ਅਧਿਆਪਕਾਂ ਨੇ ਫੂਕਿਆ ਸਿੱਖਿਆ ਮੰਤਰੀ ਦਾ ਪੁਤਲਾ

01/23/2019 4:47:35 AM

  ਕਪੂਰਥਲਾ, (ਮੱਲ੍ਹੀ)- ਕੈਪਟਨ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ ਇਕਜੁੱਟ ਹੋਈਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਦੀ ਗਠਿਤ ਅਧਿਆਪਕ ਸੰਘਰਸ਼ ਕਮੇਟੀ ਕਪੂਰਥਲਾ ਦੇ ਸੱਦੇ ’ਤੇ ਅੱਜ ਸੈਂਕਡ਼ੇ ਅਧਿਆਪਕਾਂ ਦਾ ਸਥਾਨਕ ਸ਼ਾਲੀਮਾਰ ਬਾਗ ’ਚ ਵਿਸ਼ਾਲ ਇਕੱਠ ਹੋਇਆ। ਇਸ ਦੌਰਾਨ ਅਧਿਅਪਕਾਂ  ਨੇ  ਮੰਗਾਂ  ਨਾ ਮੰਨਣ ਦੇ ਵਿਰੋਧ ’ਚ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ  ਨਾਅਰੇਬਾਜ਼ੀ ਕਰਦੇ ਹੋਏ ਵੱਖ-ਵੱਖ ਬਾਜ਼ਾਰਾਂ ’ਚੋਂ ਲੰਘਦੇ ਹੋਏ ਸਥਾਨਕ ਸ਼ਹੀਦ ਭਗਤ ਸਿੰਘ ਚੌਕ  ’ਚ ਪਹੁੰਚੇ ਤੇ ਰੋਸ ਵਜੋਂ ਸਿੱਖਿਆ ਮੰਤਰੀ ਪੰਜਾਬ ਓ.ਪੀ. ਸੋਨੀ ਦਾ ਪੁਤਲਾ ਫੂਕਿਆ।
ਅਧਿਆਪਕਾਂ ਦੇ ਵਿਸ਼ਾਲ ਇਕੱਠ ਨੂੰ ਸਾਂਝੇ ਤੌਰ ’ਤੇ ਰਸ਼ਪਾਲ ਸਿੰਘ ਵਡ਼ੈਚ, ਰਵੀ ਵਾਹੀ, ਜੈਮਲ ਸਿੰਘ, ਸਰਤਾਜ ਸਿੰਘ, ਜਸਪਾਲ ਸਿੰਘ ਜੱਸਾ, ਅਰੁਣਦੀਪ ਸਿੰਘ ਸੈਦਪੁਰ,  ਏ. ਐੱਸ. ਥਿੰਦ, ਭਜਨ ਸਿੰਘ ਮਾਨ, ਅਸ਼ਵਨੀ ਟਿੱਬਾ, ਗੁਰਮੇਜ ਸਿੰਘ, ਰਜੇਸ਼ ਮਹਿੰਗੀ, ਜੀਵਨ ਜੋਤ ਮੱਲ੍ਹੀ, ਪੰਕਜ ਬਾਬੂ, ਰਾਜੇਸ਼ ਜੌਲੀ, ਸੁਖਦਿਆਲ ਸਿੰਘ ਝੰਡ, ਕਮਲਜੀਤ ਸਿੰਘ, ਇੰਦਰਜੀਤ ਸਿੰਘ, ਅਮਰ ਸਿੰਘ, ਕੁਸ਼ਾਲ ਕੁਮਾਰ ਆਦਿ ਨੇ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੋਂ ਜਿਥੇ ਪੰਜਾਬ ਦਾ ਹਰ ਵਰਗ ਦੁਖੀ ਹੈ, ਉਥੇ ਪੰਜਾਬ ਦੇ ਸਿੱਖਿਆ ਵਿਭਾਗ ਨਾਲ ਜੁਡ਼ੇ ਟੀਚਰ ਤੇ ਅਧਿਕਾਰੀ ਤੱਕ ਬੇਹੱਦ ਤੰਗ ਪ੍ਰੇਸ਼ਾਨ ਹਨ। 
ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੇ ਇਸ਼ਾਰੇ ’ਤੇ ਸਿੱਖਿਆ ਵਿਭਾਗ ਨੂੰ ਕੈਪਟਨ ਸਰਕਾਰ ਵੱਲੋਂ ਤਜਰਬਿਆਂ ਦੀ ਨਰਸਰੀ ਬਣਾ ਕੇ ਰੱਖ ਦਿੱਤਾ ਗਿਆ ਹੈ ਤੇ ਨਿੱਤ ਨਵੇਂ ਤਜਰਬਿਆਂ ਦੀ ਚੱਕੀ ’ਚ ਅਧਿਆਪਕ ਵਰਗ ਪਿਸ ਰਿਹਾ ਹੈ।
 ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਸਕੱਤਰ ਦੇ ਇਸ਼ਾਰੇ ’ਤੇ ਪੰਜ ਜੁਝਾਰੂ ਅਧਿਆਪਕ ਆਗੂਆਂ ਨੂੰ ਟਰਮੀਨੇਟ ਕਰ ਕੇ ਤਾਨਾਸ਼ਾਹੀ ਸ਼ਾਸਨ ਦਾ ਸਬੂਤ ਦਿੱਤਾ ਹੈ, ਜਦਕਿ ਸਰਕਾਰ ਨੇ ਪਹਿਲਾਂ ਰੋਸ ਧਰਨੇ ਮੌਕੇ ਭੁੱਖ ਹਡ਼ਤਾਲ ’ਤੇ ਬੈਠੇ ਅਧਿਆਪਕਾਂ ਦਾ ਰੋਸ ਧਰਨਾ ਖਤਮ ਕਰਵਾਉਣ ਲਈ ਹੋਰ ਅਨੇਕਾਂ ਸਮਝੌਤੇ ਕੀਤੇ ਸਨ ਤੇ ਹੁਣ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 2 ਲੱਖ ਤੋਂ ਵਧਰੇ ਅਧਿਆਪਕ/ਅਧਿਆਪਕਾਵਾਂ 27 ਜਨਵਰੀ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅੰਮ੍ਰਿਤਸਰ ਵਿਖੇ ਸਥਿਤ ਸਿੱਖਿਆ ਮੰਤਰੀ ਪੰਜਾਬ ਓ. ਪੀ., ਸੋਨੀ ਦੀ ਨਿੱਜੀ ਰਿਹਾਇਸ਼ ਦਾ ਘਿਰਾਓ ਕਰਨਗੇ ਤੇ ਪੰਜਾਬ ਸਰਕਾਰ ਨਾਲ ਇਹ ਲਡ਼ਾਈ ਆਰ-ਪਾਰ ਦੀ ਲਡ਼ੀ ਜਾਵੇਗੀ।
ਇਸ  ਮੌਕੇ ਗੁਰਮੁੱਖ ਸਿੰਘ ਬਾਬਾ, ਦੀਪਕ ਆਨੰਦ, ਹਰਦੇਵ ਸਿੰਘ, ਅਨਿਲ ਸ਼ਰਮਾ, ਸਰਬਜੀਤ ਸਿੰਘ  ਸ਼ੇਰਪੁਰ ਦੋਨਾ, ਗੁਰਦੀਪ ਸਿੰਘ ਧੰਮ, ਪ੍ਰਵੀਨ ਕੁਮਾਰ ਸ਼ਰਮਾ, ਹਰਵਿੰਦਰ ਸਿੰਘ ਵਿਰਦੀ,  ਮੈਡਮ ਰੇਖਾ ਸ਼ਰਮਾ, ਮੈਡਮ ਸ਼ੈਲੀ ਸ਼ਰਮਾ, ਗੁਰਦੀਪ ਸਿੰਘ ਵਾਲੀਆ, ਨਵਜੀਤ ਜੌਲੀ, ਹਰੀਸ਼  ਕੁਮਾਰ, ਨਵਨੀਤ ਕੌਰ, ਅਤੁਲ ਸੇਠੀ, ਗੁਰਮੀਤ ਸਿੰਘ ਖਾਲਸਾ, ਦਵਿੰਦਰ ਵਾਲੀਆ, ਬਿਕਰਮਜੀਤ  ਸਿੰਘ, ਕਮਲਜੀਤ ਸਿੰਘ ਆਦਿ ਹਾਜ਼ਰ ਸਨ। 

