ਮੰਡੀਆਂ ''ਚੋਂ ਝੋਨੇ ਦੀ ਲਿਫਟਿੰਗ ਸ਼ੁਰੂ, ਪੇਮੈਂਟ ਨਾ ਮਿਲਣ ਕਾਰਨ ਮਚੀ ਹਾਹਾਕਾਰ

10/15/2019 8:46:33 PM

ਭੋਗਪੁਰ,(ਸੂਰੀ): ਖਰੀਦ ਏਜੰਸੀਆਂ ਵੱਲੋਂ ਦਾਣਾ ਮੰਡੀ ਭੋਗਪੁਰ ਤੇ ਮਾਰਕੀਟ ਕਮੇਟੀ ਭੋਗਪੁਰ ਦੀਆਂ ਮੰਡੀਆਂ 'ਚ ਝੋਨੇ ਦੀ ਲਿਫਟਿੰਗ ਸ਼ੁਰੂ ਕਰਵਾ ਦਿੱਤੀ ਗਈ। ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਸਕੱਤਰ ਗਰੀਸ਼ ਸਹਿਗਲ ਤੇ ਪ੍ਰਨਗ੍ਰੇਨ ਦੇ ਇੰਸਪੈਕਟਰ ਰਜਨੀਸ਼ ਰਾਮਪਾਲ ਨੇ ਦੱਸਿਆ ਕਿ ਮੰਡੀਆਂ ਵਿਚ ਝੋਨੇ ਦੀ ਆਮਦ ਹੋਲੀ-ਹੋਲੀ ਰਫਤਾਰ ਫੜ ਰਹੀ ਹੈ। ਖਰੀਦ ਏਜੰਸੀਆਂ ਵੱਲੋਂ ਪਿਛਲੇ ਪੰਦਰਾਂ ਦਿਨਾ ਵਿਚ ਖਰੀਦੇ ਗਏ ਝੋਨੇ ਦੀ ਲਿਫਟਿੰਗ ਸ਼ੁਰੂ ਕਰਵਾ ਦਿੱਤੀ ਗਈ ਹੈ। ਲਿਫਟਿੰਗ ਦਾ ਕੰਮ ਤੇਜ਼ ਕਰਨ ਲਈ ਸਾਰੀਆਂ ਖਰੀਦ ਏਜੰਸੀਆਂ ਨੂੰ ਸਰਕਾਰ ਵੱਲੋਂ ਸਖਤ ਆਦੇਸ਼ ਦਿੱਤੇ ਗਏ ਹਨ। ਮੰਡੀਆਂ 'ਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਕਈ ਕਿਸਾਨਾਂ ਵੱਲੋਂ ਜਿਆਦਾ ਨਮੀ ਵਾਲਾ ਝੋਨਾ ਮੰਡੀਆਂ 'ਚ ਲਿਆਉਣ ਕਾਰਨ ਝੋਨਾ ਸਕਾਉਣ ਲਈ ਜਿਆਦਾ ਜਗ੍ਹਾ ਦੀ ਲੋੜ ਪੈਂਦੀ ਹੈ ਤੇ ਕਿਸਾਨ ਨੂੰ ਵੀ ਮੰਡੀ ਵਿਚ ਫਸਲ ਵੇਚਣ ਲਈ ਜਿਆਦਾ ਸਮਾ ਰੁੱਕਣਾ ਪੈਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਪਣੀ ਫਸਲ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਕਟਵਾਉਣ ਤੇ ਸੁੱਕੀ ਫਸਲ ਹੀ ਮੰਡੀ 'ਚ ਲਿਆਉਣ।

