ਮਨਾਪੁਰਮ ਲੁੱਟ ਕਾਂਡ, ਲੁਟੇਰਿਆਂ ਵੱਲੋਂ ਰੇਕੀ ਦੌਰਾਨ ਗੋਲਡ ਲੋਨ ਦਫ਼ਤਰ ’ਚ ਦਿੱਤਾ ਨੰਬਰ ਮਿਲਿਆ

07/28/2021 12:41:57 PM

ਜਲੰਧਰ (ਵਰੁਣ)– ਮਨਾਪੁਰਮ ਗੋਲਡ ਲੋਨ ਦਫ਼ਤਰ ਵਿਚ ਹੋਈ ਦਿਨ-ਦਿਹਾੜੇ ਲੁੱਟ ਦੇ ਮਾਮਲੇ ਵਿਚ ਲੁਟੇਰਿਆਂ ਦਾ ਮਿਲਿਆ ਇਕਲੌਤਾ ਸੁਰਾਗ ਵੀ ਧੋਖਾ ਦੇ ਗਿਆ। ਦਰਅਸਲ ਲੁੱਟ ਤੋਂ ਪਹਿਲਾਂ ਕੀਤੀ ਗਈ ਰੇਕੀ ਦੌਰਾਨ ਮਨਾਪੁਰਮ ਗੋਲਡ ਲੋਨ ਦੇ ਦਫ਼ਤਰ ਵਿਚ ਆਏ ਲੁਟੇਰੇ ਨੇ ਆਪਣਾ ਮੋਬਾਇਲ ਨੰਬਰ ਦਿੱਤਾ ਸੀ, ਜਿਹੜਾ ਸਟਾਫ਼ ਕੋਲੋਂ ਪੁਲਸ ਨੂੰ ਮਿਲ ਵੀ ਗਿਆ ਪਰ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਹ ਵੀ ਜਾਅਲੀ ਆਈ. ਡੀ. ’ਤੇ ਜਾਰੀ ਕਰਵਾਇਆ ਗਿਆ ਸੀ। ਉਕਤ ਨੰਬਰ ਤੋਂ ਗੋਲਡ ਲੋਨ ਦੇ ਦਫ਼ਤਰ ਵਿਚ ਲੁਟੇਰਿਆਂ ਵੱਲੋਂ ਫੋਨ ਵੀ ਕੀਤਾ ਗਿਆ ਸੀ, ਉਦੋਂ ਉਸ ਨੰਬਰ ਦੀ ਲੋਕੇਸ਼ਨ ਕਿਥੋਂ ਦੀ ਸੀ, ਪੁਲਸ ਇਸ ਗੱਲ ਦਾ ਪਤਾ ਲਾ ਰਹੀ ਹੈ। 72 ਘੰਟੇ ਚੱਲੀ ਇਨਵੈਸਟੀਗੇਸ਼ਨ ਵਿਚ ਇਹ ਗੱਲ ਤਾਂ ਸਾਹਮਣੇ ਆ ਗਈ ਹੈ ਕਿ ਇਸ ਲੁੱਟ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਨਵੇਂ ਨਹੀਂ ਹਨ, ਸਗੋਂ ਪੇਸ਼ੇਵਰ ਹਨ। ਅਜਿਹੇ ਵਿਚ ਜਲੰਧਰ ਪੁਲਸ ਨੇ ਸਾਰੇ ਸੂਬਿਆਂ ਦੀ ਪੁਲਸ ਨਾਲ ਸੰਪਰਕ ਕਰ ਕੇ ਉਥੇ ਹੋਈਆਂ ਅਜਿਹੀਆਂ ਲੁੱਟ ਦੀਆਂ ਵਾਰਦਾਤਾਂ ਦੀ ਸੀ. ਸੀ. ਟੀ. ਵੀ. ਫੁਟੇਜ ਮੰਗਵਾਉਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਕੈਪਟਨ ਇਨ ਐਕਸ਼ਨ, ਸਾਬਕਾ ਸੈਨਿਕਾਂ ਨਾਲ ਬਦਸਲੂਕੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਪੁਲਸ ਦਾ ਦਾਅਵਾ ਹੈ ਕਿ ਸਾਰੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾਵੇਗੀ ਅਤੇ ਫਿਰ ਤਕਨੀਕੀ ਐਂਗਲ ਤੋਂ ਲੁਟੇਰਿਆਂ ਦੀ ਪਛਾਣ ਕੀਤੀ ਜਾਵੇਗੀ। ਫਿਲਹਾਲ ਵਾਰਦਾਤ ਨੂੰ 72 ਘੰਟੇ ਬੀਤ ਚੁੱਕੇ ਹਨ ਪਰ ਪੁਲਸ ਦੇ ਹੱਥ ਅਜੇ ਕੋਈ ਵੀ ਸੁਰਾਗ ਨਹੀਂ ਲੱਗ ਸਕਿਆ। ਅਜੇ ਤੱਕ ਲੁਟੇਰਿਆਂ ਦਾ ਕੋਈ ਨਵਾਂ ਰੂਟ ਵੀ ਨਹੀਂ ਮਿਲ ਸਕਿਆ ਹੈ। ਪੁਲਸ ਅਰਬਨ ਅਸਟੇਟ ਨੇੜਲੇ ਇਲਾਕਿਆਂ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲਸ ਅਜਿਹੀਆਂ ਵਾਰਦਾਤਾਂ ਕਰ ਚੁੱਕੇ ਮੁਜਰਿਮਾਂ ਦੇ ਗੈਂਗ ’ਤੇ ਵੀ ਨਜ਼ਰ ਰੱਖ ਰਹੀ ਹੈ, ਜਿਹੜੇ ਵਾਰਦਾਤ ਤੋਂ ਬਾਅਦ ਨਾਮਜ਼ਦ ਤਾਂ ਹੋਏ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਵੱਖ-ਵੱਖ ਬਿੰਦੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ।

