ਕੈਨੇਡਾ ਤੋਂ ਪਰਤੀ ਔਰਤ ਨੂੰ ਪੁਲਸ ਨੇ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ

02/14/2020 1:19:59 AM

ਗੁਰਾਇਆ, (ਜ. ਬ.)— ਆਪਣੀ ਮਾਤਾ ਦੇ ਅੰਤਿਮ ਸੰਸਕਾਰ ਲਈ ਕੈਨੇਡਾ ਤੋਂ ਵਾਪਸ ਭਾਰਤ ਆਈ ਇਕ ਔਰਤ ਨੂੰ ਦਿੱਲੀ ਏਅਰਪੋਰਟ 'ਤੇ ਹੀ ਰੋਕ ਲਿਆ ਗਿਆ, ਜਿਸ ਨੂੰ ਗੁਰਾਇਆ ਪੁਲਸ ਏਅਰਪੋਰਟ ਤੋਂ ਫੜ ਕੇ ਲੈ ਆਈ ਹੈ। ਇਸ ਸਬੰਧੀ ਥਾਣਾ ਮੁਖੀ ਗੁਰਾਇਆ ਕੇਵਲ ਸਿੰਘ ਨੇ ਦੱਸਿਆ ਕਿ ਸਾਲ 2018 ਵਿਚ ਥਾਣਾ ਗੁਰਾਇਆ ਵਿਖੇ ਪੁਲਸ ਜਾਂਚ ਮਗਰੋਂ ਮੁਕੱਦਮਾ ਨੰਬਰ 170 ਧਾਰਾ 420, 465, 467, 468, 471, 120-ਬੀ ਦਰਜ ਕੀਤਾ ਗਿਆ ਸੀ। ਜੋ ਜਾਅਲੀ ਪਾਵਰ ਆਫ਼ ਅਟਾਰਨੀ ਬਣਾ ਕੇ ਲੱਖਾਂ ਰੁਪਏ ਦੀ ਜ਼ਮੀਨ ਜਾਇਦਾਦ ਹੜੱਪਣ ਦੇ ਦੋਸ਼ਾਂ ਤਹਿਤ ਕੀਤਾ ਗਿਆ ਸੀ, ਜੋ ਕਿ ਸੰਤੋਖ ਸਿੰਘ ਪਟਵਾਰੀ ਰਿਟਾ., ਰਸ਼ਪਾਲ ਸਿੰਘ, ਸਤਨਾਮ ਸਿੰਘ ਅਤੇ ਪ੍ਰਦੀਪ ਕੌਰ ਵਾਸੀ ਬੜਾ ਪਿੰਡ ਦੇ ਖਿਲਾਫ਼ ਦਰਜ ਸੀ। ਪ੍ਰਦੀਪ ਕੌਰ ਪੁੱਤਰੀ ਸੰਤੋਖ ਸਿੰਘ ਸੇਵਾਮੁਕਤ ਪਟਵਾਰੀ ਵਾਸੀ ਬੜਾ ਪਿੰਡ ਹਾਲ ਵਾਸੀ ਕੈਨੇਡਾ, ਜੋ ਵਿਦੇਸ਼ ਚਲੀ ਗਈ ਸੀ, ਦੇ ਖਿਲਾਫ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ, ਜੋ ਵੀਰਵਾਰ ਨੂੰ ਆਪਣੀ ਮਾਤਾ ਦੀ ਮੌਤ ਕਾਰਨ ਕੈਨੇਡਾ ਤੋਂ ਵਾਪਸ ਭਾਰਤ ਆਈ ਸੀ, ਜਿਸ ਨੂੰ ਦਿੱਲੀ ਏਅਰਪੋਰਟ 'ਤੇ ਹੀ ਰੋਕ ਲਿਆ ਗਿਆ ਸੀ। ਜਿਥੋਂ ਗੁਰਾਇਆ ਪੁਲਸ ਨੂੰ ਏਅਰਪੋਰਟ ਤੋਂ ਇਸਦੀ ਸੂਚਨਾ ਦਿੱਤੀ ਗਈ ਤਾਂ ਗੁਰਾਇਆ ਪੁਲਸ ਦੀ ਇਕ ਟੀਮ ਇਥੋਂ ਦਿੱਲੀ ਲਈ ਰਵਾਨਾ ਹੋਈ, ਜਿਸ ਨੇ ਪ੍ਰਦੀਪ ਕੌਰ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਅਤੇ ਪੁਲਸ ਸੁਰੱਖਿਆ ਵਿਚ ਪ੍ਰਦੀਪ ਕੌਰ ਨੂੰ ਬੜਾ ਪਿੰਡ ਵਿਖੇ ਉਸਦੀ ਮਾਤਾ ਦੇ ਅੰਤਿਮ ਸੰਸਕਾਰ ਵਿਖੇ ਲਿਜਾਇਆ ਗਿਆ। ਪੁਲਸ ਨੇ ਉਕਤ ਔਰਤ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਉਸ ਨੂੰ ਜੇਲ ਭੇਜ ਦਿੱਤਾ ਹੈ।
 

KamalJeet Singh

This news is Content Editor KamalJeet Singh