ਜਲੰਧਰ ''ਚ ਫਿਲਹਾਲ ਨਹੀਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ

05/03/2020 1:04:34 AM

ਜਲੰਧਰ, (ਬੁਲੰਦ)— ਸੂਬੇ 'ਚ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਲੈ ਕੇ ਸਥਿਤੀ ਦੁਚਿੱਤੀ ਵਾਲੀ ਬਣੀ ਹੋਈ ਹੈ। ਸੋਸ਼ਲ ਮੀਡੀਆ 'ਤੇ ਐਤਵਾਰ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀਆਂ ਖਬਰਾਂ ਵਾਇਰਲ ਹੋਣ ਲੱਗੀਆਂ ਹਨ ਪਰ ਫਿਲਹਾਲ ਅਜਿਹਾ ਕੁਝ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਆਬਕਾਰੀ ਵਿਭਾਗ ਦੇ ਡੀ. ਈ. ਟੀ. ਸੀ. ਸ਼ਾਲੀਨ ਵਾਲੀਆ ਨੇ ਕਿਹਾ ਕਿ ਸ਼ਹਿਰ 'ਚ ਅਜੇ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹੇਗਾ ਕਿਉਂਕਿ ਜਲੰਧਰ ਰੈੱਡ ਜ਼ੋਨ 'ਚ ਹੈ। ਉਨ੍ਹਾਂ ਕਿਹਾ ਕਿ ਜਲੰਧਰ 'ਚ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਲੈ ਕੇ ਫਿਲਹਾਲ ਸਰਕਾਰ ਵੱਲੋਂ ਕੋਈ ਹੁਕਮ ਜਾਰੀ ਨਹੀਂ ਹੋਇਆ। ਇਸ ਮਾਮਲੇ 'ਚ ਸਹਾਇਕ ਕਮਿਸ਼ਨਰ ਆਬਕਾਰੀ ਜੀ. ਐੱਸ. ਗਰਚਾ ਨੇ ਦੱਸਿਆ ਕਿ ਬੀਤੇ ਹਫ਼ਤੇ ਜ਼ਿਲੇ ਦੇ ਸਾਰੇ ਸ਼ਰਾਬ ਦੇ ਠੇਕੇ ਸੀਲ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਦਾ ਸਾਰਾ ਰਿਕਾਰਡ ਜ਼ਬਤ ਕਰ ਲਿਆ ਗਿਆ ਸੀ। ਬੀਤੇ ਦਿਨ ਤੋਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਸ਼ਰਾਬ ਦੇ ਠੇਕਿਆਂ ਦੇ ਰਿਕਾਰਡ ਦੇ ਅਨੁਸਾਰ ਉਨ੍ਹਾਂ ਦਾ ਸਟਾਕ ਚੈੱਕ ਕੀਤਾ ਜਾ ਰਿਹਾ ਹੈ।

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਇੰਸਪੈਕਟਰ ਗੌਤਮ ਨੇ ਦੱਸਿਆ ਕਿ ਸ਼ਨੀਵਾਰ ਵੀ ਉਨ੍ਹਾਂ ਨੇ ਸ਼ਰਾਬ ਦੇ ਠੇਕਿਆਂ ਦਾ ਸਟਾਕ ਚੈੱਕ ਕੀਤਾ ਹੈ। ਆਬਕਾਰੀ ਵਿਭਾਗ ਦੇ ਈ. ਟੀ. ਓ. ਨਵਜੋਤ ਭਾਰਤੀ ਅਨੁਸਾਰ ਸ਼ਹਿਰ ਦੇ ਸਾਰੇ ਸ਼ਰਾਬ ਦੇ ਠੇਕਿਆਂ ਦਾ ਸਟਾਕ ਚੈੱਕ ਕਰ ਕੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਜਦੋਂ ਠੇਕੇ ਖੁੱਲ੍ਹਣ ਦੇ ਹੁਕਮ ਜਾਰੀ ਹੋਣ ਤਾਂ ਸਟਾਕ 'ਚ ਕਿਸੇ ਤਰ੍ਹਾਂ ਦੀ ਗੜਬੜੀ ਨਾ ਹੋਵੇ। ਮਾਮਲੇ ਬਾਰੇ ਵਿਭਾਗ ਦੇ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਕਿ ਲਾਕਡਾਊਨ ਦੌਰਾਨ ਸ਼ਹਿਰ 'ਚ ਕਈ ਸਮੱਗਲਰਾਂ ਕੋਲੋਂ ਜੋ ਸ਼ਰਾਬ ਫੜੀ ਗਈ ਹੈ ਉਸ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਸਮੱਗਲਰਾਂ ਨੇ ਕਿਸੇ ਠੇਕੇਦਾਰ ਕੋਲੋਂ ਤਾਂ ਇਹ ਸ਼ਰਾਬ ਨਹੀਂ ਲਈ ਅਤੇ ਜੇਕਰ ਇਸ ਸਾਰੇ ਸਮੱਗਲਿੰਗ ਦੇ ਖੇਡ 'ਚ ਕਿਸੇ ਠੇਕੇਦਾਰ ਮਿਲੀ ਭਗਤ ਦਾ ਪਤਾ ਲੱਗਾ ਤਾਂ ਉਸ 'ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

KamalJeet Singh

This news is Content Editor KamalJeet Singh