰਦੇ ਹਨ, ਜਦੋਂ ਕਿ ਇਸ ਮਹੀਨੇ ਗਰਮੀ ਦੀ ਸ਼ੁਰੂਆਤ ਵਿਚ ਕੂਲਰ, ਪੱਖੇ ਅਤੇ ਏ. ਸੀ. ਵਿਕਦੇ ਹਨ। ਮਿੰਨੀ ਲਾਕਡਾਊਨ ਵਿਚ ਬਿਜਲੀ ਦੇ ਉਤਪਾਦ ਅਤੇ ਸਾਮਾਨ ਵੇਚਣ ਵਾਲੀਆਂ ਦੁਕਾਨਾਂ ’ਤੇ ਲੱਗੀਆਂ ਪਾਬੰਦੀਆਂ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਜਾਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਿਨ ਵਿਚ ਕੁਝ ਘੰਟੇ ਹਰ ਤਰ੍ਹਾਂ ਦੇ ਕਾਰੋਬਾਰੀਆਂ ਨੂੰ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦੇਵੇ।


shivani attri

Content Editor

Related News