ਦਿਹਾਤੀ ਏਰੀਆ ਨੂੰ ਕ੍ਰਾਈਮ ਮੁਕਤ ਕਰਨ ਦੇ ਨਾਲ-ਨਾਲ ਸਖ਼ਤੀ ਨਾਲ ਲਾਗੂ ਹੋਵੇਗੀ ਕਾਨੂੰਨ ਵਿਵਸਥਾ : SSP ਸ਼ਰਮਾ

04/14/2022 4:45:19 PM

ਜਲੰਧਰ (ਸ਼ੋਰੀ)–ਆਈ. ਪੀ. ਐੱਸ. ਅਧਿਕਾਰੀ ਸਵਪਨ ਸ਼ਰਮਾ ਨੇ ਜਲੰਧਰ ਦਿਹਾਤੀ ਐੱਸ. ਐੱਸ. ਪੀ. ਦਾ ਚਾਰਜ ਸੰਭਾਲ ਲਿਆ ਹੈ। ਚਾਰਜ ਲੈਣ ਤੋਂ ਬਾਅਦ ਹੀ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਕਿ ਦਿਹਾਤੀ ਏਰੀਆ ਨੂੰ ਕ੍ਰਾਈਮ ਮੁਕਤ ਕਰਨ ਦੇ ਨਾਲ-ਨਾਲ ਸਖ਼ਤੀ ਨਾਲ ਲਾਅ ਐਂਡ ਆਰਡਰ ਲਾਗੂ ਕੀਤਾ ਜਾਵੇਗਾ। ਇਲਾਕੇ ’ਚ ਪੀੜਤਾਂ ਨੂੰ ਪਹਿਲ ਦੇ ਆਧਾਰ ’ਤੇ ਥਾਣਿਆਂ ’ਚ ਹੀ ਿਬਨਾਂ ਕਿਸੇ ਸਿਫ਼ਾਰਿਸ਼ ਦੇ ਇਨਸਾਫ਼ ਮਿਲੇਗਾ। ਡੀ. ਜੀ. ਪੀ. ਪੰਜਾਬ ਵੀ. ਕੇ. ਭਾਵਰਾ ਦੇ ਹੁਕਮਾਂ ’ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਨਾਲ-ਨਾਲ ਸ਼ਰਾਰਤੀ ਅਨਸਰਾਂ ਖ਼ਿਲਾਫ਼ ਪੁਲਸ ਆਉਣ ਵਾਲੇ ਿਦਨਾਂ ’ਚ ਜੰਗੀ ਪੱਧਰ ’ਤੇ ਕਾਰਵਾਈ ਕਰੇਗੀ। ਐੱਸ. ਐੱਸ. ਪੀ. ਸ਼ਰਮਾ ਨੇ ਪੁਲਸ ਜਵਾਨਾਂ ਨੂੰ ਸਪੱਸ਼ਟ ਕਿਹਾ ਕਿ ਗ਼ਲਤ ਕੰਮ ਕਰਨ ਵਾਲਿਆਂ ਨਾਲ ਜੇਕਰ ਕਿਸੇ ਵੀ ਪੁਲਸ ਜਵਾਨ ਦੀ ਸੈਟਿੰਗ ਪਾਈ ਗਈ ਤਾਂ ਉਕਤ ਪੁਲਸ ਜਵਾਨ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਦੇ ਨਾਲ ਹੀ ਡਿਊਟੀ ਦੌਰਾਨ ਲਾਪ੍ਰਵਾਹੀ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਹੈ।

