ਲਵਲੀ ਆਟੋਜ਼ ਗੋਲੀਕਾਂਡ: ਅਸਲਾ ਮੁਹੱਈਆ ਕਰਵਾਉਣ ਵਾਲੇ ਪਿਓ-ਪੁੱਤ ਪ੍ਰੋਡੱਕਸ਼ਨ ਵਾਰੰਟ 'ਤੇ

03/14/2020 6:57:39 PM

ਜਲੰਧਰ/ਕਪੂਰਥਲਾ (ਭੂਸ਼ਣ)— ਖਤਰਨਾਕ ਅਪਰਾਧੀਆਂ ਨੂੰ ਲਾਇਸੈਂਸ ਧਾਰਕਾਂ ਦੇ ਹਥਿਆਰ ਚੋਰੀ ਮੁੱਹਈਆ ਕਰਵਾਉਣ ਦੇ ਮਾਮਲੇ 'ਚ ਲੋੜੀਂਦੇ ਸ਼ਹਿਰ ਦੇ ਇਕ ਗੰਨ ਹਾਊਸ ਦੇ ਮਾਲਕ ਅਤੇ ਉਸ ਦੇ ਲੜਕੇ ਨੂੰ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਪ੍ਰੋਡੱਕਸ਼ਨ ਵਾਰੰਟ 'ਤੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮੁਲਜ਼ਮਾਂ ਨੂੰ ਜਿੱਥੇ ਅਦਾਲਤ ਨੇ 4 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ, ਉਥੇ ਹੀ ਗ੍ਰਿਫਤਾਰ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਸ਼ਹਿਰ ਦੇ ਬੱਸ ਸਟੈਂਡ ਦੇ ਨਜ਼ਦੀਕ ਪੈਂਦੇ ਉਨ੍ਹਾਂ ਦੇ ਗੰਨ ਹਾਊਸ 'ਚ ਪਏ ਹਥਿਆਰਾਂ ਦੀ ਗਿਣਤੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

PunjabKesari

ਜਾਣਕਾਰੀ ਅਨੁਸਾਰ ਸੂਬੇ ਦੇ ਕਈ ਖਤਰਨਾਕ ਅਪਰਾਧੀਆਂ ਨੂੰ ਅਪਰਾਧਿਕ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੇ ਮਕਸਦ ਵਿਚ ਲੋਕਾਂ ਵੱਲੋਂ ਜਮ੍ਹਾ ਕਰਵਾਏ ਗਏ ਲਾਇਸੈਂਸੀ ਹਥਿਆਰ ਦਿੱਤੇ ਜਾਣ ਨੂੰ ਲੈ ਕੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਸ਼ਹਿਰ ਦੇ ਬੱਸ ਸਟੈਂਡ ਖੇਤਰ ਦੇ ਨਜ਼ਦੀਕ ਪੈਂਦੇ ਸੁਖਜੀਤ ਨਗਰ 'ਚ ਗੰਨ ਹਾਊਸ ਦੇ ਮਾਲਕ ਸਿਮਰਤਜੀਤ ਸਿੰਘ ਪੁੱਤਰ ਪੂਰਨ ਸਿੰਘ ਅਤੇ ਉਸ ਦੇ ਲੜਕੇ ਵਿਕਰਮਜੀਤ ਸਿੰਘ ਪੁੱਤਰ ਸਿਮਰਤਜੀਤ ਸਿੰਘ ਦੇ ਖਿਲਾਫ ਐੱਫ. ਆਈ. ਆਰ. ਨੰ. 43 ਸਾਲ 2020 ਤਹਿਤ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ। ਇਨ੍ਹਾਂ ਦੋਨਾਂ ਗੰਨ ਹਾਊਸ ਮਾਲਕਾਂ ਨੇ ਜਲੰਧਰ ਦੇ ਇਕ ਵਿਅਕਤੀ ਨੂੰ ਕਿਸੇ ਆਰਮਜ਼ ਲਾਇਸੈਂਸ ਧਾਰਕ ਦਾ ਹਥਿਆਰ ਮੁੱਹਈਆ ਕਰਵਾਇਆ ਸੀ। ਜਿਸ ਨੇ ਉਕਤ ਹਥਿਆਰ ਨਾਲ ਲਵਲੀ ਆਟੋਜ਼ 'ਚ ਗੋਲੀ ਮਾਰ ਕੇ ਲੜਕੀ ਦਾ ਕਤਲ ਕੀਤਾ ਸੀ।

