ਮਕਸੂਦਾਂ ਸਬਜ਼ੀ ਮੰਡੀ ਦੇ ਪਾਰਕਿੰਗ ਵਿਵਾਦ ’ਤੇ ਚੰਡੀਗੜ੍ਹ ’ਚ ਰੱਖੀ ਜਾ ਰਹੀ ਨਜ਼ਰ, ਹੋ ਸਕਦੀ ਹੈ ਵੱਡੀ ਕਾਰਵਾਈ

05/22/2023 4:59:52 PM

ਜਲੰਧਰ (ਵਰੁਣ)– ਮਕਸੂਦਾਂ ਸਬਜ਼ੀ ਮੰਡੀ ਦੇ ਪਾਰਕਿੰਗ ਠੇਕੇ ਦੀ ਮਨਮਰਜ਼ੀ ਕਾਰਨ ਛਿੜੇ ਵਿਵਾਦ ’ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਚੰਡੀਗੜ੍ਹ ਤੋਂ ਨਜ਼ਰ ਰੱਖੀ ਬੈਠੇ ਹਨ। ਚੇਅਰਮੈਨ ਹਰਚੰਦ ਸਿੰਘ ਬਰਸਟ ਇਸ ਸਾਰੇ ਵਿਵਾਦ ’ਤੇ ਆਉਣ ਵਾਲੇ ਦਿਨਾਂ ’ਚ ਵੱਡੇ ਕਦਮ ਚੁੱਕ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਠੇਕੇਦਾਰ ਨਹੀਂ ਮੰਨਿਆ ਤਾਂ ਠੇਕਾ ਰੱਦ ਕਰਨ ਦੀ ਵੀ ਨੌਬਤ ਆ ਸਕਦੀ ਹੈ। ਹਾਲਾਂਕਿ ਸੋਮਵਾਰ ਨੂੰ ਠੇਕੇਦਾਰ ਮਾਰਕੀਟ ਕਮੇਟੀ ਵਲੋਂ ਭੇਜੇ ਗਏ ਨੋਟਿਸ ਦਾ ਜਵਾਬ ਦੇ ਸਕਦਾ ਹੈ, ਜਿਸ ਤੋਂ ਬਾਅਦ ਉਸ ਦੇ ਵਿਰੁੱਧ ਵਿਭਾਗੀ ਕਾਰਵਾਈ ਹੋਣੀ ਤੈਅ ਹੈ।

ਐਤਵਾਰ ਨੂੰ ਵੀ ਮਕਸੂਦਾਂ ਸਬਜ਼ੀ ਮੰਡੀ ’ਚ ਆਉਣ ਵਾਲੇ ਵਾਹਨਾਂ ਤੋਂ 3 ਗੁਣਾ ਹੀ ਫ਼ੀਸ ਵਸੂਲੀ ਗਈ। ਹੈਰਾਨੀ ਦੀ ਗੱਲ ਹੈ ਕਿ ਮਾਮਲਾ ਇੰਨਾ ਵਿਗੜ ਜਾਣ ਤੋਂ ਬਾਅਦ ਵੀ ਠੇਕੇਦਾਰ ’ਤੇ ਕੋਈ ਅਸਰ ਨਹੀਂ ਤੇ ਉਸ ਦੇ ਕਰਿੰਦੇ ਮਨਮਰਜ਼ੀ ਨਾਲ ਹੀ ਪੈਸੇ ਵਸੂਲ ਰਹੇ ਹਨ। ਹਾਲਾਂਕਿ ਕਮੇਟੀ ਵਲੋਂ ਮੰਡੀ ਦੇ ਗੇਟਾਂ ’ਤੇ ਫਲੈਕਸ ਬੋਰਡ ਲਗਵਾ ਕੇ ਸਰਕਾਰੀ ਫੀਸ ਤੋਂ ਵੱਧ ਪੈਸੇ ਨਾ ਦੇਣ ਨੂੰ ਕਹਿ ਚੁੱਕੇ ਹਨ ਪਰ ਉਸ ਦੇ ਬਾਵਜੂਦ ਠੇਕੇਦਾਰ ਦੀ ਗੁੰਡਾਗਰਦੀ ਕੀਤੀ ਜਾ ਹੀ ਹੈ। ਵੱਧ ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਵਾਹਨ ਚਾਲਕਾਂ ਨੂੰ ਧਮਕਾਇਆ ਜਾਂਦਾ ਹੈ ਤੇ ਕਈਆਂ ਨਾਲ ਮਾਰ-ਕੁਟਾਈ ਵੀ ਕੀਤੀ ਜਾ ਰਹੀ ਹੈ। ਦੋ-ਦੋ ਨੋਟਿਸ ਜਾਰੀ ਹੋਣ ਦੇ ਬਾਵਜੂਦ ਪਾਰਕਿੰਗ ਠੇਕੇਦਾਰ ’ਤੇ ਕੋਈ ਅਸਰ ਨਹੀਂ ਵਿਖਾਈ ਦੇ ਰਿਹਾ। ਸਾਫ਼ ਹੈ ਕਿ ਸਿਆਸੀ ਸ਼ੈਅ ਹੋਣ ਕਾਰਨ ਠੇਕੇਦਾਰ ਹਰ ਤਰ੍ਹਾਂ ਦੇ ਨਿਯਮਾਂ ਨੂੰ ਤੋੜ ਕੇ ਆਪਣੀ ਮਨਮਰਜ਼ੀ ਕਰ ਰਿਹਾ ਹੈ।

