99 ਕਰੋੜ ਦੇ ਦਿਹਾਤੀ ਵਿਕਾਸ ਦੀਆਂ ਤਜ਼ਵੀਜ਼ਾਂ ਸਰਕਾਰ ਨੂੰ ਭੇਜੀਆਂ : ਤਿਵਾੜੀ

06/16/2020 10:16:33 AM

ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ)— ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਸੋਮਵਾਰ ਨੂੰ ਇਥੇ ਕਿਹਾ ਕਿ ਕੇਂਦਰ ਸਰਕਾਰ ਨੂੰ ਗੈਰ-ਭਾਜਪਾਈ ਸਰਕਾਰਾਂ ਵਾਲੇ ਸੂਬਿਆਂ 'ਚ ਕੋਵਿਡ ਖਿਲਾਫ਼ ਲੜਾਈ ਲਈ ਵਿੱਤੀ ਸਹਾਇਤਾ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਾਂ ਲਈ ਆਰਥਿਕ ਪੈਕੇਜ ਦੀ ਅਣਹੌਂਦ ਕਾਰਣ ਕੋਵਿਡ ਨੇ ਮਾਲੀਏ 'ਤੇ ਵੱਡੀ ਸੱਟ ਮਾਰੀ ਹੈ, ਜਿਸ ਦਾ ਸਿੱਧਾ ਪ੍ਰਭਾਵ ਲੋਕ ਹਿੱਤ ਨੀਤੀਆਂ 'ਤੇ ਪੈਂਦਾ ਹੈ।

ਤਿਵਾੜੀ ਜੋ ਕਿ ਅੱਜ ਬਲਾਕ ਦਫ਼ਤਰ ਸੜੋਆ ਵਿਖੇ 25 ਲੱਖ ਦੀ ਲਾਗਤ ਨਾਲ ਬਣੇ ਰਾਜੀਵ ਗਾਂਧੀ ਸੇਵਾ ਕੇਂਦਰ ਦਾ ਲੋਕ ਅਰਪਣ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਇਸ ਨਵੀਂ ਇਮਾਰਤ ਦੇ ਤਿਆਰ ਹੋਣ ਨਾਲ ਜਿੱਥੇ ਬਲਾਕ ਦੇ ਸਟਾਫ਼ ਨੂੰ ਵੱਡੀ ਸਹੂਲਤ ਮਿਲੇਗੀ ਉੱਥੇ ਦਫ਼ਤਰ ਆਉਣ ਵਾਲੇ ਲੋਕਾਂ ਨੂੰ ਵੀ ਸੁਵਿਧਾ ਮਿਲੇਗੀ। ਉਨ੍ਹਾਂ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲਾ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਤਹਿਤ ਪੰਜਾਬ ਦੇ ਸਿਖਰਲੇ ਜ਼ਿਲ੍ਹਿਆਂ 'ਚ ਸ਼ਾਮਲ ਹੈ ਅਤੇ ਇਸ ਸਾਲ ਵੀ 33.69 ਕਰੋੜ ਰੁਪਏ ਦੇ ਵਿਕਾਸ ਦਾ ਟੀਚਾ ਮਨਰੇਗਾ ਤਹਿਤ ਮਿੱਥਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਮੇਂ ਸਿਰ ਲਾਕਡਾਊਨ ਦਾ ਫੈਸਲਾ ਨਾ ਲੈਂਦੀ ਤਾਂ ਪੰਜਾਬ ਦੇ ਹਾਲਾਤ ਬਹੁਤ ਬਦਤਰ ਹੋਣੇ ਸਨ ਪਰ ਮੁੱਖ ਮੰਤਰੀ ਵੱਲੋਂ ਦਿੱਤੀ ਅਗਵਾਈ, ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਜ ਮੁਫ਼ਤ ਰੇਲਾਂ ਦਾ ਪ੍ਰਬੰਧ ਕਰਕੇ ਦੇਣ ਅਤੇ ਹੋਰ ਰਾਹਤਾਂ ਨੇ ਰਾਜ ਦੇ ਹਾਲਾਤ ਬਿਲਕੁਲ ਠੀਕ ਰੱਖੇ ਹਨ।
ਤਿਵਾੜੀ ਨੇ ਜ਼ਿਲ੍ਹੇ ਦੇ ਦਿਹਾਤੀ ਵਿਕਾਸ ਲਈ 99 ਕਰੋੜ ਦੀਆਂ ਤਜ਼ਵੀਜ਼ਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਕਾਸ ਮਹਿਕਮੇ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਜ਼ਿਲੇ ਦਾ ਸਮੁੱਚਾ ਵਿਕਾਸ ਹੋਵੇਗਾ ਅਤੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ। ਚੇਅਰਮੈਨ ਗੌਰਵ ਕੁਮਾਰ ਵਿੱਕੀ ਨੇ ਇਸ ਮੌਕੇ ਤਿਵਾੜੀ ਦਾ ਧੰਨਵਾਦ ਕਰਦਿਆਂ ਹਲਕੇ ਦੇ ਲੋਕਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।

ਇਸ ਮੌਕੇ ਪੰਜਾਬ ਲਾਰਜ ਇੰਡਸਟ੍ਰੀਜ਼ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਏ. ਡੀ. ਸੀ. (ਵਿਕਾਸ) ਸਰਬਜੀਤ ਸਿੰਘ ਵਾਲੀਆ, ਬੀ. ਡੀ. ਪੀ. ਓ. ਧਰਮਪਾਲ, ਡੀ. ਐੱਸ. ਪੀ. ਬਲਾਚੌਰ ਦਵਿੰਦਰ ਸਿੰਘ, ਐੱਸ. ਐੱਚ. ਓ. ਭਾਰਤ ਮਸੀਹ, ਸਤੀਸ਼ ਕੁਮਾਰ, ਹਰਜੀਤ ਸਿੰਘ, ਤਿਲਕ ਰਾਜ ਸੂਦ, ਜਸਬੀਰ ਰਾਣਾ ਸੜੋਆ, ਕੈਪਟਨ ਅਮਰ ਚੰਦ, ਹਰਪਾਲ ਸਿੰਘ, ਗੁਰਦੇਵ ਸਿੰਘ, ਲਖਵੀਰ, ਬਿੰਦਰ , ਮੋਹਨ ਲਾਲ, ਸੋਨੂੰ ਭਾਟੀਆ ਮੌਜੂਦ ਸਨ।


shivani attri

Content Editor

Related News