PunjabKesari

ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਇਨ੍ਹਾਂ ਦੋਨਾਂ ਆਰਮਜ਼ ਡੀਲਰਾਂ ਦੇ ਨਾਂ ਸਾਹਮਣੇ ਆਏ। ਜਿਸ ਦੇ ਬਾਅਦ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਡੀ. ਐੱਸ. ਪੀ. ਸਬ ਡਵੀਜ਼ਨ ਹਰਿੰਦਰ ਸਿੰਘ ਗਿੱਲ ਦੀ ਨਿਗਰਾਨੀ 'ਚ ਇਕ ਵਿਸ਼ੇਸ਼ ਟੀਮ ਦਾ ਗਠਨ ਕਰ ਦਿੱਤਾ ਪਰ ਇਸ ਦੌਰਾਨ ਲੜਕੀ ਦੇ ਕਤਲ ਮਾਮਲੇ 'ਚ ਸ਼ਾਮਲ ਮੁਲਜ਼ਮ ਨੂੰ ਲਾਇਸੈਂਸ ਹਥਿਆਰ ਮੁੱਹਈਆ ਕਰਵਾਉਣ ਦੇ ਮਾਮਲੇ 'ਚ ਜਲੰਧਰ ਕਮਿਸ਼ਨਰੇਟ ਪੁਲਸ ਨੇ ਸਿਮਰਤਜੀਤ ਸਿੰਘ ਅਤੇ ਉਸ ਦੇ ਪੁੱਤਰ ਵਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਨੂੰ ਜਲੰਧਰ ਪੁਲਸ ਦੀ ਸੂਚਨਾ ਅਤੇ ਐੱਸ. ਐੱਚ. ਓ. ਸਿਟੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਪ੍ਰੋਡੱਕਸ਼ਨ ਵਾਰੰਟ 'ਤੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਦੋਨਾਂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਹਨ। ਉਥੇ ਹੀ ਮੁਲਜ਼ਮਾਂ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਸਿਟੀ ਪੁਲਸ ਨੇ ਸ਼ੁਕਰਵਾਰ ਨੂੰ ਸੁਖਜੀਤ ਨਗਰ 'ਚ ਸਥਿਤ ਉਨ੍ਹਾਂ ਦੇ ਗੰਨ ਹਾਊਸ ਦੀ ਤਲਾਸ਼ੀ ਲਈ। ਆਖਿਰੀ ਸਮਾਚਾਰ ਮਿਲਣ ਤਕ ਗੰਨ ਹਾਊਸ 'ਚ ਹਥਿਆਰਾਂ ਦੀ ਗਿਣਤੀ ਦਾ ਕੰਮ ਜਾਰੀ ਸੀ।

ਇਹ ਵੀ ਪੜ੍ਹੋ: ਲਵਲੀ ਆਟੋਜ਼ ਗੋਲੀਕਾਂਡ: 10 ਮਹੀਨਿਆਂ ਬਾਅਦ ਗੰਨ ਹਾਊਸ ਦੇ ਮਾਲਕ ਬਾਪ-ਬੇਟਾ ਗ੍ਰਿਫਤਾਰ
ਇਹ ਵੀ ਪੜ੍ਹੋ: ਲਵਲੀ ਆਟੋਜ਼ ਗੋਲੀਕਾਂਡ : ਗੰਨ ਹਾਊਸ ਦਾ ਸਾਰਾ ਰਿਕਾਰਡ ਮੰਗਵਾ ਕੇ ਚੈੱਕ ਕੀਤਾ ਜਾਵੇਗਾ


shivani attri

Content Editor

Related News