15 ਦਿਨਾਂ ਵਿਚ ਖਰੀਦ ਏਜੰਸੀਆਂ ਵੱਲੋਂ ਇਕ ਵੀ ਪੇਮੈਂਟ ਨਾ ਦਿੱਤੇ ਜਾਣ ਕਾਰਨ ਮਚੀ ਹਾਹਾਕਾਰ
ਪੰਜਾਬ ਸਰਕਾਰ ਵੱਲੋਂ ਸੂਬੇ ਦੀਆ ਮੰਡੀਆਂ ਵਿਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਸੀ। ਸਰਕਾਰ ਵੱਲੋਂ ਝੋਨੇ ਦੀ ਪੇਮੈਂਟ 24 ਘੰਟਿਆਂ ਵਿਚ ਦਿੱਤੇ ਜਾਣ ਦੇ ਐਲਾਨ ਕੀਤੇ ਗਏ ਸਨ। ਅੱਜ ਖਰੀਦ ਸ਼ੁਰੂ ਹੋਇਆਂ 15 ਦਿਨ ਦਾ ਸਮਾਂ ਬੀਤ ਚੁੱਕਾ ਹੈ ਪਰ ਕਿਸੇ ਖਰੀਦ ਏਜੰਸੀ ਵੱਲੋਂ ਆੜ੍ਹਤੀਆਂ ਨੂੰ ਇਕ ਵੀ ਪੇਮੈਂਟ ਨਹੀ ਦਿੱਤੀ ਗਈ ਹੈ। ਕਿਸਾਨਾਂ ਦੀ ਆਰਥਿਕ ਜ਼ਰੂਰਤਾਂ ਦਾ ਇਕੋ-ਇਕ ਸਹਾਰਾ ਆੜ੍ਹਤੀ ਵਰਗ ਅੱਜ ਖੁਦ ਪੈਸੇ-ਪੈਸੇ ਲਈ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ। ਆੜ੍ਹਤੀਆਂ ਲਈ ਹਾਲਾਤ ਏਨੇ ਖਰਾਬ ਹੋ ਗਏ ਹਨ ਕਿ ਆੜ੍ਹਤੀ ਆਪਣੀਆਂ ਦੁਕਾਨਾਂ ਵਿਚ ਕਿਸਾਨਾਂ ਨੂੰ ਪੈਸੇ ਦੇਣ ਵਿਚ ਪੂਰੀ ਤਰ੍ਹਾਂ ਅਸਮਰਥ ਹਨ ਅਤੇ ਕਿਸਾਨਾਂ ਵੱਲੋਂ ਲਗਾਤਾਰ ਆੜ੍ਹਤੀਆਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰੇਸ਼ਾਨ ਆੜ੍ਹਤੀ ਨਾ ਤਾਂ ਕਿਸਾਨ ਦੀ ਫਸਲ ਖਰੀਦਣ ਤੋਂ ਇਨਕਾਰ ਕਰ ਸਕਦੇ ਹਨ ਤੇ ਨਾ ਹੀ ਪੇਮੈਂਟ ਦੇਣ ਤੋਂ ਇਨਕਾਰ ਕਰ ਸਕਦੇ ਹਨ। ਸਿਰਫ ਦਾਣਾ ਮੰਡੀ ਭੋਗਪੁਰ ਦੇ ਆੜ੍ਹਤੀਆਂ ਦੀ ਸਰਕਾਰ ਵੱਲੋਂ ਪੇਮੈਂਟ ਖੜ੍ਹੀ ਹੈ ਪਰ ਪੇਮੈਂਟ ਕਦੋਂ ਮਿਲੇਗੀ ਇਸ ਦਾ ਜਵਾਬ ਕਿਸੇ ਕੋਲ ਵੀ ਨਹੀ ਹੈ। ਆੜ੍ਹਤੀਆਂ ਦਾ ਦੁਕਾਨਾਂ ਵਿਚ ਬੈਠਣਾ ਵੀ ਔਖਾ ਹੋ ਗਿਆ ਹੈ। ਕਿਸਾਨਾਂ ਦੇ ਨਾਲ-ਨਾਲ ਮੰਡੀ ਵਿਚ ਕੰਮ ਕਰਦੀਆਂ ਲੇਬਰਾਂ ਵੀ ਆੜ੍ਹਤੀਆਂ ਪਾਸੋਂ ਪੈਸੇ ਦੀ ਮੰਗ ਕਰਦੀਆਂ ਹਨ ਪਰ ਆੜ੍ਹਤੀ ਬੇਹੱਦ ਮਾੜੇ ਦੌਰ ਵਿਚ ਲੰਘ ਰਹੇ ਹਨ। ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਕੁਝ ਆੜ੍ਹਤੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਤਾਂ ਦੁਕਾਨ ਵਿਚ ਬੈਠਣਾ ਵੀ ਔਖਾ ਹੁੰਦਾ ਜਾ ਰਿਹਾ ਹੈ ਫਸਲ ਵੇਚ ਚੁੱਕਾ ਕਿਸਾਨ ਪੈਸੇ ਮੰਗ ਰਿਹਾ ਹੈ ਪਰ ਸਰਕਾਰ ਵੱਲੋਂ ਇਸ ਸੀਜ਼ਨ ਵਿਚ ਇਕ ਵੀ ਪੈਸੇ ਪੇਮੈਂਟ ਜਾਰੀ ਨਹੀਂ ਕੀਤੀ ਗਈ ਹੈ।