NRI ਚਾਚਾ-ਚਾਚੀ ਦੀ ਜ਼ਮੀਨ ਦਾ ਜਾਅਲੀ ਇਕਰਾਰਨਾਮਾ ਤਿਆਰ ਕਰਕੇ ਹੜੱਪਣ ਦੀ ਕੋਸ਼ਿਸ਼

05/25/2019 11:44:51 AM

ਜਲੰਧਰ (ਕਮਲੇਸ਼)— ਆਪਣੇ ਹੀ ਐੱਨ. ਆਰ. ਆਈ. ਚਾਚਾ-ਚਾਚੀ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜਾਅਲੀ ਇਕਰਾਰਨਾਮਾ ਬਣਾਉਣ ਵਾਲੇ ਭਤੀਜੇ 'ਤੇ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਭਤੀਜੇ ਅਤੇ ਇਕ ਹੋਰ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਕਬਜ਼ਾ ਕਰਨ ਦੀ ਨੀਅਤ ਨਾਲ ਦੋਸ਼ੀ ਪੱਖ ਨੇ ਲੋਕਲ ਕੋਰਟ ਤੋਂ ਲੈ ਕੇ ਹਾਈਕੋਰਟ 'ਚ ਜਾਅਲੀ ਦਸਤਾਵੇਜ਼ ਲਗਾ ਕੇ ਖੁਦ ਦੀ ਮਲਕੀਅਤ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਕੋਰਟ ਨੇ ਅਪੀਲ ਨੂੰ ਖਾਰਿਜ ਕਰ ਦਿੱਤਾ। ਪਿੰਡ ਖੇੜਾ ਦੇ ਰਹਿਣ ਵਾਲੇ ਰਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੇ ਨਾਲ ਕੈਨੇਡਾ ਰਹਿੰਦਾ ਹੈ। ਪਿੰਡ 'ਚ ਹੀ ਉਨ੍ਹਾਂ ਦੀ ਪੁਸ਼ਤੈਨੀ ਜ਼ਮੀਨ ਹੈ। ਉਨ੍ਹਾਂ 'ਚੋਂ ਇਕ 5 ਕਨਾਲ ਦੋ ਮਰਲੇ ਦੀ ਜ਼ਮੀਨ ਦੀ ਰਜਿਸਟਰੀ ਵੱਖ ਤੋਂ ਉਸ ਦੇ ਮਾਤਾ-ਪਿਤਾ ਦੇ ਨਾਂ ਹੈ ਪਰ 1999 'ਚ ਉਨ੍ਹਾਂ ਦੇ ਤਾਇਆ ਸਰਵਣ ਸਿੰਘ ਦੇ ਲੜਕੇ ਰਣਜੀਤ ਸਿੰਘ ਨੇ ਜਸਵੰਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਜਮਸ਼ੇਰ ਖੇੜਾ ਦੇ ਨਾਲ ਮਿਲ ਕੇ ਉਕਤ ਜ਼ਮੀਨ ਦਾ ਜਾਅਲੀ ਇਕਰਾਰਨਾਮਾ ਤਿਆਰ ਕਰਕੇ ਕੋਰਟ 'ਚ ਅਪੀਲ ਦਰਜ ਕਰ ਦਿੱਤੀ। 
2009 'ਚ ਕੋਰਟ ਨੇ ਅਪੀਲ ਨੂੰ ਖਾਰਿਜ ਕਰ ਦਿੱਤਾ। ਰਣਜੀਤ ਸਿੰਘ ਨੇ ਦੁਬਾਰਾ ਤੋਂ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਉਹ ਅਪੀਲ 2011 ਵਿਚ ਖਾਰਿਜ ਕਰ ਦਿੱਤੀ ਗਈ। ਇਸਦੇ ਬਾਵਜੂਦ ਰਣਜੀਤ ਸਿੰਘ ਨੇ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਹਾਈਕੋਰਟ ਵਿਚ ਅਪੀਲ ਦਰਜ ਕਰ ਦਿੱਤੀ ਪਰ ਹਾਈਕੋਰਟ ਨੇ ਵੀ 2018 ਨੂੰ ਅਪੀਲ ਖਾਰਿਜ ਕਰ ਦਿੱਤੀ। ਅਜਿਹੇ 'ਚ ਰਵਿੰਦਰ ਸਿੰਘ ਨੇ ਜਲੰਧਰ ਕਮਿਸ਼ਨਰੇਟ ਪੁਲਸ 'ਚ ਸ਼ਿਕਾਇਤ ਦਿੱਤੀ ਅਤੇ ਜਾਂਚ ਵਿਚ ਪਤਾ ਲੱਗਾ ਕਿ ਸਾਰੇ ਦਸਤਾਵੇਜ਼ ਜਾਅਲੀ ਸਨ। ਕਈ ਅਧਿਕਾਰੀਆਂ ਦੀ ਲੰਬੀ ਜਾਂਚ ਤੋਂ ਬਾਅਦ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਰਣਜੀਤ ਅਤੇ ਉਸ ਦੇ ਸਾਥੀ ਜਸਵੰਤ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੀ ਜਾਂਚ 'ਚ ਖਲਲ ਪਾਉਣ ਲਈ ਦੋਸ਼ੀ ਪੱਖ ਨੇ ਕਈ ਵਾਰ ਰਾਜਨੀਤੀ ਨਾਲ ਜੁੜੇ ਲੋਕਾਂ ਦਾ ਵੀ ਸਹਾਰਾ ਲਿਆ ਪਰ ਇਨ੍ਹਾਂ ਲੋਕਾਂ ਦੀ ਪੁਲਸ ਨੇ ਇਕ ਨਾ ਸੁਣੀ ਅਤੇ ਬਣਦੀ ਕਾਰਵਾਈ ਕੀਤੀ।

shivani attri

This news is Content Editor shivani attri