ਵੋਟਾਂ ਰਾਹੀਂ ਚੁਣ ਕੇ ਆਈ ਲੇਡੀਜ਼ ਜਿਮਖਾਨਾ ਦੀ ਟੀਮ ਭੰਗ, ਕਲੱਬ 3 ਮਹੀਨੇ ਲਈ ਸਸਪੈਂਡ

04/13/2022 11:54:06 AM

ਜਲੰਧਰ (ਖੁਰਾਣਾ)– 600 ਤੋਂ ਵੱਧ ਮੈਂਬਰਾਂ ਵਾਲੇ ਲੇਡੀਜ਼ ਜਿਮਖਾਨਾ ਕਲੱਬ ਦੀ ਮੌਜੂਦਾ ਟੀਮ ਨੂੰ ਮੰਗਲਵਾਰ ਅਚਾਨਕ ਭੰਗ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਮਹੀਨੇ ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਬਹੁਤ ਜ਼ੋਰ-ਸ਼ੋਰ ਨਾਲ ਹੋਈਆਂ ਸਨ, ਜਿਨ੍ਹਾਂ ਵਿਚ ਸ਼ਹਿਰ ਦੇ ਸੈਂਕੜੇ ਨਹੀਂ, ਸਗੋਂ ਹਜ਼ਾਰਾਂ ਪਰਿਵਾਰਾਂ ਨੇ ਹਿੱਸਾ ਲਿਆ ਸੀ। ਚੋਣਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕਰਮਚਾਰੀਆਂ ਵੱਲੋਂ ਕਰਵਾਈਆਂ ਗਈਆਂ ਸਨ ਅਤੇ ਚੋਣਾਂ ’ਤੇ ਇਕ-ਦੋ ਲੱਖ ਰੁਪਏ ਖਰਚ ਵੀ ਆਇਆ। ਲੇਡੀਜ਼ ਜਿਮਖਾਨਾ ਦੀ ਟੀਮ ਨੂੰ ਭੰਗ ਕਰਨ ਸਬੰਧੀ ਰਸਮੀ ਚਿੱਠੀ ਮੰਗਲਵਾਰ ਕਲੱਬ ਪ੍ਰਧਾਨ ਕ੍ਰਿਸ਼ਨਾ ਮੀਨਾ, ਵਾਈਸ ਪ੍ਰੈਜ਼ੀਡੈਂਟ ਗਗਨ ਕੁੰਦਰਾ ਥੋਰੀ ਅਤੇ ਜੁਆਇੰਟ ਵਾਈਸ ਪ੍ਰੈਜ਼ੀਡੈਂਟ ਡਾ. ਉਪਾਸਨਾ ਵਰਮਾ ਵੱਲੋਂ ਜਾਰੀ ਕੀਤੀ ਗਈ। ਇਸ ਵਿਚ ਦੋਸ਼ ਲਾਇਆ ਗਿਆ ਹੈ ਕਿ ਮੌਜੂਦਾ ਟੀਮ ਕਲੱਬ ਨੂੰ ਸਹੀ ਢੰਗ ਨਾਲ ਚਲਾਉਣ ਵਿਚ ਨਾਕਾਮ ਰਹੀ ਹੈ। ਐਗਜ਼ੀਕਿਊਟਿਵ ਕਮੇਟੀ ਦੀਆਂ ਮੈਂਬਰਾਨ ਆਪਸ ਵਿਚ ਹੀ ਲੜਦੀਆਂ-ਝਗੜਦੀਆਂ ਰਹੀਆਂ ਅਤੇ ਸ਼ਿਕਾਇਤਾਂ ਕਰਕੇ ਅਤੇ ਅਫ਼ਵਾਹਾਂ ਫੈਲਾਅ ਕੇ ਕਲੱਬ ਦੇ ਸ਼ਾਂਤੀਪੂਰਨ ਮਾਹੌਲ ਨੂੰ ਖ਼ਰਾਬ ਕੀਤਾ।

