ਆਰ. ਬੀ. ਆਈ. ਤੁਰੰਤ ਲੋਕਾਂ ਦਾ ਪੈਸਾ ਸੁਰੱਖਿਅਤ ਮੋੜੇ : ਸਿਰਸਾ

10/08/2019 1:34:21 PM

ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਪੀ. ਐੱਮ. ਸੀ. ਬੈਂਕ ਨੂੰ ਤੁਰੰਤ ਆਪਣੇ ਕਬਜ਼ੇ ਅਧੀਨ ਲੈ ਕੇ ਲੋਕਾਂ ਦੀ ਹਜ਼ਾਰਾਂ ਕਰੋੜਾਂ ਰੁਪਏ ਦੀ ਰਾਸ਼ੀ ਸੁਰੱਖਿਅਤ ਵਾਪਸੀ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ। ਇਥੇ ਵੱਖ-ਵੱਖ ਸਿੰਘ ਸਭਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਹੋਰ ਅਹੁਦੇਦਾਰਾਂ ਨਾਲ ਇਕ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਖਾਸ ਤੌਰ 'ਤੇ ਮੁੰਬਈ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੇ ਪੀ. ਐੱਮ. ਸੀ. ਬੈਂਕ 'ਚ ਪੈਸਾ ਇਸ ਲਈ ਜਮ੍ਹਾ ਕਰਵਾਇਆ ਸੀ ਕਿਉਂਕਿ ਉਸ ਕੋਲ ਆਰ. ਬੀ. ਆਈ. ਦਾ ਲਾਇਸੰਸ ਸੀ ਅਤੇ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਸਨ।

ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕਾਂ ਵੱਲੋਂ ਜਮ੍ਹਾ ਕਰਵਾਏ ਹਜ਼ਾਰਾਂ ਕਰੋੜਾਂ ਰੁਪਏ ਬੈਂਕ ਦੇ ਚੇਅਰਮੈਨ, ਮੈਨੇਜਿੰਗ ਡਾਇਰੈਕਟਰ, ਹੋਰ ਡਾਇਰੈਕਟਰਾਂ ਅਤੇ ਰਿਸ਼ਤੇਦਾਰਾਂ ਨੇ ਆਪਣੀ ਐਸ਼ੋ-ਅਰਾਮ ਅਤੇ ਬੇਸ਼ਕੀਮਤੀ ਕਾਰਾਂ, ਹਵਾਈ ਜਹਾਜ਼, ਘਰ, ਘੜੀਆਂ ਤੇ ਹੋਰ ਵਸਤਾਂ ਖਰੀਦਣ 'ਤੇ ਉਡਾ ਦਿੱਤੇ। ਐਸਾ ਕਰਨ ਵਾਸਤੇ ਉਨ੍ਹਾਂ ਨੇ ਆਪਣੇ ਹੀ ਰਿਸ਼ਤੇਦਾਰਾਂ ਦੀਆਂ ਸ਼ਮੂਲੀਅਤ ਵਾਲੀਆਂ ਕੰਪਨੀਆਂ ਬਣਾ ਕੇ ਉਨ੍ਹਾਂ ਨੂੰ ਪੀ. ਐੱਮ. ਸੀ. ਵੱਲੋਂ ਕਰਜ਼ਾ ਦਿੱਤਾ ਅਤੇ ਇਹ ਪੈਸਾ ਉਡਾ ਦਿੱਤਾ। ਉਨ੍ਹਾਂ ਕਿਹਾ ਕਿ ਸਾਰੰਗ ਵਧਾਵਨ ਅਤੇ ਰਾਕੇਸ਼ ਵਧਾਵਨ ਨੇ ਐੱਚ. ਡੀ. ਆਈ. ਐੱਲ. ਕੰਪਨੀ ਬਣਾ ਕੇ 6226 ਕਰੋੜ ਰੁਪਏ ਦਾ ਲੋਨ ਲੈ ਲਿਆ ਜੋ ਕਿ ਬੈਂਕ ਦੀ ਕੁੱਲ ਪੂੰਜੀ ਦਾ 70 ਫੀਸਦੀ ਬਣਦਾ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਲੋਕਾਂ ਖਾਸ ਤੌਰ 'ਤੇ ਗੁਰਦੁਆਰਾ ਸਾਹਿਬਾਨ ਦਾ 100 ਕਰੋੜ ਰੁਪਇਆ ਇਨ੍ਹਾਂ ਬੈਂਕਾਂ 'ਚ ਜਮ੍ਹਾ ਹੈ, ਉਨ੍ਹਾਂ ਨੂੰ ਆਖਿਆ ਜਾ ਰਿਹਾ ਹੈ ਕਿ ਉਹ 25-25 ਹਜ਼ਾਰ ਰੁਪਏ ਹੁਣ ਕਢਵਾ ਲੈਣ ਅਤੇ ਬਾਕੀ ਛੇ ਮਹੀਨੇ ਬਾਅਦ ਮਿਲਣਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀ ਤਿਆਰੀ ਕਰਨ ਵਾਲਿਆਂ ਨੂੰ ਇਹ ਜਵਾਬ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਹ ਪੈਸਾ ਸੁਰੱਖਿਅਤ ਜਮ੍ਹਾ ਕਰਵਾਇਆ ਸੀ।

