ਪਤਨੀ ਵੱਲੋਂ ਸ਼ਰਾਬ ਪੀਣ ਤੋਂ ਰੋਕਣ ''ਤੇ ਪਤੀ ਨੇ ਨਿਗਲੀਆਂ ਸਲਫਾਸ ਦੀਆਂ ਗੋਲੀਆਂ

12/15/2019 6:33:43 PM

ਹੁਸ਼ਿਆਰਪੁਰ (ਅਮਰਿੰਦਰ)— ਪਤਨੀ ਵੱਲੋਂ ਸ਼ਰਾਬ ਪੀਣ ਤੋਂ ਮਨ੍ਹਾ ਕਰਨ 'ਤੇ ਗੁੱਸੇ 'ਚ ਸਲਫਾਸ ਦੀਆਂ ਗੋਲੀਆਂ ਨਿਗਲਣ ਨਾਲ 42 ਸਾਲਾ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਪਰਮਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਧਾਮੀਆਂ ਨੂੰ ਸਲਫਾਸ ਦੀਆਂ ਗੋਲੀਆਂ ਨਿਗਲਣ ਕਰਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਇਲਾਜ ਲਈ ਲਿਜਾਇਆ ਜਾ ਰਿਹਾ ਸੀ ਕਿ ਰਸਤੇ 'ਚ ਹੀ ਉਸ ਨੇ ਦਮ ਤੋੜ ਦਿੱਤਾ। ਪਰਮਿੰਦਰ ਸਿੰਘ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ ਅਤੇ ਪਾਰਟ ਟਾਈਮ 'ਚ ਫੋਟੋਗਰਾਫਰ ਦਾ ਵੀ ਕੰਮ ਕਰਦਾ ਸੀ। ਘਰ 'ਚ ਇਕਲੌਤਾ ਕਮਾਉਣ ਵਾਲਾ ਪਰਮਿੰਦਰ ਸਿੰਘ ਆਪਣੇ ਪਿੱਛੇ ਪਤਨੀ ਰਮਨ, ਧੀ ਹਰਜੋਤ ਅਤੇ ਪੁੱਤਰ ਰਵੀ ਨੂੰ ਰੋਂਦੇ ਵਿਲਕਦੇ ਛੱਡ ਗਿਆ ਹੈ।

ਨਸ਼ੇ ਦੀ ਭੈੜੀ ਆਦਤ ਨੇ ਕਿਤੇ ਦਾ ਨਹੀਂ ਛੱਡਿਆ
ਮ੍ਰਿਤਕ ਪਰਮਿੰਦਰ ਸਿੰਘ ਦੇ ਛੋਟੇ ਭਰਾ ਸੰਦੀਪ ਸਿੰਘ ਅਤੇ ਹੋਰ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਰਮਿੰਦਰ ਜਲੰਧਰ ਰੋਡ 'ਤੇ ਸਥਿਤ ਇਕ ਕੰਪਨੀ 'ਚ ਕੰਮ ਕਰਦਾ ਸੀ। ਇਸ ਦੌਰਾਨ ਉਸ ਨੂੰ ਨਸ਼ੇ ਦੀ ਭੈੜੀ ਆਦਤ ਪੈ ਗਈ, ਜੋ ਕਮਾਉਂਦਾ ਸੀ ਉਸ ਨੂੰ ਸ਼ਰਾਬ 'ਚ ਉਡਾ ਦਿੰਦਾ ਸੀ। ਪਤਨੀ ਦੇ ਰੋਕਣ 'ਤੇ ਨਾਰਾਜ਼ ਹੋ ਜਾਇਆ ਕਰਦਾ ਸੀ। ਸ਼ਨੀਵਾਰ ਨੂੰ ਵੀ ਜਦੋਂ ਪਤਨੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ 'ਚ ਉਸ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਹਾਲਤ ਵਿਗੜਦੇ ਵੇਖ ਉਸ ਨੂੰ ਸ਼ਾਮਚੁਰਾਸੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਵਿਗੜਦੇ ਵੇਖ ਹੁਸ਼ਿਆਰਪੁਰ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਸ਼ਨੀਵਾਰ ਸ਼ਾਮ ਪਰਮਿੰਦਰ ਦੀ ਹਾਲਤ ਤੇਜ਼ੀ ਨਾਲ ਵਿਗੜਦੇ ਵੇਖ ਡਾਕਟਰਾਂ ਨੇ ਉਸ ਨੂੰ ਬਿਹਤਰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਪਰ ਅੰਮ੍ਰਿਤਸਰ ਜਾਣ ਦੌਰਾਨ ਰਸਤੇ 'ਚ ਹੀ ਪਰਮਿੰਦਰ ਦੀ ਮੌਤ ਹੋ ਗਈ।

ਪੁਲਸ ਨੇ ਮ੍ਰਿਤਕ ਦੀ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕੀਤੀ
ਐਤਵਾਰ ਦੁਪਹਿਰ ਦੇ ਸਮੇਂ ਸਿਵਲ ਹਸਪਤਾਲ ਵਿਚ ਥਾਣਾ ਬੁੱਲ੍ਹੋਵਾਲ ਦੇ ਅਧੀਨ ਆਉਂਦੀ ਸ਼ਾਮਚੁਰਾਸੀ ਪੁਲਸ ਚੌਕੀ 'ਚ ਤਾਇਨਾਤ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ ਮ੍ਰਿਤਕ ਪਰਮਿੰਦਰ ਸਿੰਘ ਦੀ ਪਤਨੀ ਰਮਨ ਦੇ ਬਿਆਨ ਉੱਤੇ ਧਾਰਾ 174 ਦੇ ਅਧੀਨ ਕਾਰਵਾਈ ਕਰਕੇ ਪੋਸਟਮਾਰਟਮ ਦੇ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।

shivani attri

This news is Content Editor shivani attri