ਵਿਧਾਇਕ ਰਿੰਕੂ ਨੂੰ ਡਿਚ ਮਸ਼ੀਨਾਂ ''ਤੇ ਚੜ੍ਹਨਾ ਆਇਆ ਰਾਸ

07/18/2018 11:05:23 AM

ਜਲੰਧਰ (ਖੁਰਾਣਾ)— ਵੈਸਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਸ਼ੀਲ ਰਿੰਕੂ ਨੇ 16 ਜੂਨ ਨੂੰ ਨਗਰ ਨਿਗਮ ਦੀ ਡੈਮੋਲੇਸ਼ਨ ਮੁਹਿੰਮ ਦਾ ਵਿਰੋਧ ਕਰਨ ਲਈ ਜਿਸ ਤਰ੍ਹਾਂ ਆਪਣੇ ਏਰੀਏ 'ਚ ਤੋੜਭੰਨ ਕਰਨ ਗਈਆਂ ਡਿਚ ਮਸ਼ੀਨਾਂ ਨੂੰ ਰੋਕਿਆ ਸੀ ਅਤੇ ਡਿਚ ਮਸ਼ੀਨਾਂ 'ਤੇ ਚੜ੍ਹ ਕੇ ਪੰਜਾਬ ਸਰਕਾਰ ਕੋਲੋਂ ਪ੍ਰਾਪਰਟੀ ਸੈਕਟਰ ਨੂੰ ਰਾਹਤ ਦੇਣ ਦੀ ਮੰਗ ਕੀਤੀ ਸੀ, ਵਿਧਾਇਕ ਰਿੰਕੂ ਨੂੰ ਉਹ ਐਕਸ਼ਨ ਰਾਸ ਆਉਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਉਸ ਐਕਸ਼ਨ ਕਾਰਨ ਸਮੁੱਚੇ ਪੰਜਾਬ ਦੇ ਕਾਲੋਨਾਈਜ਼ਰਾਂ ਨੂੰ ਭਾਰੀ ਰਾਹਤਾਂ ਮਿਲਣ ਦੀ ਉਮੀਦ ਜਾਗੀ ਹੈ।
ਬੀਤੇ ਦਿਨ ਚੰਡੀਗੜ੍ਹ ਵਿਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀਆਂ ਕੋਸ਼ਿਸ਼ਾਂ ਨਾਲ ਹੋਈ ਇਕ ਸਾਂਝੀ ਬੈਠਕ ਵਿਚ ਜਲੰਧਰ ਦੀ ਨੁਮਾਇੰਦਗੀ ਇਕੋ-ਇਕ ਵਿਧਾਇਕ ਸੁਸ਼ੀਲ ਰਿੰਕੂ ਨੇ ਕੀਤੀ। ਬੈਠਕ 'ਚ ਲਏ ਗਏ ਫੈਸਲਿਆਂ ਤੋਂ ਮੰਨਿਆ ਜਾ ਰਿਹਾ ਹੈ ਕਿ ਹੁਣ ਨਵੀਂ ਐੱਨ. ਓ. ਸੀ. ਪਾਲਿਸੀ ਦੇ ਤਹਿਤ ਬਿਲਟਅਪ ਏਰੀਏ ਦੀ ਬਜਾਏ ਸੇਲਡੀਡ ਨੂੰ ਆਧਾਰ ਮੰਨਿਆ ਜਾਵੇਗਾ ਅਤੇ 30 ਫੁੱਟ ਚੌੜੀਆਂ ਸੜਕਾਂ ਦੀ ਬਜਾਏ 20 ਫੁੱਟ ਚੌੜੀ ਸੜਕ ਵਾਲੀ ਕਾਲੋਨੀ ਵੀ ਪਾਸ ਹੋ ਸਕੇਗੀ।
ਜ਼ਿਕਰਯੋਗ ਹੈ ਕਿ ਵਿਧਾਇਕ ਸੁਸ਼ੀਲ ਰਿੰਕੂ ਨੇ ਮੁੱਖ ਮੰਤਰੀ ਅਤੇ ਪਾਰਟੀ ਹਾਈਕਮਾਨ ਤੱਕ ਗੱਲ ਪਹੁੰਚਾਈ ਸੀ ਕਿ ਐੱਨ. ਓ. ਸੀ. ਪਾਲਿਸੀ ਦੇ ਤਹਿਤ ਰੈਗੂਲਰ ਹੋਣ ਵਾਲੀਆਂ ਕਾਲੋਨੀਆਂ ਦੀ ਕੈਟਾਗਰੀ ਬਣਾਈ ਜਾਵੇ ਅਤੇ ਸਲੱਮ ਅਤੇ ਗਰੀਬ ਇਲਾਕਿਆਂ 'ਚ ਪੈਂਦੀਆਂ ਪਾਸ਼ ਕਾਲੋਨੀਆਂ ਤੋਂ ਵੱਖਰਾ ਕੀਤਾ ਜਾਵੇ। ਨਵੀਂ ਪਾਲਿਸੀ ਵਿਚ ਵਿਧਾਇਕ ਸੁਸ਼ੀਲ ਰਿੰਕੂ ਦੇ ਕਈ ਸੁਝਾਵਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਮੁਕਾਬਲਤਨ ਸਰਲ ਐੱਨ. ਓ. ਸੀ. ਪਾਲਿਸੀ ਨੋਟੀਫਾਈ ਕਰੇਗੀ, ਜਿਸ ਨੂੰ ਲੈ ਕੇ ਪ੍ਰਾਪਰਟੀ ਸੈਕਟਰ ਵਿਚ ਰਾਹਤ ਦੀ ਉਮੀਦ ਜਾਗੀ ਹੈ।