ਉਨ੍ਹਾਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਰਿਜ਼ਰਵ ਬੈਂਕ ਇਸ ਪੀ. ਐੱਮ. ਸੀ. ਬੈਂਕ ਨੂੰ ਤੁਰੰਤ ਆਪਣੇ ਕਬਜ਼ੇ ਅਧੀਨ ਲਵੇ। ਉਹ ਜਨਤਕ ਸੂਚਨਾ ਜਾਰੀ ਕਰ ਕੇ ਲੋਕਾਂ ਨੂੰ ਭਰੋਸਾ ਦੇਵੇ ਕਿ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਸਾਡੀ ਤੀਜੀ ਮੰਗ ਹੈ ਕਿ ਜਿਹੜੇ ਵੀ ਇਸ ਬੈਂਕ ਦੇ ਡਾਇਰੈਕਟਰ ਅਤੇ ਉਨ੍ਹਾਂ ਦੇ ਕਰੀਬੀ ਹਨ ਜਿਨ੍ਹਾਂ ਦੇ ਨਾਂ 'ਤੇ ਕਰਜ਼ੇ ਪ੍ਰਦਾਨ ਕੀਤੇ ਗਏ, ਮਹਿੰਗੀਆਂ ਕਾਰਾਂ, ਜਹਾਜ਼ ਤੇ ਹੋਰ ਸਾਮਾਨ ਖਰੀਦਿਆ, ਉਨ੍ਹਾਂ ਦੀਆਂ ਜਾਇਦਾਦ ਤੁਰੰਤ ਕੁਰਕ ਕਰਨ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਤੁਰੰਤ ਹਦਾਇਤਾਂ ਦਿੱਤੀਆਂ ਜਾਣ।
ਸਿਰਸਾ ਨੇ ਕਿਹਾ ਕਿ ਸਭ ਤੋਂ ਹੈਰਾਨੀ ਭਰੀ ਗੱਲ ਇਹ ਹੈ ਕਿ ਰਿਜ਼ਰਵ ਬੈਂਕ ਵੱਲੋਂ ਦੇਨਾ ਬੈਂਕ ਦਾ ਪੀ. ਐੱਮ. ਸੀ. ਨਾਲ ਰਲੇਵਾਂ ਕਰਵਾਉਣ ਦੀ ਗੱਲ ਆਖੀ ਜਾ ਰਹੀ ਸੀ। ਇਹ ਉਦੋਂ ਕਿਹਾ ਜਾ ਰਿਹਾ ਸੀ ਜਦੋਂ ਪੀ. ਐੱਮ. ਸੀ. ਵਿਚ ਵੱਡੇ ਸਕੈਂਡਲ ਹੋ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਕਮੇਟੀਆਂ ਦਾ ਪੈਸਾ ਹਰ ਹਾਲਤ ਵਿਚ ਵਾਪਸ ਮੁੜਵਾਇਆ ਜਾਵੇਗਾ ਅਤੇ ਇਸ ਵਾਸਤੇ ਵਿੱਤ ਸਕੱਤਰ ਸਮੇਤ ਹਰ ਪੱਧਰ ਦੇ ਅਧਿਕਾਰੀ ਨਾਲ ਮੁਲਾਕਾਤ ਕੀਤੀ ਜਾਵੇਗੀ।


Anuradha

Content Editor

Related News