ਰੂਪਨਗਰ ਵਿਖੇ ''ਲੰਪੀ ਸਕਿਨ'' ਦੀ ਬੀਮਾਰੀ ਦੀ ਲਪੇਟ ''ਚ ਤੇਜ਼ੀ ਨਾਲ ਆ ਰਹੇ ਪਸ਼ੂ, 366 ਤੱਕ ਪਹੁੰਚੀ ਗਿਣਤੀ

08/06/2022 6:32:19 PM

ਰੂਪਨਗਰ (ਕੈਲਾਸ਼)- ਪਿੰਡਾਂ ’ਚ ਫੈਲੀ ਲੰਪੀ ਸਕਿਨ ਡਿਸੀਜ਼ (ਐੱਲ. ਐੱਸ. ਡੀ.) ਦੇ ਚਲਦਿਆਂ ਜ਼ਿਲ੍ਹੇ ’ਚ ਪ੍ਰਭਾਵਿਤ ਪਸ਼ੂਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਬੀਤੇ ਦਿਨ 107 ਪਸ਼ੂ ਐੱਲ. ਐੱਸ. ਡੀ. ਬੀਮਾਰੀ ਦੀ ਲਪੇਟ ’ਚ ਆਏ ਹਨ। ਜਿਸ ਤੋਂ ਬਾਅਦ ਕੁੱਲ ਅੰਕੜਾ 366 ਪਹੁੰਚ ਗਿਆ ਹੈ, ਜਦਕਿ 8 ਗਊਆਂ ਨੂੰ ਤੰਦਰੁਸਤ ਹੋਣ ’ਤੇ ਵੱਖਰੇ ਤੌਰ 'ਤੇ ਇਕਾਂਤਵਾਸ ’ਚ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤਕ 4 ਗਊਆਂ ਦੀ ਐੱਲ. ਐੱਸ. ਡੀ. ਬੀਮਾਰੀ ਕਾਰਨ ਮੌਤ ਹੋਣ ਦਾ ਵੀ ਸਮਾਚਾਰ ਹੈ, ਪਰ ਬੀਮਾਰੀ ਫੈਲਣ ਤੋਂ ਬਚਾਉਣ ਲਈ ਮ੍ਰਿਤਕ ਗਊਆਂ ਦਾ ਪੋਸਟਮਾਰਟਮ ਵਿਭਾਗ ਵੱਲੋਂ ਨਹੀ ਕਰਵਾਇਆ ਜਾ ਰਿਹਾ।

ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਜ਼ਿਲ੍ਹਾ ਰੂਪਨਗਰ ਬਹਾਦੁਰ ਸਿੰਘ ਨੇ ਦੱਸਿਆ ਕਿ ਜ਼ਿਲੇ ’ਚ ਕਰੀਬ 2 ਲੱਖ 5 ਹਜ਼ਾਰ ਦੁਧਾਰੂ ਪਸ਼ੂ ਮੌਜੂਦ ਹਨ ਜਿਨ੍ਹਾਂ ’ਚ ਗਾਂ ਅਤੇ ਮੱਝਾਂ ਸ਼ਾਮਲ ਹਨ, ਪਰ ਐੱਲ.ਐੱਸ.ਡੀ. ਬੀਮਾਰੀ ਜ਼ਿਆਦਾਤਰ ਗਊਆਂ ਨੂੰ ਹੀ ਆਪਣੀ ਲਪੇਟ ’ਚ ਲੈ ਰਿਹਾ ਹੈ, ਜਦਕਿ ਜਿਹੜੀਆਂ ਮੱਝਾਂ ਇਸ ਬੀਮਾਰੀ ਦੀ ਲਪੇਟ ’ਚ ਆਈ ਹੈ, ਉਨ੍ਹਾਂ ’ਚ ਇਸ ਬੀਮਾਰੀ ਦਾ ਪ੍ਰਭਾਅ ਬਹੁਤ ਘੱਟ ਵੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ: ਰਿਪੋਰਟ 'ਚ ਖ਼ੁਲਾਸਾ, ਬਾਲ ਮਜਦੂਰੀ 'ਚ 18 ਸੂਬਿਆਂ ਵਿਚੋਂ ਪੰਜਾਬ ਸਭ ਤੋਂ ਉੱਪਰ

