ਦੂਜੇ ਦਿਨ ਵੀ ਧੜੱਲੇ ਨਾਲ ਵਸੂਲੀ ਗਈ ਵਾਹਨ ਚਾਲਕਾਂ ਤੋਂ 3 ਗੁਣਾ ਫ਼ੀਸ, ਮਾਰਕੀਟ ਕਮੇਟੀ ਨੇ ਨੋਟਿਸ ਕੀਤਾ ਜਾਰੀ

05/18/2023 1:47:04 PM

ਜਲੰਧਰ (ਵਰੁਣ)– ਮਕਸੂਦਾਂ ਸਬਜ਼ੀ ਮੰਡੀ ਦਾ ਪਾਰਕਿੰਗ ਠੇਕਾ ਲੈਣ ਵਾਲੇ ਠੇਕੇਦਾਰ ਨੇ ਦੂਜੇ ਦਿਨ ਵੀ ਮੰਡੀ ਦੇ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਵਾਹਨ ਚਾਲਕਾਂ ਤੋਂ ਤਿੰਨ ਗੁਣਾ ਪੈਸੇ ਵਸੂਲੇ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੇ ਧਿਆਨ ਵਿਚ ਸਾਰਾ ਮਾਮਲਾ ਆਇਆ ਤਾਂ ਕਮੇਟੀ ਦੇ ਸੈਕਰੇਟਰੀ ਸੁਰਿੰਦਰ ਪਾਲ ਨੇ ਮੌਕੇ ’ਤੇ ਜਾ ਕੇ ਵਿਜ਼ਿਟ ਕੀਤੀ, ਜਿਸ ਤੋਂ ਬਾਅਦ ਠੇਕੇਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ। ਕਮੇਟੀ ਨੇ ਠੇਕੇਦਾਰ ਨੂੰ 24 ਘੰਟਿਆਂ ਅੰਦਰ ਜਵਾਬ ਦੇਣ ਦੇ ਹੁਕਮ ਦਿੱਤੇ। ਬਾਬਾ ਦੀਪ ਸਿੰਘ ਐਂਟਰਪ੍ਰਾਈਜ਼ਿਜ਼ ਕੰਪਨੀ ਵੱਲੋਂ ਜਿਵੇਂ ਹੀ 16 ਮਈ ਨੂੰ ਠੇਕੇ ਦਾ ਚਾਰਜ ਲਿਆ ਗਿਆ ਤਾਂ ਮੰਡੀ ਵਿਚ ਆਉਣ ਵਾਲੇ ਵਾਹਨਾਂ ਤੋਂ ਤਿੰਨ ਗੁਣਾ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ। ਪਿਛਲੇ ਸਾਲ ਤੋਂ 1.52 ਕਰੋੜ ਰੁਪਏ ਦੇ ਵਾਧੇ ਨਾਲ ਠੇਕਾ ਲੈਣ ਵਾਲੀ ਉਕਤ ਕੰਪਨੀ ਨੇ ਖੁਦ ਦੀ ਮਰਜ਼ੀ ਨਾਲ ਹੀ ਰੇਟ ਵਧਾ ਦਿੱਤਾ, ਜਿਸ ਦੇ ਵਿਰੋਧ ਵਿਚ ਕਿਸਾਨਾਂ ਨੇ ਬੀਤੀ ਦੇਰ ਰਾਤ ਮੰਡੀ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਸਨ ਪਰ ਉਨ੍ਹਾਂ ਨੂੰ ਭਰੋਸਾ ਦੇ ਕੇ ਉਥੋਂ ਭੇਜ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ - ਕੁਦਰਤੀ ਸਾਧਨਾਂ ਦੀ ਸੁਰੱਖਿਆ ’ਤੇ ਧਿਆਨ ਦੇਣ ਦੀ ਲੋੜ, ਜਲਵਾਯੂ ਬਦਲਾਅ ਧਰਤੀ ਲਈ ਬਣਿਆ ਸਭ ਤੋਂ ਵੱਡਾ ਸੰਕਟ