 ਇਹ ਹਨ ਮੁੱਖ ਮੰਗਾਂ
* ਟਰਮੀਨੇਟ ਕੀਤੇ 5 ਅਧਿਆਪਕ ਸਾਥੀਆਂ ਨੂੰ ਬਹਾਲ ਕਰਵਾਉਣਾ। 
*  ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਨੂੰ ਬਦਲਣਾ। 
*  6ਵੇਂ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣਾ।
*  ਕੱਚੇ ਤੇ ਠੇਕੇ ’ਤੇ ਭਰਤੀ ਕੀਤੇ ਅਧਿਆਪਕਾਂ ਨੂੰ ਪੱਕੇ ਕਰਵਾਉਣਾ।
*  ਨਵੀਂ ਪੈਨਸ਼ਨ ਰੱਦ ਕਰਵਾ ਕੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣਾ।
* ਡੀ. ਏ. ਦੀਆਂ ਪੈਂਡਿੰਗ ਕਿਸ਼ਤਾਂ ਦਾ ਬਕਾਇਆ ਜਾਰੀ ਕਰਵਾਉਣਾ। 
* ਪਿਛਲੇ 8 ਮਹੀਨਿਆਂ ਤੋਂ ਐੱਸ. ਐੱਸ. ਏ./ਰਮਸਾ ਅਧਿਅਾਪਕਾਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣਾ।