ਵਿਭਾਗ ਜੀ! ਇਹ ਲੀਕੇਜ ਕਦੋਂ ਹੋਵੇਗੀ ਠੀਕ

12/02/2019 1:37:24 PM

ਕਾਠਗੜ੍ਹ (ਰਾਜੇਸ਼)— ਕਾਠਗੜ੍ਹ ਨੂੰ ਜਾਂਦੀ ਮੇਨ ਸੜਕ 'ਤੇ ਸਥਿਤ ਟੀ. ਵੀ. ਐੱਸ. ਏਜੰਸੀ ਦੇ ਨੇੜੇ ਬਰਮ ਨਾਲ ਪੀਣ ਵਾਲੇ ਪਾਣੀ ਦੀ ਭਾਰੀ ਮਾਤਰਾ 'ਚ ਹੋ ਰਹੀ ਲੀਕੇਜ ਕਾਰਨ ਰੋਜ਼ਾਨਾ ਹਜ਼ਾਰਾਂ ਲਿਟਰ ਸਾਫ ਪਾਣੀ ਦੀ ਬਰਬਾਦੀ ਹੋ ਰਹੀ ਹੈ, ਜਿਸ ਨੂੰ ਵਿਭਾਗ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਅਜੇ ਤੱਕ ਠੀਕ ਨਹੀਂ ਕੀਤਾ ਗਿਆ। ਸਰਪੰਚ ਗੁਰਨਾਮ ਸਿੰਘ ਚਾਹਲ ਅਤੇ ਸਾਬਕਾ ਸਰਪੰਚ ਡਾ. ਜੋਗਿੰਦਰਪਾਲ ਦੱਤ ਨੇ ਦੱਸਿਆ ਕਿ ਵਿਭਾਗ ਵੱਲੋਂ ਪੀਣ ਵਾਲੇ ਸਾਫ ਪਾਣੀ ਨੂੰ ਬਚਾਉਣ ਅਤੇ ਇਸ ਦੀ ਵਰਤੋਂ ਸੰਜਮ ਨਾਲ ਕਰਨ ਲਈ ਜਾਗਰੂਕਤਾ ਮੁਹਿੰਮ ਤਾਂ ਚਲਾਈ ਜਾ ਰਹੀ ਹੈ ਪਰ ਜਿਹੜਾ ਹਜ਼ਾਰਾਂ ਲਿਟਰ ਪਾਣੀ ਲੀਕੇਜ ਕਾਰਣ ਬਰਬਾਦ ਹੁੰਦਾ ਹੈ, ਉਸ ਨੂੰ ਠੀਕ ਕਰਨ ਲਈ ਵਿਭਾਗ ਸੁਸਤ ਹੈ। 

ਉਨ੍ਹਾਂ ਦੱਸਿਆ ਕਿ ਕਾਫੀ ਸਮੇਂ ਤੋਂ ਉਕਤ ਹੋ ਰਹੀ ਲੀਕੇਜ ਕਾਰਣ ਇਕ ਤਾਂ ਸਪਲਾਈ ਗੰਧਲੀ ਹੁੰਦੀ ਹੈ ਅਤੇ ਦੂਜਾ ਘਰਾਂ ਤੱਕ ਪਾਣੀ ਦਾ ਪ੍ਰੈਸ਼ਰ ਪੂਰਾ ਨਹੀਂ ਬਣਦਾ, ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਸੜਕ ਦੀ ਬਰਮ ਨਾਲ ਲੀਕੇਜ ਨੇ ਕਾਫੀ ਵੱਡਾ ਟੋਇਆ ਬਣਾ ਦਿੱਤਾ ਹੈ, ਜਿਸ ਨਾਲ ਜਿਥੇ ਸੜਕ ਟੁੱਟ ਸਕਦੀ ਹੈ, ਉਥੇ ਹੀ ਅਚਾਨਕ ਵਾਹਨ ਚਾਲਕ ਵੀ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਵਿਭਾਗ ਤੋਂ ਉਕਤ ਲੀਕੇਜ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੀ ਮੰਗ ਕੀਤੀ ਹੈ।

