ਆੜਤੀ ਨੇ ਦੁਖੀ ਹੋ ਕੇ ਬਿਆਸ ਦਰਿਆ 'ਚ ਮਾਰੀ ਛਾਲ

11/28/2019 4:20:24 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਬਿਆਸ ਦਰਿਆ ਪੁਲ ਤੋਂ ਇਕ ਵਿਅਕਤੀ ਵੱਲੋਂ ਛਾਲ ਮਾਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਛਾਲ ਮਾਰਨ ਤੋਂ ਬਾਅਦ ਤੇਜ਼ ਪਾਣੀ ਦੇ ਵਹਾਅ 'ਚ ਰੁੜੇ ਵਿਅਕਤੀ ਦੀ ਪਛਾਣ ਜਗਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਘੁਮਾਣ ਵਜੋ ਹੋਈ ਹੈ।ਇਸ ਹਾਦਸੇ ਤੋਂ ਬਾਅਦ ਸੂਚਨਾ ਪਾ ਕੇ ਮੌਕੇ 'ਤੇ ਪੁਲਸ ਪਹੁੰਚੀ ਅਤੇ ਲੋਕਾਂ ਦਾ ਕਾਫੀ ਤਾਂਤਾ ਲੱਗ ਗਿਆ। ਰੁੜਨ ਵਾਲਾ ਵਿਅਕਤੀ ਆੜ੍ਹਤੀ ਦੱਸਿਆ ਜਾ ਰਿਹਾ ਹੈ ਅਤੇ ਪੈਸਿਆਂ ਦੇ ਲੈਣ-ਦੇਣ ਤੋਂ ਪਰੇਸ਼ਾਨ ਹੋ ਕੇ ਉਸ ਨੇ ਖੁਦਕੁਸ਼ੀ ਕੀਤੀ ਹੈ। 


ਮ੍ਰਿਤਕ ਜਗਜੀਤ ਸਿੰਘ ਦੇ ਭਰਾ ਨੇ ਦੱਸਿਆ ਕਿ ਮੰਡੀਆਂ 'ਚ ਕਿਸਾਨਾਂ ਦਾ ਮਾਲ ਪਿਆ ਸੀ। ਝੋਨੇ ਦੀ ਫਸਲ ਇਸ ਸਾਲ ਪਹਿਲਾਂ ਨਾਲੋਂ ਜ਼ਿਆਦਾ ਹੋਈ ਸੀ ਅਤੇ ਮੰਡੀਆਂ 'ਚ ਰੱਖਿਆ ਗਿਆ ਸੀ ਪਰ ਬਾਰਦਾਨੇ ਦੀ ਡਿਮਾਂਡ ਵੱਧ ਹੋ ਰਹੀ ਸੀ ਅਤੇ ਬਾਰਦਾਨੇ ਦੀ ਘਾਟ ਕਰਕੇ ਮੰਡੀਆਂ 'ਚੋਂ ਮਾਲ ਨਹੀਂ ਚੁੱਕਿਆ ਗਿਆ। ਬਾਰਿਸ਼ ਹੋਣ ਕਰਕੇ ਝੋਨਾ ਖਰਾਬ ਹੋ ਗਿਆ ਸੀ। ਲੋਕ ਝੋਨੇ ਦੀ ਖਰੀਦ ਲਈ ਨਹੀਂ ਆ ਰਹੇ ਸਨ।

ਉਨ੍ਹਾਂ ਇਕ ਇੰਸਪੈਕਟਰ 'ਤੇ ਵੀ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉੱਚ ਅਫਸਰਾਂ ਵੱਲੋਂ ਕੋਈ ਪੈਮੇਂਟ ਦੀ ਅਦਾਇਗੀ ਵੀ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇੰਸਪੈਕਟਰ ਸੰਦੀਪ ਸਿੰਘ ਨੂੰ ਵੀ ਕਈ ਵਾਰ ਪੈਮੇਂਟ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਵੱਲੋਂ ਫਸਲ ਦੇ ਪੈਸੇ ਨਹੀਂ ਦਿੱਤੇ ਗਏ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।  ਬਿਆਸ ਦਰਿਆ 'ਚੋਂ ਆੜਤੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਟਾਂਡਾ ਪੁਲਸ ਦੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਵੱਲੋਂ ਟੀਮ ਸਮੇਤ ਜਾਂਚ ਕੀਤੀ ਜਾ ਰਹੀ ਹੈ।

shivani attri

This news is Content Editor shivani attri