ਇਹ ਵੀ ਪੜ੍ਹੋ -ਇਕ ਹੋਰ ਵੱਡੇ ਐਕਸ਼ਨ ਦੀ ਤਿਆਰੀ 'ਚ ਪੰਜਾਬ ਸਰਕਾਰ, ਇਸ ਖੇਤਰ 'ਚ ਸਥਾਪਤ ਹੋਵੇਗਾ ਡਿਟੈਕਟਿਵ ਵਿੰਗ

ਪਾਰਕਿੰਗ ਠੇਕੇਦਾਰ ਦੀ ਹਰ ਪਾਸਿਓਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਜਲਦੀ ਹੀ ਉਸ ਦੇ ਵਿਰੁੱਧ ਕਿਸਾਨ ਮੰਡੀ ਲਾਉਣ ਵਾਲੇ ਧਰਨਾ ਵੀ ਲਾ ਸਕਦੇ ਹਨ। ਦੂਸਰੇ ਪਾਸੇ ਨਾਜਾਇਜ਼ ਸ਼ੈੱਡਾਂ ਨੂੰ ਡੇਗਣ ਲਈ ਕੁਝ ਆੜ੍ਹਤੀਆਂ ਨੇ 15 ਮਈ ਤਕ ਦਾ ਸਮਾਂ ਮੰਗਿਆ ਸੀ। ਉਨ੍ਹਾਂ ਕਮੇਟੀ ਨੂੰ 15 ਮਈ ਤੋਂ ਪਹਿਲਾਂ-ਪਹਿਲਾਂ ਨਾਜਾਇਜ਼ ਸ਼ੈੱਡ ਡੇਗਣ ਦਾ ਭਰੋਸਾ ਦਿੱਤਾ ਸੀ ਪਰ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਨਾਜਾਇਜ਼ ਸ਼ੈੱਡ ਨਹੀਂ ਡੇਗੇ ਗਏ। ਨਾਜਾਇਜ਼ ਸ਼ੈੱਡ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ’ਤੇ ਵੀ ਸਿਆਸੀ ਦਬਾਅ ਹੈ, ਜਿਸ ਕਾਰਨ ਉਹ ਵੀ ਢਿੱਲੀ ਪ੍ਰਕਿਰਿਆ ਨਾਲ ਹੀ ਚੱਲ ਰਹੇ ਹਨ। ਇਸ ਸਬੰਧੀ ਜਦੋਂ ਪੰਜਾਬ ਮੰਡੀ ਬੋਰਡ (ਚੰਡੀਗੜ੍ਹ) ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਾਰਕਿੰਗ ਵਿਵਾਦ ਉਨ੍ਹਾਂ ਦੇ ਧਿਆਨ ’ਚ ਹੈ।

