ਮੋਹਾਲੀ-ਚੰਡੀਗੜ੍ਹ ਏਅਰਪੋਰਟ ਦੇ ਨਾਂ ਦੇ ਮਾਮਲੇ ''ਤੇ ਹਰਿਆਣਾ ਸਰਕਾਰ ਪੁਨਰ ਵਿਚਾਰ ਕਰੇ : ਤਿਵਾੜੀ

10/01/2019 3:29:05 PM

ਨਵਾਂਸ਼ਹਿਰ (ਤ੍ਰਿਪਾਠੀ) : ਲੋਕ ਸਭਾ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਨੇ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 112ਵੇਂ ਜਨਮ ਦਿਹਾੜੇ ਮੌਕੇ ਯੂਥ ਕਲੱਬ ਅਤੇ ਪਿੰਡ ਵਾਸੀਆਂ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਮੋਹਾਲੀ-ਚੰਡੀਗੜ੍ਹ ਕੌਮਾਂਤਰੀ ਏਅਰਪੋਰਟ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਮ ਦੇਣ ਦੇ ਮਾਮਲੇ 'ਤੇ ਅਪਣਾਏ ਆਪਣੇ ਵਿਰੋਧੀ ਰੁਖ਼ 'ਤੇ ਪੁਨਰ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਬੰਧੀ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਇਸ ਹਵਾਈ ਅੱਡੇ ਦਾ ਨਾਮਕਰਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ 'ਤੇ ਕਰਨ ਦੀ ਮੰਗ ਰੱਖ ਚੁੱਕੇ ਹਨ ਪਰ ਹਰਿਆਣਾ ਸਰਕਾਰ ਵੱਲੋਂ ਸਹਿਮਤੀ ਨਾ ਪ੍ਰਗਟਾਏ ਜਾਣ ਕਾਰਣ ਮਾਮਲਾ ਲਟਕਿਆ ਹੋਇਆ ਹੈ।

ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰ ਅਤੇ ਅਜਾਇਬ ਘਰ ਵਿਖੇ ਉਨ੍ਹਾਂ ਦੇ ਬੁੱਤ ਅੱਗੇ ਨਤਮਸਤਕ ਹੋਣ ਮਗਰੋਂ ਉਨ੍ਹਾਂ ਆਖਿਆ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਰੀ ਜਵਾਨੀ 'ਚ ਦੇਸ਼ ਲਈ ਬਲੀਦਾਨ ਦੇ ਕੇ ਜਿੱਥੇ ਨੌਜਵਾਨਾਂ 'ਚ ਆਜ਼ਾਦੀ ਦੀ ਲੜਾਈ ਦੀ ਚਿਣਗ ਪੈਦਾ ਕੀਤੀ, ਉੱਥੇ ਦੇਸ਼ ਪ੍ਰੇਮ ਲਈ ਅਦੁੱਤੀ ਤਿਆਗ ਦੀ ਮਿਸਾਲ ਵੀ ਬਣੇ। ਉਨ੍ਹਾਂ ਕਿਹਾ ਕਿ ਇਸ ਇਤਿਹਸਾਕ ਪਿੰਡ ਅਤੇ ਜ਼ਿਲੇ ਦੇ ਚਹੁੰਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਪਿੰਡ ਦੇ ਸਰਪੰਚ ਵੱਲੋਂ ਪਿੰਡ ਦੇ ਵਿਕਾਸ ਲਈ 2 ਲੱਖ ਦੀ ਗ੍ਰਾਂਟ ਤੁਰੰਤ ਦੇਣ ਦੀ ਮੰਗ ਕਰਨ 'ਤੇ ਉਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ 'ਚੋਂ ਅਗਲੇ ਦਿਨਾਂ 'ਚ ਗ੍ਰਾਂਟ ਭੇਜਣ ਦਾ ਐਲਾਨ ਕੀਤਾ।

Anuradha

This news is Content Editor Anuradha