ਸੱਪ ਦੇ ਡੱਸਣ ਕਾਰਨ ਮਰੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕੱਢਿਆ ਰੋਸ ਮਾਰਚ

07/21/2019 2:04:59 PM

ਨੂਰਪੁਰਬੇਦੀ (ਭੰਡਾਰੀ)— ਬੀਤੇ ਦਿਨੀਂ ਸੱਪ ਦੇ ਡੱਸਣ ਕਾਰਨ ਇਲਾਜ ਲਈ ਨਜ਼ਦੀਕੀ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਪਹੁੰਚੇ ਪਿੰਡ ਬਾਹਮਣਮਾਜਰਾ ਦੇ 16 ਸਾਲਾ ਨੌਜਵਾਨ ਦੀ ਐਂਟੀ ਸਨੇਕ ਵੈਕਸੀਨ ਨਾ ਹੋਣ ਅਤੇ ਐਮਰਜੈਂਸੀ ਸੇਵਾਵਾਂ 'ਚ ਸਿਹਤ ਸਟਾਫ ਹੋਣ 'ਤੇ ਮੌਤ ਹੋ ਜਾਣ ਕਾਰਨ ਬੀਤੇ ਦਿਨ ਗੁੱਸਾਏ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਰੋਸ ਮਾਰਚ ਕੱਢਿਆ ਅਤੇ ਨਾਅਰੇਬਾਜ਼ੀ ਕੀਤੀ। ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਪਿੰਡ ਬਾਹਮਣਮਾਜਰਾ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਪੁੱਤਰ ਭਜਨ ਸਿੰਘ ਦੀ ਸੱਪ ਦੇ ਡੱਸਣ ਨਾਲ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਇਲਾਜ ਮੌਕੇ ਐਂਟੀ ਸਨੇਕ ਵਕਸੀਨ ਉਪਲੱਬਧ ਨਾ ਹੋਣ ਕਰਕੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਲੜਕੇ ਨੂੰ 15 ਤੋਂ 20 ਮਿੰਟ ਤੱਕ ਐਮਰਜੈਂਸੀ ਦੌਰਾਨ ਕਿਸੇ ਵੀ ਸਿਹਤ ਅਧਿਕਾਰੀ ਵੱਲੋਂ ਅਟੈਂਡ ਨਾ ਕੀਤਾ ਜਾਣਾ ਵੀ ਉਨ੍ਹਾਂ ਦੇ ਲੜਕੇ ਦੀ ਸਿਹਤ ਵਿਗੜਣ ਦਾ ਅਹਿਮ ਕਾਰਣ ਰਿਹਾ ਹੈ। ਗੁਸਾਏ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਕੱਢੇ ਰੋਸ ਮਾਰਚ ਦੌਰਾਨ ਬੋਲਦਿਆਂ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਨੂਰਪੁਰਬੇਦੀ ਦੇ 138 ਪਿੰਡਾਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਇਕਲੌਤੇ 30 ਬਿਸਤਰਿਆਂ ਵਾਲੇ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਐਂਟੀ ਸਨੇਕ ਵੈਕਸੀਨ ਉਪਲੱਬਧ ਨਹੀਂ ਹੈ, ਜਿਸ ਕਾਰਨ ਮੌਕੇ 'ਤੇ ਮੁੱਢਲੀ ਸਹਾਇਤਾ ਨਾ ਮਿਲਣ ਕਾਰਣ ਉਕਤ ਨੌਜਵਾਨ ਦੀ ਮੌਤ ਹੋ ਗਈ।

ਪ੍ਰਦਰਸ਼ਨਕਾਰੀਆਂ ਨੇ ਐੱਸ. ਐੱਮ. ਓ. ਨੂੰ 2 ਦਿਨ ਦਾ ਦਿੱਤਾ ਅਲਟੀਮੇਟਮ
ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਪਹੁੰਚੇ ਤੇ ਉਨ੍ਹਾਂ ਐੱਸ. ਐੱਮ. ਓ. ਡਾ. ਸ਼ਿਵ ਕੁਮਾਰ ਤੋਂ ਉਕਤ ਲਾਪ੍ਰਵਾਹੀ ਸਬੰਧੀ ਜਵਾਬ ਮੰਗਿਆ। ਐੱਸ. ਐੱਮ. ਓ. ਡਾ. ਸ਼ਿਵ ਕੁਮਾਰ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਕਿ ਉਹ ਕਈ ਵਾਰ ਐਂਟੀ ਸਨੇਕ ਤੇ ਐਂਟੀ ਰੇਬੀਜ਼ ਟੀਕੇ ਮੰਗਵਾਉਣ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਚੁੱਕੇ ਹਨ ਪਰ ਹਾਲੇ ਤੱਕ ਹਸਪਤਾਲ ਨੂੰ ਇਹ ਟੀਕੇ ਉਪਲੱਬਧ ਨਹੀਂ ਹੋ ਸਕੇ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ 2 ਦਿਨ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਐਮਰਜੈਂਸੀ 'ਚ ਤਾਇਨਾਤ ਸਟਾਫ਼ ਵਿਰੁੱਧ ਜੇਕਰ ਸੋਮਵਾਰ ਤੱਕ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਗਲਾ ਐਕਸ਼ਨ ਉਲੀਕਣਗੇ।

ਡੀ. ਸੀ. ਅਤੇ ਸਥਾਨਕ ਥਾਣੇ ਵਿਖੇ ਕੀਤੀ ਸ਼ਿਕਾਇਤ
ਇਸ ਦੌਰਾਨ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੇ ਸਥਾਨਕ ਥਾਣੇ ਵਿਖੇ ਸ਼ਿਕਾਇਤ ਦੇ ਕੇ ਉਕਤ ਮਾਮਲੇ ਦੀ ਜਾਂਚ ਕਰ ਕੇ ਲਾਪ੍ਰਵਾਹੀ ਵਰਤਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਰੋਸ ਮਾਰਚ ਦੌਰਾਨ ਵਰਿੰਦਰ ਸਿੰਘ, ਐਡਵੋਕੇਟ ਦਿਨੇਸ਼ ਚੱਢਾ, ਨਰਿੰਦਰ ਸਿੰਘ ਚਾਹਲ, ਰਣਵੀਰ ਸਿੰਘ, ਕਾਕਾ ਤਖਤਗੜ੍ਹ, ਰਾਮ ਪ੍ਰਤਾਪ ਸਰਥਲੀ, ਕਰਨਜੀਤ ਸਿੰਘ, ਬਲਜੀਤ ਸਿੰਘ, ਸਿਮਰਨਜੀਤ ਸਿੰਘ, ਜਸਪਾਲ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ, ਸਤਨਾਮ ਸਿੰਘ, ਮੋਨੂੰ ਪਾਬਲਾ ਤੇ ਦੇਵ ਰਾਜ ਖੇਪੜ ਸਹਿਤ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।

shivani attri

This news is Content Editor shivani attri