ਉਨ੍ਹਾਂ ਨੇ ਕਿਹਾ ਕਿ ਕਾਨੂੰਨ ਦੇ ਹਿਸਾਬ ਨਾਲ ਠੇਕੇਦਾਰ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਉਸ ਦੇ ਜਵਾਬ ਦੀ ਉਡੀਕ ਕੀਤੀ ਜਾਵੇਗੀ, ਜਿਸ ਤੋਂ ਬਾਅਦ ਵਿਭਾਗ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਠੇਕੇਦਾਰ ਨਹੀਂ ਸੁਧਰਿਆ ਤਾਂ ਠੇਕਾ ਰੱਦ ਕਰਨ ਦੀ ਨੌਬਤ ਆਈ ਤਾਂ ਉਸ ਦਾ ਲਿਹਾਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀ ’ਚ ਕਿਸੇ ਤਰ੍ਹਾਂ ਨਾਲ ਨਿਯਮ ਕਾਨੂੰਨ ਨੂੰ ਆਪਣੇ ਹੱਥ ’ਚ ਨਹੀਂ ਲੈਣ ਦਿੱਤਾ ਜਾਵੇਗਾ। ਨਾਜਾਇਜ਼ ਸ਼ੈੱਡਾਂ ਦੀ ਗੱਲ ਕਰਨ ’ਤੇ ਚੇਅਰਮੈਨ ਬਰਸਟ ਨੇ ਕਿਹਾ ਕਿ ਜੇਕਰ ਜਲੰਧਰ ਮਕਸੂਦਾਂ ਮੰਡੀ ਦੇ ਅੰਦਰ ਨਾਜਾਇਜ਼ ਸ਼ੈੱਡ ਬਣਾਏ ਗਏ ਹਨ ਤਾਂ ਉਨ੍ਹਾਂ ਨੂੰ ਜ਼ਰੂਰ ਢਹਿ-ਢੇਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ -ਫਿਲੌਰ: ਕਲਯੁਗੀ ਮਾਂ ਦਾ ਰੂਹ ਕੰਬਾਊ ਕਾਰਾ, 10 ਸਾਲਾ ਬੱਚੀ ਦੇ ਸਰੀਰ 'ਤੇ ਦਾਗੇ ਗਰਮ ਸਰੀਏ, ਪ੍ਰਾਈਵੇਟ ਪਾਰਟ ਤੱਕ ਨਹੀਂ ਛੱਡਿਆ

ਠੇਕੇਦਾਰ ਨਾਲ ਸੈਟਿੰਗ ਕਰਦੇ ਵਾਇਰਲ ਹੋਈ ਅਧਿਕਾਰੀ ਦੀ ਵੀਡਓ ਦੀ ਜਾਂਚ ਸ਼ੁਰੂ
ਗੱਡੀ ਤੇ ਫਿਰ ਇਕ ਸਵੀਟਸ ਸ਼ਾਪ ਦੇ ਅੰਦਰ ਬੈਠ ਕੇ ਠੇਕੇਦਾਰ ਨਾਲ ਸੈਟਿੰਗ ਕਰਦੇ ਤੇ ਕਥਿਤ ਤੌਰ ’ਤੇ ਪੈਸੇ ਫੜਨ ਦੌਰਾਨ ਦੀ ਵਾਇਰਲ ਹੋਈ ਪੰਜਾਬ ਮੰਡੀ ਬੋਰਡ ਚੰਡੀਗੜ੍ਹ ਦੇ ਅਧਿਕਾਰੀ ਦੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਵੀਡੀਓ ਉਨ੍ਹਾਂ ਕੋਲ ਆ ਗਈ ਹੈ, ਜਿਸ ਦੀ ਜਾਂਚ ਹੋ ਰਹੀ ਹੈ। ਹਾਲਾਂਕਿ ਉਕਤ ਅਧਿਕਾਰੀ ਨੂੰ ਪਹਿਲਾਂ ਤੋਂ ਹੀ ਇਕ ਇਸ ਤਰ੍ਹਾਂ ਦੇ ਮਾਮਲੇ ’ਚ ਨੋਟਿਸ ਜਾਰੀ ਹੋ ਚੁੱਕਾ ਹੈ ਪਰ ਵੀਡੀਓ ਦੇ ਸਬੂਤ ਆਉਣ ਤੋਂ ਬਾਅਦ ਅਧਿਕਾਰੀ ਦੀਆਂ ਮੁਸ਼ਕਲਾਂ ਵਧ ਗਈਆਂ ਹੈ, ਜਿਸ ਕਾਰਨ ਉਸ ਖ਼ਿਲਾਫ਼ ਵਿਜੀਲੈਂਸ ਵੀ ਐਕਸ਼ਨ ਲੈ ਸਕਦੀ ਹੈ, ਜਦਕਿ ਵਿਭਾਗੀ ਕਾਰਵਾਈ ਤਾਂ ਤੈਅ ਹੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri