ਭੂਮੀਹੀਣ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਬਾਰੇ ਸੂਚੀਆਂ ਵਿਧਾਇਕਾਂ ਦੀ ਇੱਛਾ ਮੁਤਾਬਕ ਬਣਨਗੀਆਂ

01/23/2019 1:47:09 PM

ਜਲੰਧਰ, (ਧਵਨ)- ਪੰਜਾਬ 'ਚ ਸਰਕਾਰ ਵਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਪਿੱਛੋਂ ਹੁਣ ਅਗਲੇ ਪੜਾਅ 'ਚ ਭੂਮੀਹੀਣ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਅਧੀਨ ਅਜਿਹੇ ਮਜ਼ਦੂਰਾਂ ਦੀਆਂ ਸੂਚੀਆਂ ਵਿਧਾਇਕਾਂ ਦੀਆਂ ਸਿਫਾਰਿਸ਼ਾਂ 'ਤੇ ਅਧਿਕਾਰੀਆਂ ਵਲੋਂ ਤਿਆਰ ਕੀਤੀਆਂ ਜਾਣਗੀਆਂ। 
ਸਰਕਾਰੀ ਹਲਕਿਆਂ ਨੇ ਮੰਗਲਵਾਰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਨੇ ਪਿਛਲੇ 1 ਹਫਤੇ ਦੌਰਾਨ ਕਾਂਗਰਸੀ ਵਿਧਾਇਕਾਂ ਨਾਲ ਲਗਾਤਾਰ ਬੈਠਕਾਂ ਕੀਤੀਆਂ। ਬੈਠਕਾਂ ਦੌਰਾਨ ਉਨ੍ਹਾਂ ਵਿਧਾਇਕਾਂ ਨੂੰ ਸੰਕੇਤ ਦਿੱਤੇ ਕਿ ਸਰਕਾਰ ਭੂਮੀਹੀਣ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰੇਗੀ ਅਤੇ ਅਜਿਹੇ ਮਜ਼ਦੂਰਾਂ ਦੀ ਪਛਾਣ ਵਿਧਾਇਕਾਂ ਨੂੰ ਕਰਨੀ ਹੋਵੇਗੀ। 
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਸੂਚੀਆਂ ਬਣਾਉਣ ਸਮੇਂ ਕੋਈ ਗੜਬੜ ਨਹੀਂ ਹੋਣੀ ਚਾਹੀਦੀ। ਲਾਭਕਾਰੀਆਂ ਦੀ ਸੂਚੀ ਬਣਾਉਂਦੇ ਸਮੇਂ ਭੂਮੀਹੀਣ ਮਜ਼ਦੂਰਾਂ ਨੂੰ ਪਹਿਲ ਦੇ ਆਧਾਰ 'ਤੇ ਸ਼ਾਮਲ ਕੀਤਾ ਜਾਏ। ਸਰਕਾਰ ਵਲੋਂ 1.42 ਲੱਖ ਛੋਟੇ ਕਿਸਾਨਾਂ ਦਾ 1000 ਕਰੋੜ ਰੁਪਏ ਦਾ ਖੇਤੀਬਾੜੀ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਇਸ ਮੰਤਵ ਲਈ 23 ਜਨਵਰੀ ਨੂੰ ਬਠਿੰਡਾ, 24 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਜ਼ਾ ਮੁਆਫੀ ਸਮਾਰੋਹ ਰੱਖੇ ਗਏ ਹਨ। ­