ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ‘ਜਲ ਦਾ ਰਾਖਾ, ਕੱਲ੍ਹ ਦਾ ਰਾਖਾ’ ਮੁਹਿੰਮ ਸ਼ੁਰੂ

05/27/2022 3:56:34 PM

ਭੁਲੱਥ (ਰਜਿੰਦਰ) : ਝੋਨੇ ਦੀ ਸਿੱਧੀ ਬੀਜਾਈ ਰਾਹੀਂ ਪਾਣੀ ਨੂੰ ਬਚਾਉਣ ਦਾ ਸੁਨੇਹਾ ਦੇਣ ਲਈ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਨਿਵੇੇਕਲੀ ‘ਜਲ ਦਾ ਰਾਖਾ, ਕੱਲ੍ਹ ਦਾ ਰਾਖਾ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਭੁਲੱਥ ਹਲਕੇ ਦੇ ਪਿੰਡ ਬਾਮੂਵਾਲ ਤੇ ਲੱਖਣ ਕਲਾਂ ਤੋਂ ਇਸ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਇਸ ਨੂੰ ਪਾਣੀ ਬਚਾਉਣ ਲਈ ਪਹਿਲ ਕਰਨ ਵਾਲੇ ਕਿਸਾਨਾਂ ਦਾ ਸਨਮਾਨ ਕਰਾਰ ਦਿੱਤਾ ਤਾਂ ਜੋ ਹੋਰ ਕਿਸਾਨ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਬਲਾਕ ਢਿੱਲਵਾਂ ਦੇ ਪਿੰਡਾਂ ਅੰਦਰ ਝੋਨੇ ਦੀ ਸਿੱਧੀ ਬੀਜਾਈ ਕਰਨ ਵਾਲੇ ਕਿਸਾਨਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦਾ ਪ੍ਰਸ਼ੰਸਾ ਪੱਤਰ ਨਾਲ ਸਨਮਾਨ ਕੀਤਾ ਸਗੋਂ ਕਿਸਾਨਾਂ ਦੇ ਟਰੈਕਟਰਾਂ ਤੇ ਉਨ੍ਹਾਂ ਦੇ ਘਰਾਂ ਦੇ ਗੇਟਾਂ ਉੱਪਰ ਵਿਸ਼ੇਸ਼ ਤੌਰ ’ਤੇ ‘ਜਲ ਦਾ ਰਾਖਾ’ ਦੀ ਉਪਾਧੀ ਦਰਸਾਉਣ ਵਾਲੇ ਸਟਿੱਕਰ ਲਾਉਣ ਦੀ ਵੀ ਸ਼ੁਰੂਆਤ ਕੀਤੀ।

PunjabKesari

ਪਿੰਡ ਬਾਮੂਵਾਲ ਵਿਖੇ ਉਨ੍ਹਾਂ ਕਿਸਾਨ ਕੁਲਵੰਤ ਸਿੰਘ ਚੀਮਾ ਦੇ ਖੇਤ ਦਾ ਦੌਰਾ ਕਰ ਕੇ ਸਿੱਧੀ ਬੀਜਾਈ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਕਿਸਾਨ ਕੁਲਵੰਤ ਸਿੰਘ ਪਿੰਡ ਬਾਮੂਵਾਲ, ਜਿਸ ਨੇ 2 ਏਕੜ, ਕਿਸਾਨ ਗੁਰਬਖਸ਼ ਸਿੰਘ, ਜਿਸ ਨੇ 15 ਏਕੜ , ਲਖਵਿੰਦਰ ਸਿੰਘ ਖਾਨਪੁਰ, ਜਿਸ ਨੇ 3 ਏਕੜ ਵਿਚ ਝੋਨੇ ਦੀ ਸਿੱਧੀ ਬੀਜਾਈ ਕੀਤੀ ਹੈ, ਨੇ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦਿੱਤੀ ਜਾ ਰਹੀ ਉਤਸ਼ਾਹ-ਵਧਾਊ ਰਾਸ਼ੀ ’ਤੇ ਖੁਸ਼ੀ ਪ੍ਰਗਟਾਈ। ਕਿਸਾਨਾਂ ਦੀ ਮੰਗ ਅਨੁਸਾਰ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ  ਨੂੰ ਕਿਹਾ ਕਿ ਉਹ ਉਤਸ਼ਾਹ-ਵਧਾਊ ਰਾਸ਼ੀ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਤਾਂ ਜੋ ਉਹ ਪੰਜਾਬ ਸਰਕਾਰ ਦੇ ਪੋਰਟਲ http://agrimachinerypb.com/home/dsr2022 ਉੱਪਰ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣ। ਦੱਸਣਯੋਗ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਪੋਰਟਲ ਉੱਪਰ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ, ਜਿਸ ’ਚ ਕਿਸਾਨ 5 ਜੂਨ ਤੱਕ ਤਬਦੀਲੀ ਕਰ ਸਕਣਗੇ। ਕਿਸਾਨਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ 88720-26513 ਵੀ ਜਾਰੀ ਕੀਤਾ ਗਿਆ ਹੈ।

