ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ''ਚ ਲੱਗੇ ਬੋਰੀਆਂ ਦੇ ਅੰਬਾਰ

04/29/2019 1:37:29 PM

ਸੁਲਤਾਨਪੁਰ ਲੋਧੀ (ਧੀਰ) : ਕੇਂਦਰ ਦੀ ਪ੍ਰਮੁੱਖ ਖਰੀਦ ਏਜੰਸੀ ਐੱਫ. ਸੀ. ਆਈ. ਵੱਲੋਂ ਕਣਕ ਦੀ ਖਰੀਦ 'ਚ ਜਾਣਬੁੱਝ ਕੇ ਦਿਖਾਈ ਜਾ ਰਹੀ ਕਥਿਤ ਤੌਰ 'ਤੇ ਖਰੀਦ 'ਚ ਢਿੱਲ ਮਠ ਕਾਰਨ ਜਿਥੇ ਸੂਬੇ ਦੀਆਂ ਦੂਸਰੀਆਂ ਖਰੀਦ ਏਜੰਸੀਆਂ ਨੇ ਆਪਣੇ ਕੋਟੇ ਤੋਂ ਵੱਧ ਖਰੀਦ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ, ਉਥੇ ਠੇਕੇਦਾਰ ਵੱਲੋਂ ਵੀ ਮੰਡੀਆਂ 'ਚੋਂ ਲਿਫਟਿੰਗ ਦੇ ਮਾਮਲੇ 'ਚ ਲੋੜੀਂਦੇ ਸਾਧਨ ਨਾ ਹੋਣ ਕਾਰਨ ਮੰਡੀਆਂ 'ਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਬੋਰੀਆਂ ਦੇ ਅੰਬਾਰ ਲੱਗਣ ਕਾਰਨ ਕਿਸਾਨ ਨੂੰ ਜਿਥੇ ਫਸਲ ਸੁੱਟਣ 'ਚ ਮੁਸ਼ਕਲ ਪੇਸ਼ ਆ ਰਹੀ ਹੈ, ਉੱਥੇ ਖੁੱਲ੍ਹੇ ਆਸਮਾਨ ਹੇਠ ਲੱਗੀਆਂ ਬੋਰੀਆਂ ਦੇ ਚੱਕੇ ਤੇ ਅੰਬਾਰ ਕਿਸੇ ਵੀ ਸਮੇਂ ਮੌਸਮ 'ਚ ਆਈ ਕਰਵਟ ਨਾਲ ਖਰਾਬ ਹੋ ਸਕਦੇ ਹਨ।

ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੀ ਮੁੱਖ ਦਾਣਾ ਮੰਡੀ ਸਮੇਤ ਸਾਰੀਆਂ ਮੰਡੀਆਂ, ਫੋਕਲ ਪੁਆਇੰਟਾਂ 'ਚ ਕੁਲ 5 ਲੱਖ 95 ਹਜ਼ਾਰ 715 ਕੁਇੰਟਲ ਦੀ ਖਰੀਦ ਹੋ ਚੁੱਕੀ ਹੈ, ਜਦਕਿ ਲਿਫਟਿੰਗ 50 ਫੀਸਦੀ ਤੋਂ ਵੀ ਘੱਟ 2 ਲੱਖ 50 ਹਜ਼ਾਰ ਕੁਇੰਟਲ ਹੋ ਪਾਈ ਅਤੇ ਬਾਕੀ ਕਣਕ ਦੀ ਲਿਫਟਿੰਗ ਹਾਲੇ ਹੋਣੀ ਬਾਕੀ ਹੈ। ਸੂਬੇ ਦੀਆਂ ਖਰੀਦ ਏਜੰਸੀਆਂ ਦੀ ਖਰੀਦ ਤਾਂ ਸੰਤੋਸ਼ਜਨਕ ਹੈ ਅਤੇ ਸਾਰੀਆਂ ਹੀ ਖਰੀਦ ਏਜੰਸੀਆਂ 'ਚੋਂ ਇਕ-ਦੋ ਨੂੰ ਛੱਡ ਕੇ ਬਾਕੀ ਨੇ ਆਪਣੀ ਖਰੀਦ ਦਾ ਕੋਟਾ ਕਰੀਬ ਮੁਕੰਮਲ ਕਰ ਲਿਆ ਹੈ ਪਰ ਕੇਂਦਰ ਦੀ ਪ੍ਰਮੁੱਖ ਖਰੀਦ ਏਜੰਸੀ ਐੱਫ. ਸੀ. ਆਈ. ਵੱਲੋਂ ਸੁਲਤਾਨਪੁਰ ਲੋਧੀ ਮੁੱਖ ਦਾਣਾ ਮੰਡੀ ਤਲਵੰਡੀ ਚੌਧਰੀਆਂ ਤੇ ਪਰਮਜੀਤਪੁਰ 'ਚ ਹਾਲੇ ਤਕ ਸਿਰਫ ਕਰੀਬ 35 ਹਜ਼ਾਰ ਦੇ ਕਰੀਬ ਹੀ ਕਣਕ ਦੀ ਖਰੀਦ ਕੀਤੀ ਹੈ। ਐੱਫ. ਸੀ. ਆਈ. ਵਲੋਂ ਕਣਕ ਦੀ ਖਰੀਦ ਘੱਟ ਕਰਨ 'ਤੇ ਜਿਥੇ ਮੰਡੀਆਂ 'ਚ ਦੂਸਰੀਆਂ ਖਰੀਦ ਏਜੰਸੀਆਂ ਲਈ ਕੋਟੇ ਤੋਂ ਵੱਧ ਖਰੀਦ ਕਰਨ ਤੇ ਪੇਮੰਟ ਤੇ ਬਾਰਦਾਨੇ ਦੀ ਸਮੱਸਿਆ ਖੜ੍ਹੀ ਹੋ ਗਈ ਹੈ, ਉੱਥੇ ਇਸ ਨਾਲ ਆੜ੍ਹਤੀ, ਕਿਸਾਨ ਤੇ ਮਜ਼ਦੂਰ ਵਰਗ ਸਾਰੇ ਹੀ ਪ੍ਰੇਸ਼ਾਨ ਹਨ।

ਮੰਡੀਆਂ 'ਚ ਖਰੀਦ ਕਰਦੇ ਏਜੰਸੀ ਅਧਿਕਾਰੀਆਂ ਨੇ ਦੱਸਿਆ ਕਿ ਜੇ ਐੱਫ. ਸੀ. ਆਈ. ਆਪਣੇ ਕੋਟੇ ਦੀ ਖਰੀਦ ਪੂਰੀ ਕਰ ਲਵੇ ਤਾਂ ਸਾਰੀਆਂ ਹੀ ਮੁਸ਼ਕਲਾਂ ਦੂਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਐੱਫ. ਸੀ. ਆਈ. ਕੇਂਦਰ ਦੀ ਪ੍ਰਮੁੱਖ ਏਜੰਸੀ ਹੈ ਜੋ ਜਿੰਨਾ ਮਰਜ਼ੀ ਮਾਲ ਖਰੀਦ ਲਵੇ ਆਪਣੇ ਕੋਟੇ ਤੋਂ ਵੀ ਵੱਧ ਹੋ ਜਾਵੇ ਤਾਂ ਵੀ ਕੋਈ ਫਰਕ ਨਹੀਂ ਹੈ ਕਿਉਂਕਿ ਉਸਦੇ ਕੋਲ ਅਸੀਮਿਤ ਸਾਧਨ, ਫੰਡਜ਼, ਸਾਰਾ ਕੁਝ ਹੈ ਤੇ ਉਸਦੀ ਖਰੀਦ ਨਾਲ ਬਾਕੀ ਖਰੀਦ ਏਜੰਸੀਆਂ ਨੂੰ ਵੀ ਰਾਹਤ ਮਿਲ ਸਕੇਗੀ। ਕਈ ਖਰੀਦ ਏਜੰਸੀਆਂ ਵੱਲੋਂ ਜਾਣਬੁੱਝ ਕੇ ਆੜ੍ਹਤੀਆਂ ਨੂੰ ਬਾਰਦਾਨਾ ਨਾ ਦੇਣਾ ਤੇ ਖਰੀਦ ਬੰਦ ਕਰਨ ਦੀਆਂ ਮੁਸ਼ਕਲਾਂ ਵੀ ਸਾਹਮਣੇ ਆ ਰਹੀਆਂ ਹਨ।