ਵਾਰਦਾਤ ਤੋਂ ਬਾਅਦ ਵੱਖ-ਵੱਖ ਰਸਤਿਓਂ ਗਏ ਸਨ ਲੁਟੇਰੇ
ਪੁਲਸ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਇਕੱਠੇ ਨਹੀਂ, ਸਗੋਂ ਵੱਖ-ਵੱਖ ਰਸਤਿਓਂ ਗਏ ਸਨ। ਹੁਣ ਇਹ ਚਰਚਾ ਹੈ ਕਿ ਲੁਟੇਰਿਆਂ ਨੇ ਉਥੋਂ ਵੱਖ-ਵੱਖ ਰਸਤਿਓਂ ਆਪਣੇ ਟਿਕਾਣੇ ’ਤੇ ਮਿਲਣ ਦੀ ਯੋਜਨਾ ਬਣਾਈ ਹੋਵੇਗੀ। ਪੁਲਸ ਕੋਲ ਲੁਟੇਰਿਆਂ ਦੀ ਜਿਹੜੀ ਸੀ. ਸੀ. ਟੀ. ਵੀ. ਫੁਟੇਜ ਹੈ, ਉਸ ਵਿਚ ਲੁਟੇਰਿਆਂ ਨੇ ਮਾਸਕ ਪਹਿਨੇ ਹੋਏ, ਜਿਸ ਕਾਰਨ ਉਨ੍ਹਾਂ ਦੇ ਚਿਹਰੇ ਸਾਫ਼  ਵਿਖਾਈ ਨਹੀਂ ਦੇ ਰਹੇ। ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਪੰਜਾਬ 'ਤੇ ਮੰਡਰਾਉਣ ਲੱਗਾ ਇਕ ਹੋਰ ਖ਼ਤਰਾ, ਪੌਂਗ ਡੈਮ ’ਚ ਪਾਣੀ ਦਾ ਪੱਧਰ ਵਧਿਆ, ਅਲਰਟ ਜਾਰੀ

ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਹੋਟਲਾਂ ’ਚ ਚੈਕਿੰਗ
ਜਾਂਚ ਕਰ ਰਹੀ ਪੁਲਸ ਨੇ ਹੁਣ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਸਥਿਤ ਗੈਸਟ ਹਾਊਸਾਂ ਅਤੇ ਹੋਟਲਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਲੁਟੇਰੇ ਇਨ੍ਹਾਂ ਹੋਟਲਾਂ ਜਾਂ ਫਿਰ ਗੈਸਟ ਹਾਊਸਾਂ ਵਿਚ ਤਾਂ ਨਹੀਂ ਰੁਕੇ ਸਨ। ਇਸ ਤੋਂ ਇਲਾਵਾ ਪੁਲਸ ਹਿਊਮਨ ਰਿਸੋਰਸਿਜ਼ ਤੋਂ ਲੁਟੇਰਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

ਅਜਿਹੀ ਲੁੱਟ ਕਰ ਚੁੱਕੇ ਮੁਲਜ਼ਮਾਂ ਨੂੰ ਟਰੈਕ ਕਰ ਰਹੀ ਪੁਲਸ
ਇਸੇ ਅੰਦਾਜ਼ ਨਾਲ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਲੁਟੇਰਿਆਂ ਨੂੰ ਪੁਲਸ ਨੇ ਟਰੈਕ ਕਰਨਾ ਸ਼ੁਰੂ ਕਰ ਦਿੱਤਾ ਹੈ। ਪੁਲਸ ਇਸ ਗੱਲ ਦਾ ਪਤਾ ਲਾ ਰਹੀ ਹੈ ਕਿ ਅਜਿਹੇ ਲੁੱਟ ਕਾਂਡ ਵਿਚ ਫੜੇ ਮੁਲਜ਼ਮ ਜੇਲ੍ਹ ਵਿਚ ਹੀ ਹਨ ਜਾਂ ਫਿਰ ਜ਼ਮਾਨਤ ’ਤੇ। ਜੇਕਰ ਕੋਈ ਜ਼ਮਾਨਤ ’ਤੇ ਹੋਇਆ ਤਾਂ ਪੁਲਸ ਉਸਨੂੰ ਜਾਂਚ ਵਿਚ ਸ਼ਾਮਲ ਕਰ ਸਕਦੀ ਹੈ ਤਾਂ ਕਿ ਉਸ ਵਾਰਦਾਤ ਨੂੰ ਲੈ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ। ਅਜਿਹੇ ਗਿਰੋਹ ਬਾਰੇ ਸੁਰਾਗ ਲਾਉਣ ਲਈ ਪੁਲਸ ਜੇਲ ਵਿਚ ਬੰਦ ਲੁਟੇਰਿਆਂ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਸਕਦੀ ਹੈ।

ਇਹ ਵੀ ਪੜ੍ਹੋ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਟਾਂਡਾ 'ਚ ਭਿਆਨਕ ਹਾਦਸੇ ਦੌਰਾਨ ਮਾਂ-ਧੀ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News