ਫੈਸਟੀਵਲ ਸੀਜ਼ਨ ''ਚ ਲੁਟੇਰਿਆਂ ਦੀ ਦਹਿਸ਼ਤ ਬਰਕਰਾਰ, ਗੰਨ ਪੁਆਇੰਟ ''ਤੇ ਲੁਟਿਆ ਨਕਦੀ ਨਾਲ ਭਰਿਆ ਬੈਗ

10/22/2020 10:40:08 AM

ਜਲੰਧਰ (ਸੁਧੀਰ)— ਫੈਸਟੀਵਲ ਸੀਜ਼ਨ ਦੇ ਮੱਦੇਨਜ਼ਰ ਚੋਰ-ਲੁਟੇਰੇ ਸ਼ਹਿਰ 'ਚ ਹਾਵੀ ਹੋ ਕੇ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਹਨ। ਹਾਲੇ ਪੁਰਾਣੀਆਂ ਵਾਰਦਾਤਾਂ ਕਮਿਸ਼ਨਰੇਟ ਪੁਲਸ ਹੱਲ ਨਹੀਂ ਪਾ ਰਹੀ ਕਿ ਚੋਰ-ਲੁਟੇਰੇ ਕਮਿਸ਼ਨਰੇਟ ਪੁਲਸ ਨੂੰ ਖੁੱਲ੍ਹੇਆਮ ਚੁਣੌਤੀ ਦੇ ਕੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਹਨ। ਫਗਵਾੜਾ ਗੇਟ 'ਚ ਇਕ ਕਾਰੋਬਾਰੀ ਦੇ ਸ਼ਟਰ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹਜ਼ਾਰਾਂ ਰੁਪਏ ਦੇ ਕੀਮਤੀ ਸਾਮਾਨ ਦੀ ਹੋਈ ਚੋਰੀ ਅਤੇ ਦੋਆਬਾ ਚੌਕ 'ਚ ਇਕ ਹੋਰ ਦੁਕਾਨ ਦੇ ਸ਼ਟਰ ਤੋੜ ਕੇ ਚੋਰੀ ਦੀ ਕੋਸ਼ਿਸ਼ ਦੀਆਂ ਵਾਰਦਾਤਾਂ ਕਮਿਸ਼ਨਰੇਟ ਪੁਲਸ ਹੱਲ ਨਹੀਂ ਕਰ ਸਕੀ ਕਿ ਇਕ ਵਾਰ ਫਿਰ ਬੇਖੌਫ ਲੁਟੇਰਿਆਂ ਨੇ ਦੁਕਾਨ ਬੰਦ ਕਰਕੇ ਘਰ ਜਾ ਰਹੇ ਆਈਸਕ੍ਰੀਮ ਵਿਕਰੇਤਾ ਨੂੰ ਮੋਟਰਸਾਈਕਲ ਤੋਂ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਗੰਨ ਪੁਆਇੰਟ 'ਤੇ ਲੁਟੇਰੇ ਉਸ ਦੇ ਹੱਥ ਵਿਚੋਂ ਨਕਦੀ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ਦੀ ਕੁਝ ਦੂਰੀ 'ਤੇ ਪੁਲਸ ਦਾ ਨਾਕਾ ਵੀ ਲੱਗਾ ਸੀ ਪਰ ਇਸ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਕਮਿਸ਼ਨਰੇਟ ਪੁਲਸ ਵਿਚ ਹੜਕੰਪ ਮਚ ਗਿਆ। ਥਾਣਾ ਨੰਬਰ 2 ਦੀ ਪੁਲਸ ਅਤੇ ਪੀ. ਸੀ. ਆਰ. ਮੁਲਾਜ਼ਮ ਘਟਨਾ ਸਥਾਨ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਘਟਨਾ ਦਾ ਸ਼ਿਕਾਰ ਹੋਏ ਨਿਖਿਲ ਵਾਸੀ ਕਿਸ਼ਨਪੁਰਾ ਨੇ ਦੱਸਿਆ ਕਿ ਉਸ ਦੀ ਹਰਬੰਸ ਨਗਰ ਵਿਚ ਆਈਸਕ੍ਰੀਮ ਦੀ ਦੁਕਾਨ ਹੈ ਅਤੇ ਰਾਤ ਉਹ ਦੁਕਾਨ ਬੰਦ ਕਰ ਕੇ ਆਪਣੇ ਮੋਟਰਸਾਈਕਲ 'ਤੇ ਘਰ ਜਾ ਰਿਹਾ ਸੀ। ਜਿਵੇਂ ਹੀ ਉਹ ਮਿਸ਼ਨ ਕੰਪਾਊਂਡ ਨੇੜੇ ਪਹੁੰਚਿਆ ਤਾਂ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਧੱਕਾ ਦੇ ਕੇ ਮੋਟਰਸਾਈਕਲ ਤੋਂ ਹੇਠਾਂ ਸੁੱਟ ਦਿੱਤਾ ਅਤੇ ਗੰਨ ਪੁਆਇੰਟ 'ਤੇ ਲੁਟੇਰੇ ਉਸ ਦੇ ਹੱਥੋਂ ਨਕਦੀ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ। ਬੈਗ ਵਿਚ ਕਰੀਬ 80 ਹਜ਼ਾਰ ਦੀ ਨਕਦੀ ਸੀ।

ਏ. ਸੀ. ਪੀ. ਸੈਂਟਰਲ ਬੋਲੇ-ਮਾਮਲੇ ਦੀ ਜਾਂਚ ਜਾਰੀ
ਦੂਜੇ ਪਾਸੇ ਸੰਪਰਕ ਕਰਨ 'ਤੇ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਸ਼ੇਤਰਾ ਨੇ ਦੱਿਸਆ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਪੁਲਸ ਘਟਨਾ ਸਥਾਨ ਦੇ ਨੇੜੇ-ਤੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਵੇਗੀ।

shivani attri

This news is Content Editor shivani attri