ਰਿਸ਼ਤੇਦਾਰਾਂ ’ਤੇ ਰੰਜਿਸ਼ਨ ਹਮਲਾ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

02/11/2021 2:37:56 PM

ਜਲੰਧਰ (ਵਰੁਣ)– ਅਮਨ ਨਗਰ ਵਿਚ ਆਪਣੇ ਹੀ ਰਿਸ਼ਤੇਦਾਰਾਂ ’ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਨੰਬਰ 8 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕੇਸ ਵਿਚ ਗ੍ਰਿਫ਼ਤਾਰ ਮੁਲਜ਼ਮ ਦੀ ਮਾਂ ਅਤੇ 14 ਅਣਪਛਾਤੇ ਲੋਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਥਾਣਾ ਨੰਬਰ 8 ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਨਮੀਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਨਿਊ ਕਾਲੋਨੀ ਅਮਨ ਨਗਰ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਖਹਿਰਾ ਫਾਰਮ ਹਾਊਸ ਵਾਸੀ ਰਵਿੰਦਰਪਾਲ ਸਿੰਘ ਪੁੱਤਰ ਸੇਵਾ ਸਿੰਘ ਨੇ ਦੱਸਿਆ ਸੀ ਕਿ ਉਹ ਖਰਾਦ ਦਾ ਕੰਮ ਕਰਦੇ ਹਨ ਅਤੇ ਆਪਣੀਆਂ ਗੱਡੀਆਂ ਅਮਨ ਨਗਰ ਵਿਚ ਗੈਰੇਜ ਵਿਚ ਹੀ ਖੜ੍ਹੀਆਂ ਕਰਦੇ ਹਨ। ਉਨ੍ਹਾਂ ਦਾ ਦੋਸ਼ ਸੀ ਕਿ ਉਨ੍ਹਾਂ ਦੀ ਇੰਡੀਕਾ ਗੱਡੀ ਕਾਫੀ ਸਮੇਂ ਤੋਂ ਗੈਰੇਜ ਵਿਚ ਖੜ੍ਹੀ ਸੀ। 12 ਦਸੰਬਰ 2020 ਨੂੰ ਉਸ ਗੱਡੀ ਨੂੰ ਸਟਾਰਟ ਕਰਨ ਲਈ ਉਨ੍ਹਾਂ ਦਾ ਛੋਟਾ ਭਰਾ ਪ੍ਰਿਤਪਾਲ ਸਿੰਘ ਬੈਟਰੀ ਲੈ ਕੇ ਗੈਰੇਜ ਗਿਆ ਸੀ, ਜਦਕਿ ਉਹ ਵੀ ਗੈਰੇਜ ਵਿਖੇ ਪਹੁੰਚ ਗਿਆ। ਅਜਿਹੇ ਵਿਚ ਉਨ੍ਹਾਂ ਦਾ ਭਤੀਜਾ ਬਨਮੀਤ ਸਿੰਘ, ਉਸ ਦੀ ਮਾਂ ਅਤੇ 14 ਅਣਪਛਾਤੇ ਵਿਅਕਤੀ ਤੇਜ਼ਧਾਰ ਹਥਿਆਰ ਲੈ ਕੇ ਉਥੇ ਪਹੁੰਚ ਗਏ। ਬਨਮੀਤ ਸਿੰਘ ਨੇ ਉਥੇ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ, ਜਿਸਦਾ ਵਿਰੋਧ ਕਰਨ ’ਤੇ ਉਸਨੇ ਆਪਣੇ ਸਾਥੀਆਂ ਸਮੇਤ ਰਵਿੰਦਰਪਾਲ ਅਤੇ ਉਸਦੇ ਭਰਾ ਪ੍ਰਿਤਪਾਲ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਰੌਲਾ ਸੁਣ ਕੇ ਰਵਿੰਦਰਪਾਲ ਦਾ ਦੂਜਾ ਭਤੀਜਾ ਅਤੇ ਉਸ ਦੀ ਪਤਨੀ ਵੀ ਆ ਗਏ, ਜਿਨ੍ਹਾਂ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਨ੍ਹਾਂ ’ਤੇ ਵੀ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਸ਼ਿਕਾਇਤ ਮਿਲਣ ’ਤੇ ਥਾਣਾ ਨੰਬਰ 8 ਦੀ ਪੁਲਸ ਨੇ ਬਨਮੀਤ ਸਿੰਘ, ਉਸਦੀ ਮਾਂ ਅਤੇ 14 ਅਣਪਛਾਤੇ ਲੋਕਾਂ ਵਿਰੁੱਧ ਕੁੱਟਮਾਰ ਦਾ ਕੇਸ ਦਰਜ ਕੀਤਾ ਸੀ। ਪੁਲਸ ਦਾ ਕਹਿਣਾ ਹੈ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਬੁੱਧਵਾਰ ਨੂੰ ਮੁਲਜ਼ਮ ਬਨਮੀਤ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਸ ਝਗੜੇ ਵਿਚ ਉਸ ਨਾਲ ਹੋਰ ਕੌਣ-ਕੌਣ ਸਨ?

shivani attri

This news is Content Editor shivani attri