ਬੁੱਧਵਾਰ ਸਵੇਰੇ ਜਿਵੇਂ ਹੀ ਠੇਕੇਦਾਰ ਦੇ ਕਰਿੰਦਿਆਂ ਨੇ ਤਿੰਨ ਗੁਣਾ ਪੈਸੇ ਵਸੂਲਣੇ ਸ਼ੁਰੂ ਕੀਤੇ ਤਾਂ ਕੁਝ ਲੋਕਾਂ ਵੱਲੋਂ ਉਥੇ ਹੰਗਾਮਾ ਵੀ ਕੀਤਾ ਗਿਆ। ਮਾਹੌਲ ਵਿਗੜਦੇ ਵੇਖ ਕਰਿੰਦਿਆਂ ਨੇ ਉਨ੍ਹਾਂ ਤੋਂ ਸਰਕਾਰੀ ਤੈਅ ਫੀਸ ਲੈ ਕੇ ਜਾਣ ਦਿੱਤਾ ਪਰ ਦੁਬਾਰਾ ਫਿਰ ਤਿੰਨ ਗੁਣਾ ਫ਼ੀਸ ਵਸੂਲਣੀ ਸ਼ੁਰੂ ਕਰ ਦਿੱਤੀ। ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਅਜਿਹੀ ਮਨਮਰਜ਼ੀ ਕਰ ਕੇ ਆਮ ਲੋਕਾਂ ’ਤੇ ਬੋਝ ਪਾਇਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਖੁਦ ਦੀ ਮਨਮਰਜ਼ੀ ਚਲਾਉਣ ਲਈ ਠੇਕੇਦਾਰ ਕੁਝ ਸੱਤਾਧਾਰੀ ਨੇਤਾਵਾਂ ਨਾਲ ਵੀ ਸੰਪਰਕ ਕਰਨ ਦੀ ਫਿਰਾਕ ਵਿਚ ਹੈ। ਠੇਕੇਦਾਰ ਨੇ ਬੁੱਧਵਾਰ ਨੂੰ ਵੀ ਸ਼ਰੇਆਮ ਦੋਪਹੀਆ ਵਾਹਨ ਚਾਲਕਾਂ ਤੋਂ 20-20 ਰੁਪਏ ਇਕੱਠੇ ਕੀਤੇ, ਹਾਲਾਂਕਿ ਕੁਝ ਲੋਕਾਂ ਨੂੰ ਤਾਂ ਵਿਰੋਧ ਕਰਨ ’ਤੇ ਧਮਕਾਇਆ ਵੀ ਗਿਆ, ਜਿਸ ਕਾਰਨ ਉਨ੍ਹਾਂ ਨੂੰ ਪੈਸੇ ਦੇ ਕੇ ਹੀ ਜਾਣਾ ਪਿਆ ਪਰ ਜਦੋਂ ਵਿਰੋਧੀਆਂ ਦੀ ਭੀੜ ਇਕੱਠੀ ਹੁੰਦੀ ਹੈ ਤਾਂ ਕਰਿੰਦੇ ਸਰਕਾਰੀ ਫੀਸ ਲੈਣਾ ਸ਼ੁਰੂ ਕਰ ਦਿੰਦੇ ਹਨ। ਅਜੇ ਤੱਕ ਠੇਕੇਦਾਰ ਦੀ ਮਨਮਰਜ਼ੀ ਖ਼ਿਲਾਫ਼ ਆੜ੍ਹਤੀਆਂ ਨੇ ਕੋਈ ਐਕਸ਼ਨ ਨਹੀਂ ਲਿਆ। ਇਹ ਵੀ ਦੱਸ ਦੇਈਏ ਕਿ ਇਸ ਕੰਪਨੀ ਨੇ ਠੇਕਾ ਤਾਂ ਪਾਰਕਿੰਗ ਦਾ ਲਿਆ ਹੈ ਪਰ ਪਰਚੀ ’ਤੇ ਐਂਟਰੀ ਫ਼ੀਸ ਲਿਖੀ ਹੋਈ ਹੈ।

