ਸਤਲੁਜ ਦਰਿਆ ''ਤੇ ਸਾਮਾਨ ਤਾਰਨ ਗਏ ਗੁਰਾਇਆ ਦੇ 2 ਨੌਜਵਾਨਾਂ ਨੂੰ 5 ਲੁਟੇਰਿਆਂ ਨੇ ਲੁੱਟਿਆ

11/07/2019 3:50:15 PM

ਗੁਰਾਇਆ (ਜ.ਬ.)— ਜੇਕਰ ਤੁਸੀਂ ਸਤਲੁਜ ਦਰਿਆ ਫਿਲੌਰ ਆਪਣਾ ਕੋਈ ਸਾਮਾਨ ਤਾਰਨ ਜਾਂ ਪੂਜਾ ਅਰਚਨਾ ਕਰਨ ਜਾਣਾ ਹੈ ਤਾਂ ਸਾਵਧਾਨੀ ਨਾਲ ਜਾਓ ਕਿਉਂਕਿ ਤੇਜ਼ਧਾਰ ਹਥਿਆਰਬੰਦ ਲੁਟੇਰੇ ਤੁਹਾਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੁਰਾਇਆ ਦੇ 2 ਨੌਜਵਾਨਾਂ ਨੂੰ 5 ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਲਈ। ਜਾਣਕਾਰੀ ਦਿੰਦੇ ਹੋਏ ਗੁਰਾਇਆ ਦੇ ਰਹਿਣ ਵਾਲੇ ਅਵਤਾਰ ਸਿੰਘ ਪੁੱਤਰ ਸ਼ਿੰਦਰਪਾਲ ਵਾਸੀ ਪੱਤੀ ਮਾਂਗਾ ਨੇ ਦੱਸਿਆ ਕਿ ਉਹ ਗੁਰਾਇਆ 'ਚ ਏਅਰਟੈੱਲ ਕੰਪਨੀ 'ਚ ਸੇਲਜ਼ਮੈਨ ਦਾ ਕੰਮ ਕਰਦਾ ਹੈ। ਬੀਤੇ ਦਿਨ ਸ਼ਾਮ ਨੂੰ ਉਹ ਕੰਮ ਤੋਂ ਬਾਅਦ ਆਪਣੇ ਦੋਸਤ ਵਿੱਕੀ ਦੇ ਨਾਲ ਫਿਲੌਰ ਦੇ ਸਤਲੁਜ ਦਰਿਆ 'ਤੇ ਕੁਝ ਸਾਮਾਨ ਦਰਿਆ 'ਚ ਤਾਰਨ ਲਈ ਗਿਆ ਸੀ। ਜਿੱਥੇ 3 ਨੌਜਵਾਨਾਂ ਨੇ ਉਨ੍ਹਾਂ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ, ਨਾਲ ਹੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਨ੍ਹਾਂ ਦਾ ਉਨ੍ਹਾਂ ਨੇ ਮੁਕਾਬਲਾ ਕੀਤਾ ਪਰ ਉਨ੍ਹਾਂ ਦੇ 2 ਹੋਰ ਸਾਥੀ ਤੇਜ਼ਧਾਰ ਹਥਿਆਰ ਲੈ ਕੇ ਆ ਗਏ, ਜਿਸ ਕਰਕੇ ਉਹ ਡਰ ਗਏ ਤੇ ਉਹ ਅਵਤਾਰ ਤੋਂ 8000 ਦੀ ਨਕਦੀ ਅਤੇ ਵਿੱਕੀ ਤੋਂ 2000 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਅਵਤਾਰ ਨੇ ਦੱਸਿਆ ਕਿ ਇਹ ਨਕਦੀ ਉਸ ਦੀ ਕੰਪਨੀ ਦੀ ਸੀ।

ਉਸ ਨੇ ਨੌਜਵਾਨਾਂ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ ਸੀ ਅਤੇ ਉਥੇ ਖੜ੍ਹੇ ਇਕ ਵਿਅਕਤੀ ਨੇ ਉਨ੍ਹਾਂ 'ਚੋਂ ਇਕ ਨੌਜਵਾਨ ਨੂੰ ਪਛਾਣ ਲਿਆ ਸੀ। ਅਵਤਾਰ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਪਹਿਲਾਂ ਫਿਲੌਰ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਉਨ੍ਹਾਂ ਨੇ ਕਿਹਾ ਕਿ ਇਹ ਥਾਣਾ ਲਾਡੋਵਾਲ ਦਾ ਮਾਮਲਾ ਬਣਦਾ ਹੈ ਉਸ ਨੇ ਕਿਹਾ ਕਿ ਲਾਡੋਵਾਲ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਇਕ ਨੌਜਵਾਨ ਦਾ ਘਰ ਵੀ ਦੱਸ ਦਿੱਤਾ ਹੈ ਪਰ ਪੁਲਸ ਨੇ ਹੁਣ ਤੱਕ ਕਿਸੇ ਵੀ ਨੌਜਵਾਨ ਨੂੰ ਨਹੀਂ ਫੜਿਆ। ਉਸ ਨੇ ਮੰਗ ਕਰਦੇ ਹੋਏ ਕਿਹਾ ਕਿ ਉਕਤ ਨੌਜਵਾਨਾਂ ਨੂੰ ਫੜਿਆ ਜਾਵੇ। ਜਾਂਚ ਅਧਿਕਾਰੀ ਏ. ਐੱਸ. ਆਈ. ਬਾਲਕਿਸ਼ਨ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਪੁਲਸ ਪਾਰਟੀ ਨੇ ਉਕਤ ਨੌਜਵਾਨ ਦੇ ਘਰ ਛਾਪਾਮਾਰੀ ਕੀਤੀ ਸੀ ਪਰ ਉਹ ਘਰ ਤੋਂ ਫਰਾਰ ਹਨ ਪੁਲਸ ਜਲਦ ਉਨ੍ਹਾਂ ਨੂੰ ਕਾਬੂ ਕਰ ਲਵੇਗੀ।

shivani attri

This news is Content Editor shivani attri