ਕਣਕ ਦੇ ਖੇਤ ਨੂੰ ਲੱਗ ਰਿਹੈ ਪਾਣੀ
ਉਕਤ ਵੱਡੀ ਮਾਤਰਾ 'ਚ ਹੋ ਰਹੀ ਲੀਕੇਜ ਦਾ ਪਾਣੀ ਜੋ ਅੱਗੇ ਜਾਂਦਾ ਹੈ, ਨੂੰ ਜਦੋਂ ਦੇਖਿਆ ਤਾਂ ਇਹ ਪਾਣੀ ਇਕ ਕਣਕ ਦੇ ਖੇਤ ਨੂੰ ਇਸ ਤਰ੍ਹਾਂ ਲਾਇਆ ਜਾ ਰਿਹਾ ਹੈ ਜਿਵੇਂ ਕਿਸੇ ਸਿੰਚਾਈ ਵਾਲੇ ਟਿਊਬਵੈੱਲ ਦਾ ਹੋਵੇ। ਇਸ ਤਰ੍ਹਾਂ ਸਾਫ ਪਾਣੀ ਦੀ ਬਰਬਾਦੀ ਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਮਹਿਕਮਾ ਇਸ ਨੂੰ ਜਾਣ-ਬੁੱਝ ਕੇ ਅਣਗੌਲਿਆਂ ਕਰ ਰਿਹਾ ਹੈ। ਦੱਸਣਯੋਗ ਹੈ ਕਿ ਇਸ ਲੀਕੇਜ ਸਬੰਧੀ ਪਹਿਲਾਂ ਵੀ ਖ਼ਬਰ ਪ੍ਰਕਾਸ਼ਿਤ ਹੋ ਚੁੱਕੀ ਹੈ ਪਰ ਪਤਾ ਨਹੀਂ ਕਿਸ ਕਾਰਨ ਠੀਕ ਨਹੀਂ ਹੋ ਸਕੀ।

ਫੰਡਾਂ ਦੀ ਘਾਟ ਕਾਰਣ ਲੀਕੇਜ ਨੂੰ ਠੀਕ ਕਰਨ 'ਚ ਮੁਸ਼ਕਲ ਹੋ ਰਹੀ : ਜੇ. ਈ.
ਲੀਕੇਜ ਸਬੰਧੀ ਜਦੋਂ ਵਿਭਾਗ ਦੇ ਜੇ. ਈ. ਗੁਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਚਾਹੁੰਦੇ ਹਨ ਕਿ ਜਿੱਥੇ ਕਿਤੇ ਵੀ ਲੀਕੇਜ ਹੁੰਦੀ ਹੈ, ਉਸ ਨੂੰ ਤੁਰੰਤ ਠੀਕ ਕਰਵਾ ਦਿੱਤਾ ਜਾਵੇ ਪਰ ਵਿਭਾਗ ਕੋਲ ਫੰਡਾਂ ਦੀ ਘਾਟ ਕਰਕੇ ਇਸ ਸਮੱਸਿਆ ਨੂੰ ਜਲਦੀ ਹੱਲ ਕਰਨ 'ਚ ਇਕ ਤਾਂ ਮੁਸ਼ਕਲ ਪੇਸ਼ ਆਉਂਦੀ ਹੈ ਅਤੇ ਦੂਜਾ ਦੇਰੀ ਵੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਕਾਠਗੜ੍ਹ 'ਚ ਲੋਕਾਂ ਵੱਲ ਪਾਣੀ ਦਾ ਬਕਾਇਆ ਬਿੱਲ 10 ਲੱਖ ਰੁਪਏ ਤੋਂ ਵੀ ਜ਼ਿਆਦਾ ਹੈ ਅਤੇ ਪਿਛਲੇ ਹਫਤੇ ਹੀ ਮੁਲਾਜ਼ਮਾਂ ਵੱਲੋਂ ਕੁਝ ਕੁਲੈਕਸ਼ਨ ਕੀਤੀ ਗਈ ਹੈ ਪਰ ਮੇਨਟੀਨੈਂਸ ਤਾਂ ਪੈਸਿਆਂ ਨਾਲ ਹੀ ਹੋ ਸਕਦੀ ਹੈ। ਉਨ੍ਹਾਂ ਲੀਕੇਜ ਨੂੰ ਜਲਦੀ ਠੀਕ ਕਰਨ ਦਾ ਭਰੋਸਾ ਦਿੱਤਾ ਹੈ।

shivani attri

This news is Content Editor shivani attri