ਇੰਡਸਟਰੀ ਪਲਾਟਾਂ ’ਚੋਂ ਲੈਂਡ ਮਾਫੀਆ ਦਾ ਕੀਤਾ ਜਾਵੇਗਾ ਸਫਾਇਆ : ਉਦਯੋਗ ਮੰਤਰੀ

06/29/2019 6:00:42 AM

ਨਵਾਂਸ਼ਹਿਰ, (ਤ੍ਰਿਪਾਠੀ,ਮਨੋਰੰਜਨ)- ਪੰਜਾਬ ’ਚ ਫੋਕਲ ਪੁਆਇੰਟਾਂ ’ਚ ਇੰਡਸਟਰੀ ਦੇ ਲਈ ਅਲਾਟ ਕੀਤੇ ਗਏ ਪਲਾਟਾਂ ’ਚ ਲੈਂਡ ਮਾਫੀਆ ਨੂੰ ਪੂਰਨ ਤੌਰ ’ਤੇ ਖਤਮ ਕੀਤਾ ਜਾਵੇਗਾ। ਜਿਨ੍ਹਾਂ ਪਲਾਟਾਂ ਦੀ ਅਲਾਟਮੈਂਟ ਇੰਡਸਟਰੀ ਡਿਵੈੱਲਪ ਕਰਨ ਦੇ ਲਈ ਕੀਤੀ ਗਈ ਹੈ ਉਨ੍ਹਾਂ ’ਤੇ ਕੇਵਲ ਇੰਡਸਟਰੀ ਹੀ ਵਿਕਸਿਤ ਕੀਤੀ ਜਾ ਸਕੇਗੀ।

ਉਕਤ ਜਾਣਕਾਰੀ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋਡ਼ਾ ਨੇ ਅੱਜ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਦੇ ਦਫਤਰ ’ਚ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਕਿਹਾ ਇਸ ਸਬੰਧੀ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਪਲਾਟ ਹੋਲਡਰਾਂ ਨੂੰ 30 ਜੂਨ ਤੱਕ ਖਾਲੀ ਪਲਾਟਾਂ ਨੂੰ ਵਿਕਸਿਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ ਜਿਸ ਦੇ ਤਹਿਤ 27 ਜੂਨ ਤੱਕ ਵਿਭਾਗ ਵੱਲੋਂ ਖਾਲੀ ਪਲਾਟਾਂ ’ਤੇ 21 ਕਰੋਡ਼ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਖਾਲੀ ਪਲਾਟਾਂ ’ਤੇ ਪਲਾਟ ਹੋਲਡਰਾਂ ਵੱਲੋਂ ਯੂਨਿਟ ਸਥਾਪਿਤ ਕਰਨ ਦੇ ਲਈ ਨਕਸ਼ੇ ਅਪਲਾਈ ਕੀਤੇ ਜਾ ਰਹੇ ਹਨ। ਜਿਨ੍ਹਾਂ ਪਲਾਟਾਂ ’ਤੇ ਇੰਡਸਟਰੀ ਯੂਨਿਟ ਵਿਕਸਿਤ ਨਹੀਂ ਹੋਣਗੇ ਉਨ੍ਹਾਂ ਨੂੰ ਸਰਕਾਰ ਵੱਲੋਂ ਜ਼ਬਤ ਕਰ ਲਿਆ ਜਾਵੇਗਾ।