ਪੀ. ਸੀ. ਆਰ. ਟੀਮ ਚਲਵਾ ਰਹੀ ਦੇਰ ਰਾਤ ਮੰਡੀ ਦੇ ਅੰਦਰ ਖੁੱਲ੍ਹਣ ਵਾਲੀਆਂ ਦੁਕਾਨਾਂ?
ਮਕਸੂਦਾਂ ਸਬਜ਼ੀ ਮੰਡੀ ਦੇ ਅੰਦਰ ਪੀ. ਸੀ. ਆਰ. ਟੀਮ ਸਿਗਰਟ, ਤੰਬਾਕੂ ਅਤੇ ਹੋਰ ਸਾਮਾਨ ਦੀਆਂ ਦੁਕਾਨਾਂ ਖੁਲ੍ਹਵਾ ਕੇ ਚਲਵਾ ਰਹੀ ਹੈ। ਮੰਗਲਵਾਰ ਦੀ ਦੇਰ ਰਾਤ ਜਦੋਂ ਕਿਸਾਨਾਂ ਨੇ ਮਕਸੂਦਾਂ ਸਬਜ਼ੀ ਮੰਡੀ ਦੇ ਗੇਟਾਂ ਨੂੰ ਬੰਦ ਕਰ ਦਿੱਤਾ ਤਾਂ ਕੁਝ ਲੋਕ ਮੰਡੀ ਦੇ ਅੰਦਰ ਚੱਕਰ ਲਗਾਉਣ ਚਲੇ ਗਏ। ਉਨ੍ਹਾਂ ਨੇ ਉਥੇ ਖੁੱਲ੍ਹੀ ਇਕ ਦੁਕਾਨ ਤੋਂ ਬਿਸਕੁਟ ਦਾ ਪੈਕੇਟ ਮੰਗਿਆ ਤਾਂ 5 ਰੁਪਏ ਦੀ ਕੀਮਤ ਦਾ ਪੈਕੇਟ 10 ਰੁਪਏ ਵਿਚ ਵੇਚਿਆ ਗਿਆ। ਇਸੇ ਦੌਰਾਨ ਉਥੇ ਪੀ. ਸੀ. ਆਰ. ਟੀਮ ਪਹੁੰਚੀ। ਬਾਈਕ ਦੇ ਪਿੱਛੇ ਬੈਠਾ ਮੁਲਾਜ਼ਮ ਦੁਕਾਨਦਾਰ ਦੇ ਕੋਲ ਆਇਆ ਅਤੇ ਗੱਲਾਂ ਕਰਨ ਲੱਗਾ।

ਇਹ ਵੀ ਪੜ੍ਹੋ - ਜਲੰਧਰ ਸ਼ਹਿਰ 'ਚ ਹੋਵੇਗਾ 2 ਲੱਖ ਘਰਾਂ ਦਾ ਸਰਵੇ, ਫਿਰ ਲੱਗਣਗੀਆਂ UID ਨੰਬਰ ਵਾਲੀਆਂ ਪਲੇਟਾਂ, ਜਾਣੋ ਕਿਉਂ

ਇਸੇ ਦੌਰਾਨ ਮੁਲਾਜ਼ਮ ਨੂੰ ਕਿਹਾ ਗਿਆ ਕਿ ਉਕਤ ਦੁਕਾਨਦਾਰ ਜ਼ਿਆਦਾ ਪੈਸੇ ਵਸੂਲ ਰਿਹਾ ਹੈ ਤਾਂ ਪੀ. ਸੀ.ਆਰ. ਮੁਲਾਜ਼ਮ ਨੇ ਕਿਹਾ ਕਿ ਉਹ ਜ਼ਬਰਦਸਤੀ ਨਹੀਂ ਵੇਚ ਰਿਹਾ, ਤੁਸੀਂ ਕਿਸੇ ਹੋਰ ਤੋਂ ਲੈ ਲਓ। ਇੰਨਾ ਲਾਪ੍ਰਵਾਹ ਜਵਾਬ ਮਿਲਣ ਤੋਂ ਬਾਅਦ ਉਕਤ ਲੋਕ ਉਥੋਂ ਚਲੇ ਗਏ ਪਰ ਬਾਅਦ ਵਿਚ ਵੇਖਿਆ ਤਾਂ ਮੁਲਾਜ਼ਮ ਉਸ ਦੁਕਾਨਦਾਰ ਤੋਂ ਫ੍ਰੀ ਵਿਚ ਕੂਲਲਿਪ (ਤੰਬਾਕੂ) ਅਤੇ ਹੋਰ ਸਾਮਾਨ ਲੈ ਕੇ ਉਥੋਂ ਚਲਾ ਗਿਆ। ਦੁਕਾਨਦਾਰ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਉਕਤ ਮੁਲਾਜ਼ਮ ਹੀ ਉਨ੍ਹਾਂ ਦੀ ਮਦਦ ਕਰਦੇ ਹਨ, ਜਿਸ ਕਾਰਨ ਉਨ੍ਹਾਂ ਤੋਂ ਪੈਸੇ ਨਹੀਂ ਲਏ ਜਾਂਦੇ। ਹੈਰਾਨੀ ਦੀ ਗੱਲ ਹੈ ਕਿ ਪੀ. ਸੀ. ਆਰ. ਮੁਲਾਜ਼ਮਾਂ ਦੀ ਸ਼ਹਿ ’ਤੇ ਦੇਰ ਰਾਤ ਤੱਕ ਨਾਜਾਇਜ਼ ਤਰੀਕੇ ਨਾਲ ਦੁਕਾਨਾਂ ਖੁੱਲ੍ਹਵਾਈਆਂ ਜਾਂਦੀਆਂ ਹਨ।

ਮਕਸੂਦਾਂ ਸਬਜ਼ੀ ਮੰਡੀ ਅੰਦਰ ਚਲਾਈ ਸਰਚ ਮੁਹਿੰਮ
ਥਾਣਾ ਨੰਬਰ 1 ਦੀ ਪੁਲਸ ਨੇ ਦੇਰ ਰਾਤ ਮਕਸੂਦਾਂ ਸਬਜ਼ੀ ਮੰਡੀ ਅੰਦਰ ਸਰਚ ਮੁਹਿੰਮ ਚਲਾਈ। ਇਹ ਸਰਚ ਮੁਹਿੰਮ ਮੰਡੀ ਦੇ ਅੰਦਰ ਚੱਲਣ ਵਾਲੇ ਦੇਹ ਵਪਾਰ ਦੇ ਧੰਦੇ ਖ਼ਿਲਾਫ਼ ਸੀ, ਹਾਲਾਂਕਿ ਜਿਵੇਂ ਹੀ ਪੁਲਸ ਮੁਲਾਜ਼ਮਾਂ ਦੇ ਵਾਹਨਾਂ ਨੇ ਹੂਟਰ ਮਾਰਦੇ ਹੋਏ ਮੰਡੀ ਦੇ ਅੰਦਰ ਚੱਕਰ ਲਗਾਉਣਾ ਸ਼ੁਰੂ ਕੀਤਾ ਤਾਂ ਕੁਝ ਲੜਕੀਆਂ ਅਤੇ ਨੌਜਵਾਨ ਭੱਜਦੇ ਨਜ਼ਰ ਆਏ ਅਤੇ ਚੋਰ ਰਸਤਿਆਂ ਰਾਹੀਂ ਮੰਡੀ ਤੋਂ ਬਾਹਰ ਚਲੇ ਗਏ। ਕਾਫੀ ਸਮੇਂ ਤੋਂ ਮੰਡੀ ਦੇ ਅੰਦਰ ਦੇਹ ਵਪਾਰ ਦਾ ਧੰਦਾ ਚੱਲਣ ਦੀਆਂ ਸ਼ਿਕਾਇਤਾਂ ਪੁਲਸ ਕੋਲ ਆ ਰਹੀਆਂ ਸਨ।

ਇਹ ਵੀ ਪੜ੍ਹੋ - ਤੇਜ਼ ਹਵਾਵਾਂ ਚੱਲਣ ਮਗਰੋਂ ਪੰਜਾਬ ਦਾ ਮੌਸਮ ਲਵੇਗਾ ਕਰਵਟ, ਜਾਣੋ ਆਉਣ ਵਾਲੇ ਦਿਨਾਂ ਦੀ ਤਾਜ਼ਾ ਅਪਡੇਟ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri