ਟ੍ਰੈਫਿਕ ਨਿਯਮ ਤੋੜਨ ਵਾਲੇ ਦੀ ਵੀਡੀਓ ਬਣਾਉਣੀ ਵਿਅਕਤੀ ਨੂੰ ਪਈ ਭਾਰੀ

01/04/2020 1:58:13 PM

ਜਲੰਧਰ (ਕਮਲੇਸ਼)— ਕਾਲੀਆ ਕਾਲੋਨੀ ਦੇ ਰਹਿਣ ਵਾਲੇ ਸਮਾਜ ਸੇਵਕ ਜਿਨੇਸ਼ ਚੰਦਰ ਜਸਰਾਏ ਨਾਲ ਬੀਤੇ ਦਿਨ ਕਾਰ ਸਵਾਰ ਵਿਅਕਤੀ ਨੇ ਧੱਕਾ-ਮੁੱਕੀ ਕੀਤੀ, ਜਿਸ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ ਹੈ। ਜਿਨੇਸ਼ ਨੇ ਦੱਸਿਆ ਕਿ ਉਹ ਰੇਲਵੇ ਰੋਡ 'ਤੇ ਕਿਸੇ ਕੰਮ ਨਾਲ ਗਏ ਸਨ। ਇਸ ਦੌਰਾਨ ਉਨ੍ਹਾਂ ਦੇਖਿਆ ਕਿ ਨੋ ਐਂਟਰੀ 'ਚ ਕੁਝ ਵਾਹਨ ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਕੇ ਦਾਖਲ ਹੋ ਰਹੇ ਹਨ। ਮੌਕੇ 'ਤੇ ਇਕ ਹੀ ਪੁਲਸ ਮੁਲਾਜ਼ਮ ਖੜ੍ਹਾ ਸੀ, ਇਕੱਲਾ ਹੋਣ ਕਾਰਨ ਪੁਲਸ ਮੁਲਾਜ਼ਮ ਨਿਯਮ ਤੋੜਣ ਵਾਲਿਆਂ ਨੂੰ ਰੋਕ ਪਾਉਣ 'ਚ ਅਸਮਰਥ ਦਿਸ ਰਿਹਾ ਸੀ। ਅਜਿਹੇ 'ਚ ਉਨ੍ਹਾਂ ਨੇ ਅਜਿਹੇ ਵਾਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਜੋ ਇਸ ਵੀਡੀਓ ਨੂੰ ਉਹ ਟਰੈਫਿਕ ਪੁਲਸ ਨੂੰ ਮੁਹੱਈਆ ਕਰਵਾਉਣ ਅਤੇ ਨਿਯਮ ਤੋੜਣ ਵਾਲਿਆਂ ਨੂੰ ਈ-ਚਲਾਨ ਭੇਜੇ ਜਾ ਸਕਣ।

ਇਸ ਦੌਰਾਨ ਜਦੋਂ ਉਹ ਵੀਡੀਓ ਬਣਾ ਰਹੇ ਸਨ ਤਾਂ ਇਕ ਕਾਰ ਚਾਲਕ ਨੇ ਕਾਰ ਰੋਕ ਕੇ ਉਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਉਸ ਨਾਲ ਧੱਕਾ-ਮੁੱਕੀ ਵੀ ਕੀਤੀ ਅਤੇ ਉਸ ਦਾ ਮੋਬਾਇਲ ਖੋਹਣ ਤੋਂ ਬਾਅਦ ਵੀਡੀਓ ਵੀ ਡਲੀਟ ਕਰ ਦਿੱਤੀ ਅਤੇ ਮੋਬਾਇਲ ਖੋਹ ਕੇ ਚਲਾ ਗਿਆ। ਉਕਤ ਕਾਰ 'ਤੇ ਐਡਵੋਕੇਟ ਦਾ ਸਟਿੱਕਰ ਵੀ ਲੱਗਾ ਸੀ। ਮਾਮਲੇ ਦੀ ਜਾਣਕਾਰੀ ਥਾਣਾ ਨੰ. 2 ਦੀ ਪੁਲਸ ਨੂੰ ਦਿੱਤੀ ਗਈ ਹੈ। ਏ. ਐੱਸ. ਆਈ. ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਨੇਸ਼ ਦੀ ਸ਼ਿਕਾਇਤ ਲੈ ਲਈ ਗਈ ਹੈ ਅਤੇ ਮਾਮਲੇ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News