2 ਵੈਗਨ ਪਟੜੀ ਤੋਂ ਉਤਰੇ, ਰੇਲਵੇ ਅਧਿਕਾਰੀਆਂ ''ਚ ਮਚੀ ਹਫੜਾ-ਦਫੜੀ

01/25/2020 1:37:43 PM

ਜਲੰਧਰ (ਗੁਲਸ਼ਨ)— ਸ਼ੁੱਕਰਵਾਰ ਸਵੇਰੇ ਸਿਟੀ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਯਾਰਡ 'ਚ ਮਾਲਗੱਡੀ ਦੇ ਦੋ ਵੈਗਨ ਅਤੇ ਇਕ ਇੰਜਣ ਆਪਸ 'ਚ ਭਿੜ ਗਏ। ਇਸ ਦੌਰਾਨ ਨਾਰਦਰਨ ਰੇਲਵੇ ਦੇ ਜੀ. ਐੱਮ. ਟੀ. ਪੀ. ਸਿੰਘ ਅਤੇ ਡੀ. ਆਰ. ਐੱਮ. ਰਾਜੇਸ਼ ਅੱਗਰਵਾਲ ਵੀ ਜਲੰਧਰ ਸਿਟੀ ਸਟੇਸ਼ਨ 'ਤੇ ਹੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਜੀ. ਐੱਮ. ਟੀ. ਪੀ. ਸਿੰਘ ਸੁਲਤਾਨਪੁਰ ਲੋਧੀ ਅਤੇ ਬਿਆਸ ਰੇਲਵੇ ਸਟੇਸ਼ਨਾਂ ਦੀ ਇੰਸਪੈਕਸ਼ਨ ਕਰਨ ਲਈ ਆਏ ਸਨ। ਪ੍ਰੋਟੋਕਾਲ ਦੇ ਕਾਰਣ ਡੀ. ਆਰ. ਐੱਮ. ਵੀ ਫਿਰੋਜ਼ਪੁਰ ਤੋਂ ਵਿਸ਼ੇਸ਼ ਤੌਰ 'ਤੇ ਜਲੰਧਰ ਪਹੁੰਚੇ ਸਨ।

PunjabKesari

ਸਵੇਰੇ ਕਰੀਬ 6.30 ਵਜੇ ਯਾਰਡ 'ਚ ਸ਼ੰਟ ਹੋ ਰਹੀ ਮਾਲਗੱਡੀ ਦੇ ਵੈਗਨ ਅਤੇ ਇਕ ਇੰਜਣ ਆਪਸ 'ਚ ਭਿੜ ਗਏ। ਜਿਸ ਨਾਲ ਮਾਲਗੱਡੀ ਦੇ ਦੋ ਵੈਗਨ ਪਟੜੀ ਤੋਂ ਉਤਰ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਲੋਕੋ ਲਾਬੀ ਤੋਂ ਹੂਟਰ ਵੱਜਿਆ। ਹੂਟਰ ਵੱਜਦਿਆਂ ਹੀ ਰੇਲਵੇ ਅਧਿਕਾਰੀਆਂ 'ਚ ਹਫੜਾ-ਦਫੜੀ ਮਚ ਗਈ। ਸਟੇਸ਼ਨ ਮਾਸਟਰ ਆਰ. ਕੇ. ਬਹਿਲ, ਐੱਸ. ਐੱਸ. ਈ. (ਪੀ. ਡਬਲਯੂ. ਆਈ.) ਸੁਭਾਸ਼ ਚੰਦਰ, ਸੀ. ਡੀ. ਓ. ਉਪਕਾਰ ਵਸ਼ਿਸ਼ਠ, ਯਾਰਡ ਮਾਸਟਰ ਵੀ. ਕੇ. ਚੱਢਾ, ਕੈਰਿਜ ਐਂਡ ਵੈਗਨ ਦੇ ਐੱਸ. ਐੱਸ. ਈ. ਸੁਨੀਲ ਕੁਮਾਰ, ਪਰਮਿਦੰਰ ਪਿੰਕੀ, ਬਲਜੀਤ ਿਸੰਘ ਤੋਂ ਇਲਾਵਾ ਫਿਰੋਜ਼ਪੁਰ ਡਵੀਜ਼ਨ ਦੇ ਡੀ. ਐੱਸ. ਓ. ਤੇ ਡੀ. ਟੀ. ਐੱਮ. (ਲੁਧਿਆਣਾ) ਪਰਮਿੰਦਰ ਸਿੰਘ ਵੀ ਮੌਕੇ 'ਤੇ ਪਹੁੰਚੇ ਤੇ ਰਾਹਤ ਦਾ ਕੰਮ ਸ਼ੁਰੂ ਕਰਵਾਇਆ।
ਜਾਣਕਾਰੀ ਮੁਤਾਬਿਕ ਯਾਰਡ ਦੀ ਲਾਈਨ ਨੰਬਰ 8 'ਤੇ ਮਾਲਗੱਡੀ ਦੇ 18 ਵੈਗਨ ਅਤੇ ਇਕ ਇੰਜਣ ਲੁਧਿਆਣਾ ਸਾਈਡ ਵਲ ਸ਼ੰਟ ਹੋ ਰਿਹਾ ਸੀ। ਇਸ ਦੇ ਨਾਲ ਹੀ ਲਾਈਨ ਨੰਬਰ 12 'ਤੇ ਦੋ ਮਲਟੀਪਲ ਇੰਜਣ ਬੈਕ ਆ ਰਹੇ ਸਨ। ਕੰਢਾ ਇਕ ਹੁੰਦਿਆਂ ਹੀ ਇੰਜਨ ਅਤੇ ਮਾਲਗੱਡੀ ਆਪਸ 'ਚ ਭਿੜ ਗਏ। ਜ਼ਬਰਦਸਤ ਝਟਕੇ ਤੋਂ ਬਾਅਦ ਮਾਲਗੱਡੀ ਦੇ ਅਗਲੇ 2 ਵੈਗਨ ਪਟੜੀ ਤੋਂ ਹੇਠਾਂ ਉਤਰ ਗਏ। ਰੇਲਵੇ ਕਰਮਚਾਰੀਆਂ ਵਲੋਂ ਹਾਈਡਰੋਲਿਕ ਜੈੱਕ ਤੇ ਹੋਰ ਉਪਕਰਣਾਂ ਦੀ ਮਦਦ ਨਾਲ 4 ਘੰਟੇ ਦੀ ਮਸ਼ੱਕਤ ਤੋਂ ਬਾਅਦ ਦੋਵਾਂ ਵੈਗਨਾਂ ਨੂੰ ਦੋਬਾਰਾ ਪੱਟੜੀ 'ਤੇ ਲਿਆਂਦਾ ਗਿਆ।