PunjabKesari

ਇਸ ਮੁਹਿੰਮ ਦੇ ਹੋਰ ਪਹਿਲੂਆਂ ਤਹਿਤ ਸਕੂਲੀ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੇ ਭਵਿੱਖ ਨੂੰ ਬਚਾਉਣ ਲਈ ਹੰਭਲਾ ਮਾਰਨ ਵਾਲੇ ਕਿਸਾਨਾਂ ਦਾ ਧੰਨਵਾਦ ਵੀ ਕੀਤਾ ਗਿਆ ਅਤੇ ਹਰੇਕ ਕਿਸਾਨ ਨੂੰ 5-5 ਪੌਦੇ ਦਿੱਤੇ ਗਏ। ਇਨ੍ਹਾਂ  ’ਚ ਅੰਬ, ਨਿੰਮ ਤੇ 3 ਹੋਰ ਛਾਂਦਾਰ ਪੌਦੇ ਹਨ, ਜੋ  ਕਿਸਾਨ ਆਪਣੀ ਮੋਟਰ ’ਤੇ ਲਗਾ ਸਕੇਗਾ। ਸ਼ੁਰੂਆਤੀ ਤੌਰ ’ਤੇ ਕਿਸਾਨਾਂ ਦੀ ਧੰਨਵਾਦੀ ਮੁਹਿੰਮ ’ਚ ਸਰਕਾਰੀ ਸਕੂਲ ਨੂਰਪੁਰ ਲੁਬਾਣਾ ਤੇ ਰਣਧੀਰ ਸਕੂਲ ਕਪੂਰਥਲਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਵਾਤਾਵਰਣ ਤੇ ਪਾਣੀ ਦੀ ਸੰਭਾਲ ਕਰਨ ਵਾਲੇ ਕਿਸਾਨ ਦਾ ਸਮਾਜਿਕ ਰੁਤਬਾ ਉੱਚਾ ਕਰਨਾ ਹੈ, ਤਾਂ ਜੋ ਉਹ ਹੋਰਨਾਂ ਲਈ ਰਾਹ ਦਸੇਰਾ ਬਣ ਸਕੇ।

ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੂਰੇ ਜ਼ਿਲ੍ਹੇ ’ਚ ਚਲਾਈ ਜਾਵੇਗੀ। ਸ਼ੁਰੂਆਤੀ ਤੌਰ ’ਤੇ ਬਲਾਕ ਢਿੱਲਵਾਂ ਦੇ 10 ਕਿਸਾਨਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ’ਚ ਜਸਵਿੰਦਰ ਸਿੰਘ ਪਿੰਡ ਬੁਤਾਲਾ, ਕੁਲਵੰਤ ਸਿੰਘ ਪਿੰਡ ਚਕੋਕੀ, ਕੇਵਲ ਸਿੰਘ ਪਿੰਡ ਲੱਖਣ ਕੇ ਪੱਡਾ, ਕੁਲਵੰਤ ਸਿੰਘ , ਗੁਰਬਖਸ ਸਿੰਘ, ਸ਼ਰਨਾਗਤ ਸਿੰਘ ਤੇ ਪਰਮਜੀਤ ਸਿੰਘ ਸਾਰੇ ਪਿੰਡ ਬਾਮੂਵਾਲ ਤੇ ਲਖਵਿੰਦਰ ਸਿੰਘ ਪਿੰਡ ਖਾਨਪੁਰ ਸ਼ਾਮਿਲ ਹਨ। ਇਨ੍ਹਾਂ ਕਿਸਾਨਾਂ ਨੇ ਕੁਲ 36 ਏਕੜ ’ਚ ਝੋਨੇ ਦੀ ਸਿੱਧੀ ਬੀਜਾਈ ਕੀਤੀ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਐੱਸ. ਕੇ. ਵਿਰਦੀ, ਬਲਕਾਰ ਸਿੰਘ ਖੇਤੀਬਾੜੀ ਅਫ਼ਸਰ, ਵਿਸ਼ਾਲ ਕੌਂਸਲ ਏ. ਡੀ. ਓ. ਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।


Manoj

Content Editor

Related News