40 ਤੋਲੇ ਸੋਨਾ ਤੇ ਲੱਖਾਂ ਦੀ ਲੁੱਟ ਦਾ ਮਾਮਲਾ ਸੁਲਝਿਆ, ਮੁੱਖ ਮੁਲਜ਼ਮ ਗ੍ਰਿਫਤਾਰ

03/17/2020 12:45:11 PM

ਕਪੂਰਥਲਾ (ਭੂਸ਼ਣ)— ਕਪੂਰਥਲਾ ਦੀ ਪੁਲਸ ਨੇ ਐੱਨ. ਆਰ. ਆਈ. ਮਹਿਲਾ ਨਾਲ ਹੋਈ ਲੁੱਟਖੋਹ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਬੀਤੇ ਦਿਨੀਂ ਇੰਗਲੈਂਡ ਤੋਂ ਆਈ ਇਕ ਐੱਨ. ਆਰ. ਆਈ. ਮਹਿਲਾ ਤੋਂ 40 ਤੋਲੇ ਸੋਨੇ ਦੇ ਗਹਿਣੇ, 2 ਲੱਖ ਰੁਪਏ ਮੁੱਲ ਦੇ ਪਾਊਂਡ ਅਤੇ 2 ਲੱਖ ਰੁਪਏ ਦੀ ਭਾਰਤੀ ਕਰੰਸੀ ਖੋਹਣ ਦੇ ਮਾਮਲੇ ਨੂੰ 48 ਘੰਟਿਆਂ 'ਚ ਸੁਲਝਾਉਂਦੇ ਹੋਏ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਗ੍ਰਿਫਤਾਰ ਮੁਲਜ਼ਮ ਤੋਂ ਵੱਡੀ ਮਾਤਰਾ 'ਚ ਲੁਟਿਆ ਗਿਆ ਸੋਨਾ, ਪਾਊਂਡ ਅਤੇ ਭਾਰਤੀ ਕਰੰਸੀ ਵੀ ਬਰਾਮਦ ਕਰ ਲਈ ਹੈ, ਜਦੋਂ ਕਿ ਮੁਲਜ਼ਮ ਦਾ ਦੂਜਾ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ। ਜਿਸ ਦੀ ਭਾਲ 'ਚ ਛਾਪੇਮਾਰੀ ਜਾਰੀ ਹੈ।

ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਡੀ. ਐੱਸ. ਪੀ. ਸਬ ਡਵੀਜ਼ਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ 13 ਮਾਰਚ 2020 ਦੀ ਰਾਤ ਕਪੂਰਥਲਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਹਰਭਜਨ ਕੌਰ ਪਤਨੀ ਕਰਨਜੀਤ ਸਿੰਘ ਨਿਵਾਸੀ ਮਕਾਨ ਨੰਬਰ 506 ਮਾਡਲ ਟਾਊਨ ਜੋ ਕਿ ਇੰਗਲੈਂਡ ਨਾਲ ਸਬੰਧਤ ਹੈ ਆਪਣੇ ਪਰਿਵਾਰ ਨਾਲ ਇੰਗਲੈਂਡ ਤੋਂ ਸ਼ੌਪਿੰਗ ਕਰਨ ਲਈ ਭਾਰਤ ਆਈ ਹੋਈ ਸੀ। 13 ਮਾਰਚ ਨੂੰ ਦਿਨ ਦੇ 2 ਵਜੇ ਹਰਭਜਨ ਕੌਰ ਪੰਜ ਮੰਦਿਰ ਦੇ ਨਜ਼ਦੀਕ ਸੋਨੇ ਦੇ ਗਹਿਣੇ ਬਣਵਾਉਣ ਲਈ ਗਈ ਸੀ ਜਦੋਂ ਉਹ ਰਾਤ 8 ਵਜੇ ਜ਼ੇਵਰ ਦੀ ਦੁਕਾਨ ਤੋਂ 40 ਤੋਲੇ ਸੋਨੇ ਦੇ ਗਹਿਣੇ ਲੈ ਕੇ ਗੱਡੀ 'ਚ ਬੈਠਣ ਲਈ ਦੁਕਾਨ 'ਚੋਂ ਬਾਹਰ ਨਿਕਲੀ ਤਾਂ 2 ਅਣਪਛਾਤੇ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਹਰਭਜਨ ਕੌਰ ਦੇ ਹੱਥ 'ਚ ਫੜਿਆ ਬੈਗ ਖੋਹ ਕੇ ਫਰਾਰ ਹੋ ਗਏ ਸੀ। ਬੈਗ 'ਚ 40 ਤੋਲੇ ਸੋਨੇ ਦੇ ਗਹਿਣੇ, 2 ਲੱਖ ਰੁਪਏ ਦੀ ਭਾਰਤੀ ਕਰੰਸੀ ਅਤੇ 2 ਲੱਖ ਰੁਪਏ ਦੇ ਪਾਊਂਡ ਅਤੇ ਜ਼ਰੂਰੀ ਦਸਤਾਵੇਜ਼ ਸਨ।

ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਹਥਿਆਰ ਮੰਗਵਾ ਕੇ ਗੈਂਗਸਟਰਾਂ ਨੂੰ ਦੇਣ ਵਾਲੇ 3 ਰਾਊਂਡਅਪ

ਪੁਲਸ ਨੇ ਬਣਾਈ ਸੀ ਵਿਸ਼ੇਸ਼ ਟੀਮ
ਉਨ੍ਹਾਂ ਕਿਹਾ ਕਿ ਮਾਮਲਾ ਸਬੰਧੀ ਕਾਰਵਾਈ ਕਰਦੇ ਹੋਏ ਪੁਲਸ ਨੇ ਇਕ ਵਿਸ਼ੇਸ਼ ਟੀਮ ਤਿਆਰ ਕੀਤੀ। ਉਕਤ ਟੀਮ ਨੇ ਸ਼ਹਿਰ ਅਤੇ ਆਸਪਾਸ ਦੇ ਖੇਤਰ ਵੱਡੇ ਪੱਧਰ 'ਤੇ ਸਰਚ ਮੁਹਿੰਮ ਚਲਾਉਂਦੇ ਹੋਏ 48 ਘੰਟਿਆਂ ਦੇ ਅੰਦਰ ਇਸ ਵਾਰਦਾਤ ਨੂੰ ਸੁਲਝਾਉਂਦੇ ਹੋਏ ਮੁੱਖ ਮੁਲਜ਼ਮ ਐਥਨੀ ਉਰਫ ਰਾਹੁਲ ਪੁੱਤਰ ਕਸ਼ਮੀਰੀ ਲਾਲ ਵਾਸੀ ਪਿੰਡ ਲਖਨ ਕਲਾ ਥਾਣਾ ਸਦਰ ਕਪੂਰਥਲਾ ਨੂੰ ਗ੍ਰਿਫਤਾਰ ਕਰ ਲਿਆ। ਜਿਸ ਦੌਰਾਨ ਮੁਲਜ਼ਮ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਦੇ ਸਮੇਂ ਇਸਤੇਮਾਲ ਵਿਚ ਲਿਆਂਦਾ ਗਿਆ ਮੋਟਰਸਾਈਕਲ ਬਰਾਮਦ ਕਰ ਕੇ ਜਦੋਂ ਉਸ ਤੋਂ ਗਹਿਣਿਆਂ ਦੀ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਐਥਨੀ ਉਰਫ ਰਾਹੁਲ ਤੋਂ ਸੋਨੇ ਦੇ 2 ਕੜੇ, ਸੋਨੇ ਦੀਆਂ 4 ਚੂੜੀਆਂ, ਸੋਨੇ ਦੀਆਂ 3 ਅੰਗੂਠੀਆਂ, ਸੋਨੇ ਦੀਆਂ 2 ਚੈਨੀਆਂ, ਸੋਨੇ ਦੇ 2 ਟਾਪਸ, ਸੋਨੇ ਦੇ 3 ਸੈੱਟ, ਇਕ ਜੋੜਾ ਸੋਨੇ ਦੀਆਂ ਵਾਲੀਆਂ, 19, 900 ਭਾਰਤੀ ਕਰੰਸੀ ਅਤੇ ਵਿਦੇਸ਼ੀ ਪਾਊਂਡ ਬਰਾਮਦ ਹੋਏ ਹਨ । ਬਰਾਮਦ ਸੋਨੇ ਦਾ ਬਾਜ਼ਾਰ ਦਾ ਮੁੱਲ ਲੱਖਾਂ ਰੁਪਏ ਦੱਸਿਆ ਜਾ ਰਿਹਾ ਹੈ। ਉਥੇ ਹੀ ਵਾਰਦਾਤ ਵਿਚ ਸ਼ਾਮਲ ਦੂਜਾ ਮੁਲਜ਼ਮ ਹਰਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਰੱਤਾ ਕਦੀਮ ਥਾਣਾ ਫੱਤੂਢੀਂਗਾ ਜ਼ਿਲਾ ਕਪੂਰਥਲਾ ਜੋ ਕਿ ਫਰਾਰ ਚੱਲ ਰਿਹਾ ਹੈ ਕਿ ਗ੍ਰਿਫਤਾਰੀ ਲਈ ਛਾਪਾਮਾਰੀ ਦਾ ਦੌਰ ਜਾਰੀ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਅੱਧੀ ਰਾਤੀਂ ਵੱਡੀ ਵਾਰਦਾਤ, ਬਾਊਂਸਰ ਨੂੰ ਗੋਲੀਆਂ ਨਾਲ ਭੁੰਨਿਆ

