ਸ਼ੱਕੀ ਹਾਲਾਤਾਂ ''ਚ ਵਿਅਕਤੀ ਨੇ ਨਿਗਲਿਆ ਜ਼ਹਿਰ, ਮੌਤ

12/15/2019 7:45:59 PM

ਨਵਾਂਸ਼ਹਿਰ, (ਤ੍ਰਿਪਾਠੀ)— ਪਿੰਡ ਮਹਾਲੋਂ ਵਾਸੀ ਇਕ 45 ਸਾਲਾ ਵਿਅਕਤੀ ਦੀ ਜ਼ਹਿਰੀਲੀ ਵਸਤੂ ਨਿਗਲਣ ਨਾਲ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸ. ਐੱਚ. ਓ. ਇੰਸਪੈਕਟਰ ਕੁਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਮਹਾਲੋਂ ਵਾਸੀ ਸਤਪਾਲ ਉਰਫ ਸੱਤਾ (45) ਪੁੱਤਰ ਸ਼ਿੰਗਾਰਾ ਰਾਮ ਨੇ ਸ਼ਨੀਵਾਰ ਸ਼ਾਮ ਕਰੀਬ 5 ਵਜੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਹੈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨੂੰ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਮ੍ਰਿਤਕ ਨੇ ਆਪਣਾ ਪਰਿਵਾਰ ਪਿਛਲੇ ਕਰੀਬ 25 ਸਾਲਾਂ ਤੋਂ ਛੱਡ ਰੱਖਿਆ ਸੀ ਤੇ ਸ਼ਰੀਕੇ 'ਚ ਚਾਚੀ ਲਗਦੀ ਇਕ ਮਹਿਲਾ ਜਿਸਦੇ ਪਤੀ ਦੀ ਕਈ ਸਾਲ ਪਹਿਲਾ ਮੌਤ ਹੋ ਚੁੱਕੀ ਹੈ, ਦੇ ਘਰ 'ਚ ਹੀ ਰਹਿੰਦਾ ਸੀ ਤੇ ਅਣ-ਵਿਆਹਿਆ ਸੀ। ਪਿੰਡ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਤਪਾਲ ਜਿਸ ਘਰ 'ਚ ਰਹਿੰਦਾ ਸੀ ਉੱਥੇ ਇਕ ਧਾਰਮਕ ਸਥਾਨ ਦੀ ਜਗ੍ਹਾ ਸੀ ਤੇ ਉੱਥੇ ਹੀ ਉਹ ਸੇਵਾ ਵੀ ਕਰਦਾ ਸੀ।
ਐੱਸ. ਐੱਚ. ਓ. ਨੇ ਦੱਸਿਆ ਕਿ ਮ੍ਰਿਤਕ ਦੇ ਅਸਲ ਪਰਿਵਾਰ ਦਾ ਕਹਿਣਾ ਹੈ ਕਿ ਉਸਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਤੇ ਕੁੱਝ ਲੋਕ ਸ਼ੱਕੀ ਹਾਲਾਤਾਂ 'ਚ ਉਸਨੂੰ ਮਿਲਣ ਆਏ ਸਨ ਜਿਸਦੇ ਉਪਰੰਤ ਹੀ ਸਤਪਾਲ ਨੇ ਕੋਈ ਜ਼ਹਿਰੀਲੀ ਵਸਤੂ ਨਿਗਲੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮਾਮਲੇ ਸਬੰਧੀ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਉਪਰੰਤ ਜੋ ਮਾਮਲਾ ਬਣੇਗਾ, ਉਸਦੇ ਤਹਿਤ ਅਗਲੀ ਕਾਰਵਾਈ ਨੂੰ ਅਮਲ 'ਚ ਲਿਆਂਦੀ ਜਾਵੇਗੀ। ਫਿਲਹਾਲ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜੀ ਗਈ ਹੈ।

KamalJeet Singh

This news is Content Editor KamalJeet Singh