ਹਾਂ ਸਹੀ ਕੰਮ ਕਰਨ ਵਾਲੇ ਪੁਲਸ ਜਵਾਨਾਂ ਨੂੰ ਉਹ ਪ੍ਰਸ਼ੰਸਾ ਪੱਤਰ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਨਮਾਨਿਤ ਕਰ ਕੇ ਉਨ੍ਹਾਂ ਦੀ ਤਰੱਕੀ ਲਈ ਸੀਨੀਅਰ ਉੱਚ ਪੁਲਸ ਅਧਿਕਾਰੀਆਂ ਨੂੰ ਲਿਖ ਕੇ ਭੇਜਣਗੇ।
‘ਜਗ ਬਾਣੀ’ ਨਾਲ ਖਾਸ ਗੱਲਬਾਤ ਦੌਰਾਨ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਉਨ੍ਹਾਂ ਨੂੰ ਪਹਿਲੀ ਵਾਰ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਗੇ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਥਾਣਾ ਪੱਧਰ ’ਤੇ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਲੋਕ ਸਿੱਧਾ ਉਨ੍ਹਾਂ ਦੇ ਆਫਿਸ ਆ ਕੇ ਉਨ੍ਹਾਂ ਨੂੰ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਹਰ ਪਿੰਡ ਵਿਚ ਪੁਲਸ ਅਧਿਕਾਰੀਆਂ ਨੂੰ ਭੇਜਣਗੇ, ਜੋ ਲੋਕਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕਰਨਗੇ ਅਤੇ ਉਨ੍ਹਾਂ ਨੂੰ ਦੂਰ ਕਰਨਗੇ। ਜ਼ਰੂਰਤ ਪੈਣ ’ਤੇ ਉਹ ਖ਼ੁਦ ਵੀ ਲੋਕਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਜਾਗਰੂਕ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਧਿਆਨ ਰੱਖਣ ਕਿ ਉਨ੍ਹਾਂ ਦੇ ਇਲਾਕੇ ’ਚ ਨਸ਼ਾ ਕੌਣ ਵੇਚਦਾ ਹੈ ਕਿਉਂਿਕ ਨਸ਼ਾ ਵੇਚਣ ਵਾਲੇ ਤੁਹਾਡੇ ਬੱਚਿਆਂ ਨੂੰ ਹੀ ਨਸ਼ੇ ਦੀ ਲਤ ਲਗਾ ਕੇ ਪੈਸਾ ਕਮਾਉਣ ਦਾ ਧੰਦਾ ਕਰਨਗੇ। ਇਸ ਲਈ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਸਾਨੂੰ ਅੱਗੇ ਆਉਣਾ ਹੋਵੇਗਾ। ਉਹ ਲੋਕਾਂ ਨੂੰ ਭਰੋਸਾ ਦਿੰਦੇ ਹਨ ਕਿ ਪੁਲਸ ਨੂੰ ਸੂਚਨਾ ਦੇਣ ਵਾਲਿਆਂ ਦਾ ਨਾਂ ਬਿਲਕੁਲ ਗੁਪਤ ਰੱਖਿਆ ਜਾਵੇਗਾ।
 
3 ਗੈਂਗਸਟਰਾਂ ਦਾ ਵੀ ਕੀਤਾ ਸੀ ਐਨਕਾਊਂਟਰ

   ਜਲੰਧਰ ਐੱਸ. ਐੱਸ. ਪੀ. ਲੱਗਣ ਤੋਂ ਪਹਿਲਾਂ ਬਠਿੰਡਾ ਵਿਚ ਬਤੌਰ ਐੱਸ. ਐੱਸ. ਪੀ. ਰਹਿ ਚੁੱਕੇ ਸਵਪਨ ਸ਼ਰਮਾ ਨੇ ਉਥੇ ਦਹਿਸ਼ਤ ਫੈਲਾਉਣ ਵਾਲੇ ਨਾਮੀ ਗੈਂਗਸਟਰ ਦਵਿੰਦਰ ਬੰਬੀਹਾ ਅਤੇ ਮੁਕਤਸਰ ਤੇ ਹਰਿਆਣਾ ਦੇ ਨਾਮੀ 2 ਗੈਂਗਸਟਰਾਂ ਨੂੰ ਫੜਨ ਲਈ ਸਪੈਸ਼ਲ ਟੀਮਾਂ ਤਿਆਰ ਕਰਵਾਈਆਂ ਸਨ, ਜਿਸ ਦੀ ਅਗਵਾਈ ਉਹ ਖੁਦ ਕਰਦੇ ਰਹੇ। ਪੁਲਸ ਤਿੰਨਾਂ ਗੈਂਗਸਟਰਾਂ ਨੂੰ ਫੜਨ ਗਈ ਤਾਂ ਗੈਂਗਸਟਰਾਂ ਨੇ ਪੁਲਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਐਨਕਾਊਂਟਰ ’ਚ ਤਿੰਨੋਂ ਗੈਂਗਸਟਰ ਮਾਰੇ ਗਏ। ਇਸ ਮਾਮਲੇ ਵਿਚ ਵੀ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਆਪਣੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਗੁੱਡ ਬੁੱਕ ’ਚ ਆਪਣਾ ਨਾਂ ਦਰਜ ਕਰਵਾਇਆ। ਇਸ ਦੇ ਨਾਲ ਹੀ ਫਾਜ਼ਿਲਕਾ ਵਿਚ ਐੱਸ. ਐੱਸ. ਪੀ. ਰਹਿ ਚੁੱਕੇ ਸ਼ਰਮਾ ਨੇ 22 ਕਿਲੋ ਹੈਰੋਇਨ ਵੀ ਫੜੀ ਸੀ, ਜਿਸ ਦੀ ਅੰਤਰਰਾਸ਼ਟਰੀ ਕੀਮਤ 85 ਲੱਖ ਦੱਸੀ ਜਾਂਦੀ ਹੈ। ਸੁਭਾਅ ਤੋਂ ਸਖ਼ਤ ਅਤੇ ਲੋਕਾਂ ਦੀ ਸੁਰੱਖਿਆ ਲਈ ਦਿਨ-ਰਾਤ ਕੰਮ ਕਰਨ ਵਾਲੇ ਆਈ. ਪੀ. ਐੱਸ. ਅਧਿਕਾਰੀ ਸਵਪਨ ਸ਼ਰਮਾ ਆਪਣੇ ਅਲੱਗ ਸਟਾਈਲ ਨਾਲ ਕੰਮ ਕਰਨ ਲਈ ਜਾਣੇ ਜਾਂਦੇ ਹਨ।
 