ਗ੍ਰਿਫਤਾਰ ਮੁਲਜ਼ਮ ਖਿਲਾਫ ਪਹਿਲਾਂ ਹੀ ਦਰਜ ਹਨ 9 ਮਾਮਲੇ
ਡੀ. ਐੱਸ. ਪੀ. ਸਬ ਡਵੀਜ਼ਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਐਂਥਨੀ ਉਰਫ ਰਾਹੁਲ ਤੋਂ ਪੁੱਛਗਿਛ ਦਾ ਦੌਰ ਜਾਰੀ ਹੈ। ਪੁੱਛਗਿੱਛ ਦੌਰਾਨ ਜਿੱਥੇ ਕਈ ਅਹਿਮ ਖੁਲਾਸੇ ਹੋਏ ਹਨ, ਉਥੇ ਹੀ ਮੁਲਜ਼ਮ ਖਿਲਾਫ ਥਾਣਾ ਸਿਟੀ ਕਪੂਰਥਲਾ, ਥਾਣਾ ਭੁਲੱਥ ਅਤੇ ਥਾਣਾ ਸਦਰ ਕਪੂਰਥਲਾ 'ਚ ਲੁੱਟ, ਲੁੱਟ-ਖੋਹ ਅਤੇ ਜਬਰ-ਜ਼ਨਾਹ ਦੀ ਕੋਸ਼ਿਸ਼ ਦੇ 9 ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਮੁਲਜ਼ਮ ਕਈ ਗੰਭੀਰ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਡੀ. ਐੱਸ. ਪੀ. ਸਬ ਡਵੀਜ਼ਨ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫਤਾਰੀ ਨਾਲ ਕਈ ਵੱਡੀਆਂ ਵਾਰਦਾਤਾਂ ਸੁਲਝਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:  ਕੋਰੋਨਾ ਵਾਇਰਸ ਨੂੰ ਲੈ ਕੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦਾ ਵੱਡਾ ਬਿਆਨ

ਵਧੀਆ ਕੰਮ ਕਰਨ ਵਾਲੇ ਪੁਲਸ ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਤ : ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਸਤਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਲੁੱਟ ਦੀ ਇਸ ਵਾਰਦਾਤ ਨੂੰ 48 ਘੰਟਿਆਂ 'ਚ ਸੁਲਝਾਉਣ ਵਾਲੀ ਪੁਲਸ ਟੀਮ ਨੂੰ ਜਿਥੇ ਸਨਮਾਨਤ ਕੀਤਾ ਜਾਵੇਗਾ। ਉਥੇ ਹੀ ਇਸ ਮਾਮਲੇ 'ਚ ਸ਼ਾਮਲ ਦੂਜੇ ਮੁਲਜ਼ਮ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗੈਂਗ ਦੇ ਫੜੇ ਜਾਣ ਨਾਲ ਕਈ ਮਾਮਲੇ ਸੁਲਝਣ ਦੀ ਸੰਭਾਵਨਾ ਹੈ।

 


shivani attri

Content Editor

Related News