ਠੇਕੇਦਾਰ ਵੱਲੋਂ ਘੱਟ ਸਾਧਨ ਤੇ ਖਰੀਦ ਏਜੰਸੀਆਂ ਦੀ ਘੱਟ ਸਪੇਸ ਲਿਫਟਿੰਗ 'ਚ ਬਣਦੀ ਮੁੱਖ ਅੜਚਨ
 ਮੰਡੀਆਂ 'ਚ ਲਿਫਟਿੰਗ ਦੀ ਸਮੱਸਿਆ ਆਉਣ ਸਬੰਧੀ ਪ੍ਰਮੁੱਖ ਗੱਲ ਉਭਰ ਕੇ ਇਹ ਸਾਹਮਣੇ ਆਈ ਹੈ ਕਿ ਠੇਕੇਦਾਰ ਨੂੰ ਠੇਕਾ ਦੇਣ ਸਮੇਂ ਉਸਨੂੰ ਮੰਡੀਆਂ ਤਾਂ ਜ਼ਿਆਦਾ ਅਲਾਟ ਕਰ ਦਿੱਤੀਆਂ ਜਾਂਦੀਆਂ ਹਨ ਪਰ ਉਸਦੇ ਕੋਲ ਕੀ ਸੀਮਤ ਸਾਧਨ ਹਨ ਇਸਨੂੰ ਨਹੀਂ ਦੇਖਿਆ ਜਾਂਦਾ ਹਾਲਾਂਕਿ ਕਰੀਬ ਸਾਰੇ ਆੜ੍ਹਤੀਆਂ ਨੇ ਢੋਆ ਢੁਆਈ ਲਈ ਆਪਣੇ ਸਾਧਨ ਬਣਾਏ ਹੋਏ ਹਨ ਤੇ ਉਹ ਲਿਫਟਿੰਗ ਆਪਣੇ ਸਾਧਨਾਂ ਰਾਹੀਂ ਕਰਦੇ ਹਨ ਤੇ ਬਾਅਦ 'ਚ ਠੇਕੇਦਾਰ ਉਨ੍ਹਾਂ ਨੂੰ ਭੁਗਤਾਨ ਕਰਦਾ ਹੈ ਪ੍ਰੰਤੂ ਕਈ ਖਰੀਦ ਏਜੰਸੀਆਂ ਵੱਲੋਂ ਘੱਟ ਸਪੇਸ ਹੋਣ ਕਾਰਨ ਵੀ ਲਿਫਟਿੰਗ ਦੀ ਸਮੱਸਿਆ ਪੇਸ਼ ਆਉਂਦੀ ਹੈ।

ਖਰੀਦ ਤੇ ਲਿਫਟਿੰਗ 'ਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਡੀ. ਸੀ.
ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਇੰਜੀ. ਡੀ. ਪੀ. ਐੱਸ. ਖਰਬੰਦਾ ਨੇ ਕਿਹਾ ਕਿ ਖਰੀਦ ਤੇ ਲਿਫਟਿੰਗ 'ਚ ਕਿਸੇ ਵੀ ਖਰੀਦ ਏਜੰਸੀ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਉਨ੍ਹਾਂ ਨੇ ਇਸ ਸਬੰਧੀ ਸਖਤ ਹੁਕਮ ਜਾਰੀ ਕਰ ਦਿੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖਰੀਦ ਏਜੰਸੀਆਂ ਨੇ ਹਾਲੇ ਘੱਟ ਖਰੀਦ ਕੀਤੀ ਹੈ ਉਨ੍ਹਾਂ ਨੂੰ ਵੀ ਆਪਣੀ ਖਰੀਦ ਮੁਕੰਮਲ ਕਰਨ ਦੇ ਆਦੇਸ਼ ਦੇ ਦਿੱਤੇ ਹਨ।


Anuradha

Content Editor

Related News