ਮਲਿਕਪੁਰ ’ਚ 400 ਏਕਡ਼ ’ਚ ਲੱਗੇਗੀ ਵੱਡੀ ਇੰਡਸਟਰੀ

ਉਨ੍ਹਾਂ ਕਿਹਾ ਕਿ ਪਿੰਡ ਮਲਿਕਪੁਰ ’ਚ ਰੈਜ਼ੂਲੇਸ਼ਨ ਪਾ ਕੇ 400 ਏਕਡ਼ ਜ਼ਮੀਨ ਇੰਡਸਟਰੀ ਦੇ ਲਈ ਮਿਲੀ ਹੈ ਜਿਸ ’ਤੇ ਬਹੁਤ ਵੱਡੀ ਇੰਡਸਟਰੀ ਸਥਾਪਤ ਕਰਨ ਦੀ ਯੋਜਨਾ ਹੈ। ਉਦਯੋਗ ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਨੂੰ ਉਕਤ ਜ਼ਮੀਨ ਦਿਖਾਈ ਗਈ ਹੈ। ਜਿਸ ਨਾਲ ਨਾ ਕੇਵਲ ਜ਼ਿਲੇ ਦਾ ਵਿਕਾਸ ਸੰਭਵ ਹੋਵੇਗਾ ਸਗੋਂ ਹਜ਼ਾਰਾਂ ਲੋਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਦੇਸ਼ ਭਰ ’ਚ ਸਭ ਤੋਂ ਵਧੀਆ 2017 ਇੰਡਸਟਰੀ ਫ੍ਰੇਮ ਕੀਤੀ ਗਈ ਹੈ ਜਿਸਦੇ ਤਹਿਤ ਕੰਢੀ ਕੇਤਰ ’ਚ ਸਥਾਪਿਤ ਹੋਣ ਵਾਲੇ ਯੂਨਿਟਾਂ ਅਤੇ ਇੰਪਲਾਈਮੈਂਟ ਨੂੰ 36 ਤੋਂ 48 ਹਜ਼ਾਰ ਰੁਪਏ ਦੀ ਮਦਦ ਅਤੇ ਬੈਂਕ ਲੋਨ ’ਤੇ 5 ਫੀਸਦੀ ਸਬਸਿਡੀ ਸਰਕਾਰ ਵਲੋਂ ਦਿੱਤੀ ਜਾਵੇਗੀ। ਸਰਕਾਰ ਵਲੋਂ ਪੰਚਾਇਤਾਂ ਨੂੰ ਅਪੀਲ ਕੀਤੀ ਗਈ ਹੈ ਉਹ ਆਪਣੇ ਪਿੰਡਾਂ ਦੀਆਂ ਹੋਰ ਜ਼ਮੀਨਾਂ ਦੇ ਰੈਜੂਲੇਸ਼ਨ ਪਾ ਕੇ ਸਰਕਾਰ ਨੂੰ ਇੰਡਸਟਰੀ ਲਾਉਣ ਦੇ ਲਈ ਦੇਣ ਤਾਂ ਕਿ ਪਿੰਡਾਂ ’ਚ ਛੋਟੀਆਂ-ਛੋਟੀਆਂ ਇੰਡਸਟਰੀਆਂ ਸਥਾਪਿਤ ਕੀਤੀਆ ਜਾਣ ਜਿਸ ਨਾਲ ਪਿੰਡ ਦਾ ਵਿਕਾਸ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇਗਾ।

ਹਰ ਜ਼ਿਲੇ ’ਚ ਆਰ.ਟੀ.ਆਈ. ਦੀ ਤਾਇਨਾਤੀ

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਅਤੇ ਟ੍ਰਾਂਸਪੋਰਟਰਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਜਿੱਥੇ ਅਗਲੇ ਦਿਨਾਂ ’ਚ ਹਰ ਜ਼ਿਲੇ ’ਚ ਆਰ. ਟੀ. ਆਈ. ਦੀ ਤਾਇਨਾਤੀ ਕੀਤੀ ਜਾ ਰਹੀ ਹੈ, ਉੱਥੇ ਭਾਰੀ ਵਾਹਨਾਂ ਦੇ ਲਾਇਸੈਂਸ ਲਈ ਸਿਰਫ ਮੁਕਤਸਰ ਜ਼ਿਲੇ ’ਚ ਮਹੂਆਣਾ ’ਚ ਹੀ ਟੈਸਟਿੰਗ ਟ੍ਰੈਕ ਹੋਣ ਦੀ ਸਮੱਸਿਆ ਤੋਂ ਨਿਜਾਤ ਦੇਣ ਲਈ 5 ਹੋਰ ਜ਼ਿਲਿਆਂ ’ਚ ਭਾਰੀ ਵਾਹਨਾਂ ਦੇ ਟੈਸਟਿੰਗ ਟ੍ਰੈਕ ਬਣਾਏ ਜਾ ਰਹੇ ਹਨ।

ਪੋਲੀਥੀਨ ’ਤੇ ਪਾਬੰਦੀ ਲਈ ਲੋਕਾਂ ਨੂੰ ਕਰਾਂਗੇ ਜਾਗਰੂਕ

ਸ੍ਰੀ ਅਰੋਡ਼ਾ ਨੇ ਪੋਲੀਥੀਨ ਉਦਯੋਗਾਂ ’ਚ ਉਤਪਾਦਨ ਬੰਦ ਕਰਨ ਦੇ ਸੁਆਲ ’ਤੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਹੀ ਪੋਲੀਥੀਨ ਦੀ ਪਾਬੰਦੀ ਤੋਂ ਬਾਅਦ ਇਨ੍ਹਾਂ ਉਦਯੋਗਾਂ ਲਈ ਉਤਪਾਦਨ ਬੰਦ ਕਰਨ ਦੀ ਸਮਾਂ-ਸੀਮਾ ਮਿੱਥ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੋਲੀਥੀਨ ਦੀ ਵਰਤੋਂ ਹਟਾਉਣ ਲਈ ਅਤੇ ਬਦਲਵੇਂ ਸਾਧਨ ਵਰਤੋਂ ’ਚ ਲਿਆਉਣ ਲਈ ਜਾਗਰੂਕਤਾ ਕਰਨ ਹਿੱਤ ਲੋਕਾਂ ਅਤੇ ਐੱਨ. ਜੀ. ਓਜ਼ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।

