ਸਡ਼ਕ ਕਿਨਾਰੇ ਲੱਗੇ ਗੰਦਗੀ ਦੇ ਢੇਰਾਂ ਅਤੇ ਨਾਜਾਇਜ਼ ਕਬਜ਼ਿਆਂ ਤੋਂ ਲੋਕ ਪ੍ਰੇਸ਼ਾਨ

02/26/2020 11:49:43 AM

ਸੁਲਤਾਨਪੁਰ ਲੋਧੀ (ਸੋਢੀ)— ਤਲਵੰਡੀ ਪੁਲ ਚੌਕ ਨੇਡ਼ੇ ਤਲਵੰਡੀ ਰੋਡ ਦੇ ਨਾਲ-ਨਾਲ ਜਿਥੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ, ਉੱਥੇ ਗੰਦਗੀ ਦੇ ਢੇਰਾਂ ਤੋਂ ਲੋਕ ਕਾਫੀ ਪ੍ਰੇਸ਼ਾਨ ਹਨ। ਪਿਛਲੇ ਕੁਝ ਦਿਨਾਂ ਤੋਂ ਚੀਨ ’ਚ ਫੈਲੇ ਕੋਰੋਨਾ ਵਾਇਰਸ ਨੇ ਲੋਕਾਂ ਨੂੰ ਕੰਬਣੀ ਛੇਡ਼ੀ ਹੋਈ ਹੈ ਉੱਥੇ ਸੁਲਤਾਨਪੁਰ ਲੋਧੀ ਤਲਵੰਡੀ ਪੁਲ ਰੋਡ ਨੇਡ਼ਲੇ ਖੇਤਰ ’ਚ ਕੁਝ ਰੇਹਡ਼ੀ ਵਾਲਿਆਂ ਤੇ ਹੋਰ ਦੁਕਾਨਾਂ ਵਾਲਿਆਂ ਨੇ ਫੈਲਾਈ ਜਾ ਰਹੀ ਗੰਦਗੀ ਅਤੇ ਬਦਬੂ ਕਾਰਣ ਨੇਡ਼ਲੇ ਮੁਹੱਲਾ ਵਾਸੀਆਂ ਲਈ ਮੁਸੀਬਤ ਖਡ਼੍ਹੀ ਕੀਤੀ ਹੋਈ ਹੈ।

ਕੁਝ ਲੋਕਾਂ ਵੱਲੋਂ ਆਪਣੀਆਂ ਦੁਕਾਨਾਂ ਦਾ ਗੰਦਾ ਪਾਣੀ ਵੀ ਤਲਵੰਡੀ ਰੋਡ ਦੇ ਨਾਲ ਜੰਗਲਾਤ ਵਿਭਾਗ ਦੀ ਜ਼ਮੀਨ ’ਚ ਪਾ ਕੇ ਨਾਜਾਇਜ਼ ਛੱਪਡ਼ ਬਣਾਏ ਹੋਏ ਹਨ, ਜਿਸ ਨੂੰ ਰੋਕਣ ਲਈ ਪ੍ਰਸ਼ਾਸਨਿਕ ਅਧਿਕਾਰੀ ਬਿਲਕੁਲ ਧਿਆਨ ਨਹੀਂ ਦੇ ਰਹੇ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਦੀ ਜ਼ਮੀਨ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਹਿਲਾਂ ਲਾਏ ਗਏ ਸਾਰੇ ਬੂਟੇ ਦੇਖਭਾਲ ਨਾ ਹੋਣ ਕਾਰਣ ਹੌਲੀ-ਹੌਲੀ ਸੁੱਕ ਰਹੇ ਹਨ ਪਰ ਕੋਈ ਧਿਆਨ ਨਹੀਂ ਦੇ ਰਿਹਾ। ਤਲਵੰਡੀ ਚੌਧਰੀਆਂ ਵਾਲੀ ਸਡ਼ਕ ਦੇ ਦੋਵੇਂ ਪਾਸੇ ਕੁਝ ਲੋਕਾਂ ਵੱਲੋਂ ਅਸਰ ਰਸੂਖ ਨਾਲ ਕਥਿਤ ਮਿਲੀਭੁਗਤ ਕਰਕੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ।

ਕੀ ਕਹਿਣੈ ਅਧਿਕਾਰੀਆਂ ਦਾ
ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਲਵੰਡੀ ਪੁਲ ਦੇ ਪਾਰ ਇਹ ਸਡ਼ਕ ਨਗਰ ਕੌਂਸਲ ਦੇ ਅਧਿਕਾਰ ਖੇਤਰ ’ਚ ਨਹੀਂ ਹੈ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਸਥਾਨਕ ਅਫਸਰ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲ ਤੋਂ ਲੈ ਕੇ ਤਲਵੰਡੀ ਚੌਧਰੀਆਂ ਪਿੰਡ ਤੱਕ ਇਸ ਖੇਤਰ ਦੀ ਜ਼ਿੰਮੇਵਾਰੀ ਮਿਸਟਰ ਜੌਲੀ ਕੋਲ ਹੈ ਜਿਨ੍ਹਾਂ ਨੂੰ ਕਾਲ ਕਰਨ ’ਤੇ ਉਨ੍ਹਾਂ ਮੋਬਾਇਲ ਨਹੀਂ ਚੁੱਕਿਆ।

ਸ਼ਹਿਰ ’ਚ ਗੰਦਗੀ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਵਿਧਾਇਕ
ਇਸ ਸਬੰਧੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸ਼ਹਿਰ ’ਚ ਗੰਦਗੀ ਪਾਉਣ ਵਾਲਾ ਕੋਈ ਵੀ ਹੋਵੇ, ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨਾਜਾਇਜ਼ ਕਬਜ਼ੇ ਰੋਕਣ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੰਦਿਆਂ ਕਿਹਾ ਕਿ ਜਿਸ ਵਿਭਾਗ ਦੇ ਖੇਤਰ ’ਚ ਕੋਈ ਨਾਜਾਇਜ਼ ਕਬਜ਼ਾ ਪਾਇਆ ਗਿਆ ਉਸਦਾ ਜ਼ਿੰਮੇਵਾਰ ਉਸ ਸਬੰਧਤ ਖੇਤਰ ਦਾ ਅਧਿਕਾਰੀ ਸਮਝਿਆ ਜਾਵੇਗਾ।

shivani attri

This news is Content Editor shivani attri