ਮਲਕੀਤ ਸਿੰਘ ਲਾਲੀ ਜ਼ਿਲਾ ਕਾਂਗਰਸ (ਦਿਹਾਤੀ) ਦੇ ਉਪ ਪ੍ਰਧਾਨ ਨਿਯੁਕਤ

08/08/2019 8:30:39 PM

ਭੋਗਪੁਰ(ਸੂਰੀ): ਉੱਘੇ ਕਾਂਗਰਸੀ ਆਗੂ ਤੇ ਮਾਰਕੀਟਿੰਗ ਸੁਸਾਇਟੀ ਭੋਗਪੁਰ ਦੇ ਪ੍ਰਧਾਨ ਮਲਕੀਤ ਸਿੰਘ ਲਾਲੀ ਨੂੰ ਜਲੰਧਰ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਵੱਲੋਂ ਜ਼ਿਲਾ ਕਾਂਗਰਸ ਦਿਹਾਤੀ ਦਾ ਉਪ ਪ੍ਰਧਾਨ ਥਾਪਿਆ ਗਿਆ ਹੈ। ਅੱਜ ਜ਼ਿਲਾ ਪ੍ਰਧਾਨ ਸੁਖਵਿੰਦਰ ਲਾਲੀ ਨੇ ਮਲਕੀਤ ਸਿੰਘ ਲਾਲੀ ਨੂੰ ਜ਼ਿਲਾ ਜਲੰਧਰ ਦਿਹਾਤੀ ਦਾ ਉਪ ਪ੍ਰਧਾਨ ਬਣਾਏ ਜਾਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰਧਾਨ ਲਾਲੀ ਨੇ ਉਪ ਪ੍ਰਧਾਨ ਮਲਕੀਤ ਸਿੰਘ ਨੂੰ ਉਨ੍ਹਾਂ ਦਾ ਨਿਯੁਕਤੀ ਪੱਤਰ ਦਿੱਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਸੈਣੀ, ਭੋਗਪੁਰ ਦੇ ਸੀਨੀਅਰ ਕਾਂਗਰਸੀ ਸੁਭਾਸ਼ ਅਰੋੜਾ, ਮਨਵੀਰ ਸਿੰਘ ਤੇ ਹਨੀ ਸਿੰਘ ਵੀ ਉਨ੍ਹਾਂ ਨਾਲ ਹਾਜ਼ਰ ਸਨ। ਜ਼ਿਲਾ ਪ੍ਰਧਾਨ ਲਾਲੀ ਨੇ ਕਿਹਾ ਕਿ ਮਲਕੀਤ ਸਿੰਘ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਹੈ। ਮਲਕੀਤ ਸਿੰਘ ਦੇ ਪਿਤਾ ਵੱਲੋਂ ਵੀ ਕਾਂਗਰਸ ਪਾਰਟੀ ਦੀ ਲੰਮਾ ਸਮਾਂ ਸੇਵਾ ਕੀਤੀ ਗਈ। ਮਲਕੀਤ ਸਿੰਘ ਨੂੰ ਜ਼ਿਲੇ ਦਾ ਉਪ ਪ੍ਰਧਾਨ ਬਣਾਏ ਜਾਣ ਨਾਲ ਪਾਰਟੀ ਨੂੰ ਦਿਹਾਤੀ ਖੇਤਰਾਂ 'ਚ ਹੋਰ ਮਜ਼ਬੂਤ ਮਿਲੇਗੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਪ ਪ੍ਰਧਾਨ ਸ. ਲਾਲੀ ਨੇ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਪਾਰਟੀ ਵੱਲੋਂ ਮੈਨੂੰ ਜ਼ਿਲਾ ਪੱਧਰ ਦੀ ਜਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਵਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਤੇ ਸਨਮਾਨ ਲਈ ਉਹ ਪਾਰਟੀ ਦਾ ਧੰਨਵਾਦ ਕਰਦੇ ਹਨ ਅਤੇ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।