ਨਵਜੋਤ ਸਿੱਧੂ ਦੇ ਮੰਤਰਾਲਿਆ ਨਾ ਸਾਂਭਣ ਦੇ ਪ੍ਰਸ਼ਨ ’ਤੇ ਬਚਾਅ ਕਰਦੇ ਨਜ਼ਰ ਆਏ ਉਦਯੋਗ ਮੰਤਰੀ

ਜਦੋਂ ਪੰਜਾਬ ਦੇ ਵਿਪੱਖੀ ਸਿਆਸੀ ਦਲਾਂ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਵਾਂ ਮੰਤਰਾਲਿਆ ਨਾ ਸਾਂਭਣ ਸਬੰਧੀ ਪ੍ਰਸ਼ਨ ਕੀਤਾ ਗਿਆ ਤਾਂ ਉਨ੍ਹਾਂ ਬਚਾਅ ਕਰਦੇ ਹੋਏ ਇੰਨਾ ਹੀ ਕਿਹਾ ਕਿ ਇਹ ਛੋਟਾ ਮਾਮਲਾ ਹੈ ਅਤੇ ਜਲਦ ਹੀ ਇਹ ਮਾਮਲਾ ਨਿਪਟਾ ਲਿਆ ਜਾਵੇਗਾ।

ਬਾਈਪਾਸ ’ਚ ਲਗਾਤਾਰ ਹੋ ਰਹੀ ਦੇਰੀ ’ਤੇ ਮੰਤਰੀ ਨੇ ਡੀ.ਸੀ. ਤੋਂ ਮੰਗੀ ਰਿਪੋਰਟ

ਨੈਸ਼ਨਲ ਹਾਈਵੇ ਦੇ ਤਹਿਤ ਬਣ ਰਹੇ ਬਾਈਪਾਸ ਵਿਚ ਪਿੰਡ ਬਰਨਾਲਾ ਦੇ ਕਿਸਾਨਾਂ ਨੂੰ ਜ਼ਮੀਨ ਦੀ ਮੁਆਵਜ਼ਾ ਰਕਮ ਦੀ ਅਲਾਟਮੈਂਟ ਨਾ ਹੋਣ ’ਤੇ ਹੋ ਰਹੀ ਦੇਰੀ ਸਬੰਧੀ ਉਦਯੋਗ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਤੋਂ ਇਸ ਸਬੰਧੀ ਰਿਪੋਰਟ 2-3 ਦਿਨਾਂ ਵਿਚ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਮੀਡੀਆ ਦੇ ਇਕ ਪ੍ਰਸ਼ਨ ਜਿਸ ਵਿਚ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਰਕਮ ਵਿਚ ਦੇਰੀ ਲਈ ਹਿੱਸਾ ਮੰਗਣ ਦੇ ਦੋਸ਼ ਲਾਏ ਜਾ ਰਹੇ ਹਨ, ਸਬੰਧੀ ਕਿਹਾ ਕਿ ਇਸ ਮਾਮਲੇ ਵਿਚ ਜੇਕਰ ਕੋਈ ਖਾਮੀ ਆਉਂਦੀ ਹੈ ਤਾਂ ਉਸ ’ਤੇ ਸਖ਼ਤ ਐਕਸ਼ਨ ਲਿਆ ਜਾਵੇਗਾ।

ਇਸ ਮੌਕੇ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ, ਚੌ. ਦਰਸ਼ਨ ਲਾਲ ਮੰਗੂਪੁਰ ਵਿਧਾਇਕ ਬਲਾਚੌਰ, ਡਿਪਟੀ ਕਮਿਸ਼ਨਰ ਵਿਨੇ ਬਬਲਾਨੀ, ਐੱਸ.ਐੱਸ.ਪੀ. ਅਲਕਾ ਮੀਨਾ, ਨਗਰ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ, ਸਾਬਕਾ ਨਗਰ ਕੌਂਸਲ ਪ੍ਰਧਾਨ ਰਾਜਿੰਦਰ ਚੋਪਡ਼ਾ ਅਤੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਡਾਇਰੈਕਟਰ ਸ਼ੂਗਰ ਫੈੱਡ ਰਾਣਾ ਕੁਲਦੀਪ ਸਿੰਘ ਜਾਡਲਾ ਵੀ ਮੌਜੂਦ ਸਨ।

Bharat Thapa

This news is Content Editor Bharat Thapa