ਚਿੱਚੜ ਬੀਮਾਰੀ ਨਾਲ ਮੱਛਰ ਅਤੇ ਮੱਖੀਆਂ ਬੀਮਾਰੀ ਫੈਲਣ ਦਾ ਕਾਰਨ

ਡਾ. ਬਹਾਦੁਰ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਪਸ਼ੂਆਂ ’ਚ ਚਿੱਚੜ ਲੱਗਣਾ ਆਮ ਕਾਰਨ ਹੈ, ਪਰ ਉਕਤ ਚਿੱਚੜ ਐੱਲ. ਐੱਸ. ਡੀ. ਬੀਮਾਰੀ ਫੈਲਾਉਣ ਲਈ ਇਕ ਵੱਡਾ ਕਾਰਨ ਹੈ। ਇਸ ਤੋਂ ਇਲਾਵਾ ਮੱਛਰ ਅਤੇ ਮੱਖੀਆਂ ਨਾਲ ਵੀ ਐੱਲ. ਐੱਸ. ਡੀ. ਬੀਮਾਰੀ ਫੈਲ ਰਹੀ ਹੈ। ਉਨ੍ਹਾਂ ਦੱਸਿਆ ਕਿ ਚਿੱਚੜ ਲਗਣ ਕਾਰਨ ਪਸ਼ੂਆਂ ’ਚ ਖੂਨ ਦੀ ਵੀ ਭਾਰੀ ਕਮੀ ਹੁੰਦੀ ਹੈ। ਇਸ ਲਈ ਪਸ਼ੂਆਂ ਨੂੰ ਚਿੱਚੜ ਤੋਂ ਬਚਾਉਣ ਲਈ ਡਾਕਟਰ ਦੀ ਸਲਾਹ ’ਤੇ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਬੀਮਾਰੀ ਫੈਲਣ ਤੋਂ ਰੋਕਣ ਲਈ ਜਿੱਥੇ ਪਸ਼ੂ ਰੱਖੇ ਹੋਣ, ਉੱਥੇ ਫਿਨਾਇਲ, ਚੂਨਾ ਅਤੇ ਫਾਰਮਾਲੀਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਪਸ਼ੂਆਂ ਨੂੰ ਖੁਰਾਕ ’ਚ ਹਰਾ ਚਾਰਾ ਅਤੇ ਜ਼ਿਆਦਾ ਪਾਣੀ ਦੇਣਾ ਚਾਹੀਦਾ ਹੈ ਅਤੇ ਸੁੱਕਾ ਚਾਰਾ ਨਹੀ ਪਾਉਣਾ ਚਾਹੀਦਾ। ਇਸ ਤੋਂ ਇਲਾਵਾ ਜਿਹੜੇ ਪਸ਼ੂ ਐੱਲ. ਐੱਸ. ਡੀ. ਦੀ ਲਪੇਟ ’ਚ ਆ ਗਏ ਹਨ ਅਤੇ ਉਨ੍ਹਾਂ ਤੋਂ ਦੂਜੇ ਪਸ਼ੂਆਂ ਦੀ ਦੂਰੀ ਬਣਾਏ ਰੱਖਣਾ ਜ਼ਰੂਰੀ ਹੈ।