PunjabKesari

ਘਟਨਾ ਲਈ ਸ਼ੰਟਰ ਤੇ ਪੁਆਇੰਟਮੈਨ ਨੂੰ ਦੋਸ਼ੀ ਠਹਿਰਾਇਆ
ਮਾਲਗੱਡੀ ਦੇ ਵੈਗਨ ਪਟੜੀ 'ਤੇ ਲਿਆਉਣ ਤੋਂ ਬਾਅਦ ਰੇਲਵੇ ਦੇ ਮੁੱਖ ਅਧਿਕਾਰੀਆਂ ਵਲੋਂ ਘਟਨਾ ਦੇ ਕਾਰਨਾਂ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਇਕ ਜੁਆਇੰਟ ਨੋਟ ਤਿਆਰ ਕੀਤਾ ਗਿਆ। ਸੂਤਰਾਂ ਮੁਤਾਬਕ ਪਹਿਲੇ ਪੜਾਅ 'ਚ ਸ਼ੰਟਰ ਰਾਜੇਸ਼ ਕੁਮਾਰ ਅਤੇ ਪੁਆਇੰਟਸ ਮੈਨ ਮੋਨੂੰ ਮਲਿਕ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਅਧਿਕਾਰੀਆਂ ਵੱਲੋਂ ਬਣਾਏ ਗਏ ਜੁਆਇੰਟ ਨੋਟ ਨੂੰ ਫਿਰੋਜ਼ਪੁਰ ਡਵੀਜ਼ਨ ਦੇ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ। ਡਵੀਜ਼ਨ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਜੀ. ਐੱਮ. ਤੇ ਡੀ. ਆਰ. ਐੱਮ. ਮੌਕੇ 'ਤੇ ਨਹੀਂ ਗਏ
ਨਾਰਦਰਨ ਰੇਲਵੇ ਦੇ ਜੀ. ਐੱਮ. ਅਤੇ ਡੀ. ਆਰ. ਐੱਮ. ਸਟੇਸ਼ਨ 'ਤੇ ਮੌਜੂਦ ਹੋਣ ਦੇ ਬਾਵਜੂਦ ਮੌਕੇ 'ਤੇ ਨਹੀਂ ਗਏ। ਭਾਵੇਂ ਜਿਸ ਥਾਂ 'ਤੇ ਡੀ-ਰੇਲਮੈਂਟ ਹੋਈ, ਉਸ ਤੋਂ ਥੋੜ੍ਹੀ ਦੂਰੀ 'ਤੇ ਹੀ ਜੀ. ਐੱਮ. ਦਾ ਵਿਸ਼ੇਸ਼ ਸੈਲੂਨ ਖੜ੍ਹਾ ਸੀ। ਸਵੇਰੇ ਕਰੀਬ 8.30 ਵਜੇ ਜੀ. ਐੱਮ. ਆਪਣੇ ਵਿਸ਼ੇਸ਼ ਸੈਲੂਨ ਵਿਚੋਂ ਤਿਆਰ ਹੋ ਕੇ ਬਾਹਰ ਨਿਕਲੇ ਅਤੇ ਸੜਕੀ ਰਸਤੇ ਸੁਲਤਾਨਪੁਰ ਲੋਧੀ ਲਈ ਰਵਾਨਾ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਨਾਲ ਡੀ. ਆਰ. ਐੱਮ. ਰਾਜੇਸ਼ ਅਗਰਵਾਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।


shivani attri

Content Editor

Related News