ਦਾਦਾ ਤੋਂ ਲੈ ਕੇ ਨਾਨਾ, ਪਿਤਾ ਅਤੇ ਹੁਣ ਭਰਾ ਕਰ ਰਹੇ ਹਨ ਦੇਸ਼ ਦੀ ਸੇਵਾ

ਐੱਸ. ਐੱਸ. ਪੀ. ਸਵਪਨ ਸ਼ਰਮਾ ਦੇ ਪਰਿਵਾਰ ਵਿਚ ਸ਼ਾਇਦ ਹੀ ਕੋਈ ਅਜਿਹਾ ਸ਼ਖ਼ਸ ਹੋਵੇ, ਜਿਸ ਨੇ ਫੌਜ ’ਚ ਰਹਿ ਕੇ ਦੇਸ਼ ਦੀ ਸੇਵਾ ਨਾ ਕੀਤੀ ਹੋਵੇ। ਐੱਸ. ਐੱਸ. ਪੀ. ਸ਼ਰਮਾ ਦੇ ਦਾਦਾ, ਨਾਨਾ ਅਤੇ ਪਿਤਾ ਮਹੇਸ਼ ਚੰਦਰ ਸ਼ਰਮਾ, ਜੋ ਫੌਜ ’ਚ ਕਰਨਲ ਰਿਟਾਇਰ ਹੋਏ ਹਨ, ਪੂਰੀ ਨੌਕਰੀ ਦੌਰਾਨ ਉਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਦੇ ਪਿਤਾ ਹੁਣ ਪਿੰਡ ਵਿਚ ਲੋਕਾਂ ਦੀ ਸੇਵਾ ਲਈ ਜਾਣੇ ਜਾਂਦੇ ਹਨ। ਇੰਨਾ ਹੀ ਨਹੀਂ, ਇਨ੍ਹਾਂ ਦੇ ਚਚੇਰੇ ਭਰਾ ਵੀ ਫੌਜ ’ਚ ਅਫ਼ਸਰ ਹਨ। 2009 ਨੂੰ ਸ਼ਰਮਾ ਨੇ ਆਈ. ਪੀ. ਐੱਸ. ਦਾ ਪੇਪਰ ਕਲੀਅਰ ਕੀਤਾ ਅਤੇ ਬਾਅਦ ਵਿਚ ਉਹ ਲੁਧਿਆਣਾ ਵਿਚ ਏ. ਐੱਸ. ਪੀ., ਐੱਸ. ਪੀ. ਯੂ. ਚੰਡੀਗੜ੍ਹ, ਏ. ਡੀ. ਸੀ. ਪੀ. ਸਿਟੀ 4 ਲੁਧਿਆਣਾ, ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ, ਐੱਸ. ਐੱਸ. ਪੀ. ਰੋਪੜ, ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਮੋਹਾਲੀ ਅਤੇ ਐੱਸ. ਐੱਸ. ਪੀ. ਸੰਗਰੂਰ ਰਹੇ।


Manoj

Content Editor

Related News