ਰੂਪਨਗਰ ਬਲਾਕ ’ਚ 48 ਗਊਆਂ ਐੱਲ.ਐੱਸ.ਡੀ. ਦੀ ਲਪੇਟ ’ਚ 

ਜ਼ਿਲ੍ਹਾ ਪੋਲੀਕਲੀਨਿਕ ਪਸ਼ੂ ਹਸਪਤਾਲ ’ਚ ਮੌਜੂਦਾ ਜ਼ਿਲ੍ਹਾ ਵੈਟਨਰੀ ਅਫ਼ਸਰ ਡਾ. ਮਹਿੰਦਰ ਸਿੰਘ, ਵੈਟਨਰੀ ਇੰਸਪੈਕਟਰ ਰਮੇਸ਼ ਕੱਕੜ, ਡਾ. ਰਵਿੰਦਰ ਮੋਹਨ, ਡਾ. ਨਰੇਸ਼ ਕੁਮਾਰ, ਡਾ. ਪੁਸ਼ਪ ਸੈਣੀ, ਡਾ. ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਰੂਪਨਗਰ ਬਲਾਕ ਦੇ ਅਧੀਨ ਪੈਂਦੇ ਰੋਪੜ, ਘਨੌਲੀ, ਸਰਸਾ ਨੰਗਲ, ਭਰਤਗੜ੍ਹ, ਮਿਆਂਪੁਰ, ਪੁਰਖਾਲੀ, ਸਿੰਘ ਭਗਵੰਤਪੁਰਾ ਆਦਿ ਦੇ ਪਸ਼ੂ ਹਸਪਤਾਲਾਂ ’ਚ ਰੋਜ਼ਾਨਾ 18 ਤੋਂ 20 ਪਸ਼ੂ ਐੱਲ.ਐੱਸ.ਡੀ. ਬੀਮਾਰੀ ਦੇ ਆ ਰਹੇ ਸਨ, ਜਦਕਿ ਅੱਜ ਇਨ੍ਹਾਂ ਦੀ ਗਿਣਤੀ ਵੱਧ ਕੇ 48 ਹੋ ਗਈ ਹੈ।

ਪਸ਼ੂਆਂ ਨੂੰ ਚੁੱਕਣ ਲਈ ਜ਼ਿਲੇ ’ਚ ਨਹੀ ਹੈ ਕੋਈ ਲਿਫਟਿੰਗ ਮਸ਼ੀਨ

ਦੂਜੇ ਪਾਸੇ ਉਕਤ ਅਧਬੇਹੋਸ਼ੀ ਦੀ ਹਾਲਤ ’ਚ ਪਈ ਗਾਂ ਨੂੰ ਚੁੱਕਣ ਲਈ ਜਦ ਨਗਰ ਕੌਂਸਲ, ਗੋਪਾਲ ਗਊਸ਼ਾਲਾ ਦੇ ਅਧਿਕਾਰੀਆਂ ਨਲਾ ਗੱਲ ਕੀਤੀ ਗਈ ਤਾਂ ਉਨ੍ਹਾਂ ਕੋਲ ਲਿਫਟਿੰਗ ਮਸ਼ੀਨ ਨਾ ਹੋਣ ਦਾ ਪਤਾ ਲੱਗਿਆ। ਸੂਤਰਾਂ ਅਨੁਸਾਰ ਜ਼ਿਲੇ ’ਚ ਬੀਮਾਰ ਪਸ਼ੂਆਂ ਨੂੰ ਚੁੱਕਣ ਲਈ ਕੋਈ ਲਿਫਟਿੰਗ ਮਸ਼ੀਨ ਮੌਜੂਦ ਨਹੀ ਹੈ ਜਿਸ ਨੂੰ ਲੈ ਕੇ ਸਮਾਜਸੇਵੀਆਂ ਨੇ ਇਸ ਦੀ ਤੁਰੰਤ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਜਲੰਧਰ: ਮੋਬਾਇਲ ਐਪ ’ਤੇ ਹੋਈ ਦੋਸਤੀ ਦਾ ਖ਼ੌਫ਼ਨਾਕ ਅੰਜਾਮ, ਵਿਆਹ ਰਚਾ ਸਾਜ਼ਿਸ਼ ਤਹਿਤ ਕਰਵਾ ਦਿੱਤਾ ਗਰਭਪਾਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Anuradha

This news is Content Editor Anuradha