ਮਕਸੂਦਾਂ ਮੰਡੀ ਦਾ ਹਾਲ, ਕੁਝ ਹੀ ਦਿਨਾਂ ’ਚ 60 ਫੁੱਟ ਤੋਂ ਵੱਧ ਥਾਵਾਂ ’ਤੇ ਸ਼ੈੱਡ ਬਣਾ ਕੇ ਕਬਜ਼ਾ ਕਰ ਗਏ ਆੜ੍ਹਤੀ

07/11/2022 5:39:26 PM

ਜਲੰਧਰ (ਵਰੁਣ)– ਮਕਸੂਦਾਂ ਮੰਡੀ ’ਚ ਬੀਤੇ ਕੁਝ ਦਿਨਾਂ ਤੋਂ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਆੜ੍ਹਤੀਆਂ ਵੱਲੋਂ ਸਰਕਾਰੀ ਥਾਵਾਂ ’ਤੇ ਸ਼ੈੱਡ ਪਾ ਕੇ 60 ਫੁੱਟ ਤੋਂ ਵੀ ਵੱਧ ਮਾਰਕੀਟ ਕਮੇਟੀ ਦੀ ਥਾਂ ’ਤੇ ਕਬਜ਼ੇ ਕਰ ਲਏ ਗਏ। ਸ਼ਰੇਆਮ ਹੋਏ ਇਨ੍ਹਾਂ ਕਬਜ਼ਿਆਂ ਨੂੰ ਲੈ ਕੇ ਮਾਰਕੀਟ ਕਮੇਟੀ ਅੱਖਾਂ ਬੰਦ ਕਰੀ ਬੈਠੀ ਹੈ। ਇਥੋਂ ਤਕ ਕਿ ਕੁਝ ਆੜ੍ਹਤੀ ਉਥੇ ਖੁਦ ਦੀ ਪ੍ਰਚੂਨ ’ਚ ਸਬਜ਼ੀ ਵਿਕਵਾ ਰਹੇ ਹਨ, ਜਦਕਿ ਕੁਝ ਨੇ ਥੋਕ ਅਤੇ ਪ੍ਰਚੂਨ ਵਾਲਿਆਂ ਨੂੰ ਕਿਰਾਏ ’ਤੇ ਦੇ ਦਿੱਤੀ ਹੈ।

ਕਾਨੂੰਨ ਅਨੁਸਾਰ ਮਕਸੂਦਾਂ ਮੰਡੀ ’ਚ ਕੋਈ ਵੀ ਆੜ੍ਹਤੀ ਸ਼ੈੱਡ ਨਹੀਂ ਪਾ ਸਕਦਾ ਪਰ ਇਸ ਸਮੇਂ ਹਾਲਾਤ ਇਹ ਹਨ ਕਿ ਕੁਝ ਤਾਂ ਸ਼ੈੱਡ ਪਾ ਚੁੱਕੇ ਹਨ ਪਰ ਕੁਝ ਉਨ੍ਹਾਂ ਨਾਜਾਇਜ਼ ਸ਼ੈੱਡਾਂ ਤੋਂ ਵੀ ਕਮਾਈ ਕਰ ਰਹੇ ਹਨ। ਆੜ੍ਹਤੀ ਉਨ੍ਹਾਂ ਸ਼ੈੱਡਾਂ ਨੂੰ 4 ਤੋਂ 8 ਹਜ਼ਾਰ ਤੱਕ ਕਿਰਾਏ ’ਤੇ ਦੇ ਚੁੱਕੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਉਨ੍ਹਾਂ ਨਾਜਾਇਜ਼ ਸ਼ੈੱਡਾਂ ’ਤੇ ਗੈਰ-ਕਾਨੂੰਨੀ ਢੰਗ ਨਾਲ ਬਿਜਲੀ ਦਾ ਕੁਨੈਕਸ਼ਨ ਵੀ ਦਿੱਤਾ ਹੋਇਆ ਹੈ।
ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਸੰਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਲ ਹੀ ’ਚ ਉਨ੍ਹਾਂ ਚਾਰਜ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਕਿਹੜੇ ਲੋਕਾਂ ਨੇ ਕਬਜ਼ੇ ਕਰ ਲਏ ਹਨ। ਇਸ ਤਰ੍ਹਾਂ ਕੋਈ ਵੀ ਸ਼ੈੱਡ ਨਹੀਂ ਪਾ ਸਕਦਾ। ਜੇਕਰ ਕਿਸੇ ਨੇ ਵੀ ਨਾਜਾਇਜ਼ ਢੰਗ ਨਾਲ ਸ਼ੈੱਡ ਪਾਏ ਹੋਏ ਹਨ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਦਾ ਪਿਆਰ ਚੜ੍ਹਿਆ ਪਰਵਾਨ, ਪਾਕਿਸਤਾਨ ਦੀ ਸ਼ੁਮਾਇਲਾ ਨੇ ਜਲੰਧਰ ਦੇ ਮੁੰਡੇ ਨਾਲ ਕੀਤਾ ਵਿਆਹ

