ਸੰਭਾਵਿਤ ਹੜ੍ਹਾਂ ਤੋਂ ਬਚਾਅ ਸਬੰਧੀ ਯੋਜਨਾਬੰਦ ਤਰੀਕੇ ਨਾਲ ਤਿਆਰ ਕੀਤੀ ਜਾਵੇ ਰੂਪਰੇਖਾ : ਮਨੀਸ਼ ਤਿਵਾੜੀ

06/17/2020 2:22:55 AM

ਰੂਪਨਗਰ,(ਸੱਜਨ ਸੈਣੀ) - ਮੈਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਦੌਰਾਨ ਬਰਸਾਤ ਦੇ ਮੌਸਮ ਦੌਰਾਨ ਜ਼ਿਲ੍ਹੇ ਅੰਦਰ ਸੰਭਾਵਿਤ ਹੜ੍ਹਾਂ ਤੋਂ ਬਚਾਓ ਲਈ ਉਲੀਕੀ ਗਈ ਯੋਜਨਾ ਦਾ ਜ਼ਾਇਜ਼ਾ ਲੈਣ ਦੌਰਾਨ ਅਧਿਕਾਰੀਆਂ  ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪਿਛਲੇ ਸਾਲ ਦੌਰਾਨ ਆਏ ਹੜ੍ਹਾਂ ਵਿੱਚ ਜੋ ਮੁਸ਼ਕਿਲਾਂ ਆਈਆਂ ਸਨ, ਉਸ ਨੂੰ ਦੇਖਦੇ ਹੋਏ ਯੋਜਨਾਬੰਦ ਤਰੀਕੇ ਨਾਲ ਰੂਪਰੇਖਾ ਤਿਆਰ ਕੀਤੀ ਜਾਵੇ ਤਾਂ ਜੋ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਐਸ. ਐਸ. ਪੀ. ਸਵਪਨ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਦੀਪ ਸ਼ਿਖਾ, ਵਧੀਕ ਡਿਪਟੀ ਕਮਿਸ਼ਨਰ (ਵ) ਅਮਰਦੀਪ ਸਿੰਘ ਗੁਜਰਾਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਉਨ੍ਹਾਂ ਨੇ ਕਿਹਾ ਕਿ ਬਚਾਓ ਕਾਰਜ ਦੌਰਾਨ ਫਲੱਡ ਬੋਟਸ ਦੀ ਕਮੀ ਦੇ ਕਾਰਨ ਪਿਛਲੇ ਸਾਲ ਕੁਝ ਸਮੱਸਿਆਵਾਂ ਆਈਆਂ ਸਨ। ਇਸ ਦੇ ਲਈ ਰੂਪਰੇਖਾ ਤਿਆਰ ਕਰਕੇ ਭੇਜੀ ਜਾਵੇ ਤਾਂ ਜੋ ਐਮ.ਪੀ. ਫੰਡ ਵਿੱਚ ਹੋਰ ਫਲੱਡ ਬੋਟਸ ਮਹੱਈਆ ਕਰਵਾਈਆਂ ਜਾ ਸਕਣ। ਹਾਈ ਫਲੱਡ ਜੋਨ ਖੇਤਰ ਦੇ 'ਚ ਸਤਲੁਜ ਦਰਿਆ ਦੇ ਬੰਨ ਮਜ਼ਬੂਤ ਕੀਤੇ ਜਾਣ ਅਤੇ ਰਿਲੀਫ ਕੈਂਪ ਇਸ ਢੰਗ ਨਾਲ ਤਿਆਰ ਕੀਤੇ ਜਾਣ ਕਿ ਦਵਾਈਆਂ, ਖਾਣਾ ਅਤੇ ਰਾਹਤ ਸਮੱਗਰੀ ਤੇਜ਼ੀ ਦੇ ਨਾਲ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਦੇ ਨੇੜੇ ਪਾਣੀ ਦਾ ਪੱਧਰ ਵਧਣ ਕਾਰਨ ਵਧੇਰੇ ਖਤਰਾ ਹੁੰਦਾ ਹੈ, ਉਨ੍ਹਾਂ ਪਿੰਡਾਂ ਦੇ ਬੰਨਾਂ ਨੂੰ ਪੱਕੀ ਤਰ੍ਹਾਂ ਦੇ ਨਾਲ ਮਜ਼ਬੂਤ ਕੀਤਾ ਜਾਵੇ। ਘੱਟ ਫਲੱਡ ਖੇਤਰ ਦੇ ਵਿੱਚ ਬੰਨ ਮਜਬੂਤ ਕਰਨ ਸਬੰਧੀ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਸਬੰਧਤ ਪਿੰਡਾਂ ਦੇ ਸਰਪੰਚਾਂ ਨਾਲ ਪਹਿਲਾਂ ਹੀ ਬੈਠਕ ਕਰਕੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਢੁੱਕਵੇ ਪ੍ਰਬੰਧ ਕੀਤੇ ਜਾਣ ਇਸ ਤਰ੍ਹਾਂ ਨਾਲ ਇੱਕ ਤਾਂ ਉਨ੍ਹਾਂ ਨੂੰ ਇਹ ਪਤਾ ਲੱਗ ਜਾਵੇ ਕਿ ਉਨ੍ਹਾਂ ਦੇ ਪਿੰਡ ਦੇ ਵਿੱਚ ਹੜ੍ਹਾਂ ਨਾਲ ਨੁਕਸਾਨ ਦੌਰਾਨ ਕਿਸ ਤਰ੍ਹਾਂ ਨਾਲ ਬਚਿਆ ਜਾ ਸਕਦਾ ਹੈ ਅਤੇ ਦੂਸਰਾ ਉਹ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਸੁਚੇਤ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਐਨ.ਡੀ.ਆਰ.ਐਫ ਦੇ ਨਾਲ ਪਹਿਲਾਂ ਤੋਂ ਤਾਲਮੇਲ ਕਰ ਲਿਆ ਜਾਵੇ ਤਾਂ ਜੋ ਮੌਕੇ 'ਤੇ ਸਥਿਤੀ ਸੰਭਾਲਣ ਦੇ ਵਿੱਚ ਕੋਈ ਸਮੱਸਿਆਂ ਨਾ ਆਵੇ। 
ਮਨੀਸ਼ ਤਿਵਾੜੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਹਿਮਾਚਲ ਪ੍ਰਦੇਸ਼ ਸਰਕਾਰ ਨੇ ਆਪਣੇ ਨਦੀਆਂ ਨੂੰ ਚੈਨਲਾਇਜ਼ ਕਰਕੇ ਪੱਕਾ ਕੀਤਾ ਗਿਆ ਹੈ, ਉਸੇ ਤਰਜ 'ਤੇ ਦਰਿਆ ਨੂੰ ਵੀ ਚੈਨਲਾਇਜ ਕਰਨ ਦੇ ਲਈ ਢੁੱਕਵੀ ਯੋਜਨਾ ਤਿਆਰ ਕਰਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਤਾਂ ਜੋ ਪੱਕੇ ਤਰੀਕੇ ਨਾਲ ਯੋਜਨਾ ਉਲੀਕ ਕੇ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਤਲੁਜ ਦਰਿਆ ਤੋਂ ਨਿਕਲਣ ਵਾਲੀ ਨਦੀਆਂ ਦੀ ਸਾਫ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਜ਼ਰੂਰਤ ਪੈਣ 'ਤੇ ਪਾਣੀ ਦੀ ਨਿਕਾਸੀ ਲਈ ਇਨ੍ਹਾਂ ਦੀ ਸਹਾਇਤਾ ਲਈ ਜਾਵੇ। ਉਨ੍ਹਾਂ ਨੇ ਕਿਹਾ ਕਿ ਆਨੰਦਪੁਰ ਸਾਹਿਬ ਦੇ ਦਰਿਆ ਕਾਫੀ ਹੱਦ ਤੱਕ ਸਾਫ ਹਨ, ਜਦਕਿ ਰੂਪਨਗਰ ਏਰੀਆ ਖੇਤਰ ਦੇ ਵਿੱਚ ਵੀ ਦਰਿਆ ਦੀ ਸਫਾਈ ਇਸ ਢੰਗ ਨਾਲ ਕੀਤੀ ਜਾਵੇ ਕਿ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਤੇਜੀ ਨਾਲ ਹੋ ਸਕੇ।

Deepak Kumar

This news is Content Editor Deepak Kumar