ਮੰਡੀ ’ਚ ਸੜਕ ਤਕ ਪਹੁੰਚ ਗਈਆਂ ਰੇਹੜੀਆਂ ਅਤੇ ਫੜ੍ਹੀਆਂ
ਮਕਸੂਦਾਂ ਮੰਡੀ ’ਚ ਹੁਣ ਸੜਕਾਂ ਤਕ ਕਬਜ਼ੇ ਹੋ ਚੁੱਕੇ ਹਨ। ਰੇਹੜੀ ਵਾਲਿਆਂ ਤੋਂ ਇਲਾਵਾ ਫੜ੍ਹੀਆਂ ਵਾਲੇ ਵੀ ਸੜਕਾਂ ’ਤੇ ਕਬਜ਼ਾ ਕਰ ਚੁੱਕੇ ਹਨ। ਹੈਰਾਨੀ ਦੀ ਗੱਲ ਹੈ ਕਿ ਮਾਰਕੀਟ ਕਮੇਟੀ ਦੇ ਕਰਮਚਾਰੀ ਇਸ ਮਾਮਲੇ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕ ਰਹੇ। ਇਸ ਤੋਂ ਇਲਾਵਾ ਗੰਦਗੀ ਨੂੰ ਚੁੱਕਣ ਲਈ ਵੀ ਕੋਈ ਯਤਨ ਨਹੀਂ ਕੀਤੇ ਜਾ ਰਹੇ।

ਨਵੇਂ ਆਏ ਸੈਕਟਰੀ ’ਤੇ ਆਸ
ਮਕਸੂਦਾਂ ਮੰਡੀ ’ਚ ਚੱਲ ਰਹੀ ਅਵਿਵਸਥਾ ਨੂੰ ਲੈ ਕੇ ਇਸ ਸਮੇਂ ਮਾਰਕੀਟ ਕਮੇਟੀ ਦੇ ਨਵੇਂ ਸੈਕਟਰੀ ਸੰਜੀਵ ਕੁਮਾਰ ਤੋਂ ਐਕਸ਼ਨ ਦੀ ਆਸ ਹੈ। ਉਹ ਸਖ਼ਤ ਅਧਿਕਾਰੀ ਵਜੋਂ ਤਾਂ ਜਾਣੇ ਹੀ ਜਾਂਦੇ ਹਨ, ਉਨ੍ਹਾਂ ਦਾ ਅਕਸ ਵੀ ਈਮਾਨਦਾਰੀ ਵਾਲਾ ਹੈ। ਜਲਦ ਮੰਡੀ ’ਚ ਚੱਲ ਰਹੀ ਅਵਿਵਸਥਾ ਨੂੰ ਲੈ ਕੇ ਸੈਕਟਰੀ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਪੁੱਤ ਹੋਇਆ ਕਪੁੱਤ, ਫਗਵਾੜਾ ਵਿਖੇ ਭੂਆ ਨਾਲ ਮਿਲ ਕੇ ਵੇਲਣੇ ਨਾਲ ਮਾਂ ਨੂੰ ਕੁੱਟਿਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News