ਮੀਡੀਆ ਵਿਚ ਜਾਣ ਦਾ ਅਧਿਕਾਰ ਸਿਰਫ਼ ਸੈਕਟਰੀ ਨੂੰ ਸੀ ਪਰ ਫਿਰ ਵੀ ਟੀਮ ਦੀਆਂ ਕਈ ਮੈਂਬਰਾਨ ਮੀਡੀਆ ਨੂੰ ਗਲਤ ਸੂਚਨਾਵਾਂ ਪਹੁੰਚਾਉਂਦੀਆਂ ਰਹੀਆਂ। ਇਕ ਦੋਸ਼ ਇਹ ਵੀ ਲਾਇਆ ਗਿਆ ਕਿ ਕਲੱਬ ਦੀ ਐਗਜ਼ੀਟਿਊਟਿਵ ਟੀਮ ਸੈਕਟਰੀ ਦੀ ਅਗਵਾਈ ਵਿਚ ਕੰਮ ਕਰਨ ਵਿਚ ਅਸਫ਼ਲ ਰਹੀ। ਇਕ ਮੌਕੇ ’ਤੇ ਤਾਂ ਐਗਜ਼ੀਕਿਊਟਿਵ ਨੇ ਸੈਕਟਰੀ ਖ਼ਿਲਾਫ਼ ਹੀ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਪ੍ਰਸਤਾਵ ਪਾਸ ਕਰ ਦਿੱਤਾ। ਚਿੱਠੀ ਵਿਚ ਕਿਹਾ ਗਿਆ ਹੈ ਕਿ ਕਲੱਬ ਦੀ ਟੀਮ ਨੂੰ ਆਪਸੀ ਮਸਲਿਆਂ ਨੂੰ ਸੁਲਝਾਉਣ ਲਈ 11 ਅਪ੍ਰੈਲ ਨੂੰ ਇਕ ਮੀਟਿੰਗ ਜ਼ਰੀਏ ਮੌਕਾ ਦਿੱਤਾ ਗਿਆ ਪਰ ਉਸ ਦਾ ਹਾਂ-ਪੱਖੀ ਹੱਲ ਨਹੀਂ ਨਿਕਲਿਆ, ਇਸ ਲਈ ਕਲੱਬ ਦੇ ਸੀਨੀਅਰ ਮੈਂਬਰਾਂ ਨਾਲ ਸਲਾਹ ਕਰਕੇ ਰੂਲ-6 (ਜੇ) ਤਹਿਤ ਕਲੱਬ ਦੀ ਐਗਜ਼ੀਕਿਊਟਿਵ ਟੀਮ ਨੂੰ ਹੀ ਭੰਗ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਠੱਗੀ ਦਾ ਇਕ ਤਰੀਕਾ ਅਜਿਹਾ ਵੀ, ਮਾਮੇ ਦਾ ਮੁੰਡਾ ਦੱਸ ਕੇ ਕੈਨੇਡਾ ਤੋਂ ਅਨੋਖੇ ਢੰਗ ਨਾਲ ਮਾਰੀ ਲੱਖਾਂ ਦੀ ਠੱਗੀ

ਚੋਣਾਂ ਹੋਇਆਂ ਅਜੇ 4 ਮਹੀਨੇ ਵੀ ਨਹੀਂ ਹੋਏ, ਫਰਵਰੀ ਮਹੀਨੇ ਤੋਂ ਚੱਲ ਰਹੀ ਹੈ ਗੜਬੜੀ
ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ 15 ਦਸੰਬਰ ਨੂੰ ਹੋਈਆਂ ਸਨ ਅਤੇ 4 ਮਹੀਨੇ ਵੀ ਨਹੀਂ ਬੀਤੇ ਕਿ ਪੂਰੀ ਐਗਜ਼ੀਕਿਊਟਿਵ ਟੀਮ ਨੂੰ ਹੀ ਭੰਗ ਕਰ ਦਿੱਤਾ ਗਿਆ। ਹਾਲਾਤ ਇੰਨੇ ਖਰਾਬ ਸਨ ਕਿ ਚੋਣਾਂ ਸਮਾਪਤ ਹੋਣ ਦੇ 2 ਮਹੀਨੇ ਬਾਅਦ ਜਦੋਂ 24 ਫਰਵਰੀ ਨੂੰ ਆਊਟਗੋਇੰਗ ਅਤੇ ਇਨਕਮਿੰਗ ਟੀਮ ਲਈ ਇਕ ਲੰਚ ਆਯੋਜਿਤ ਕੀਤਾ ਗਿਆ ਤਾਂ ਉਸ ਮੀਟਿੰਗ ਵਿਚ ਕਲੱਬ ਦੀ ਸਭ ਤੋਂ ਸੀਨੀਅਰ ਮੈਂਬਰ ਮਨੋਰਮਾ ਮਾਯਰ ਵੱਲੋਂ 1-2 ਸਵਾਲ ਪੁੱਛਣ ਨਾਲ ਮਾਹੌਲ ਤਲਖੀਪੂਰਨ ਹੋ ਗਿਆ। ਉਨ੍ਹਾਂ ਦੇ ਨਾਲ-ਨਾਲ ਤਿੰਨ ਹੋਰਨਾਂ ਨੂੰ ਨੋਟਿਸ ਜਾਰੀ ਹੋਏ। ਜਵਾਬ ਤਸੱਲੀਬਖਸ਼ ਨਾ ਪਾਏ ਜਾਣ ’ਤੇ ਉਨ੍ਹਾਂ ਨੂੰ 1-1 ਮਹੀਨੇ ਲਈ ਕਲੱਬ ਵਿਚੋਂ ਕੱਢ ਦਿੱਤਾ ਗਿਆ।  ਮਾਯਰ ਮਾਮਲੇ ਨੂੰ ਸਿਵਲ ਕੋਰਟ ਵਿਚ ਲੈ ਗਏ, ਜਿਸ ਦੇ ਜਵਾਬ ਵਿਚ ਕਲੱਬ ਸੈਸ਼ਨ ਕੋਰਟ ਪਹੁੰਚ ਗਿਆ। ਮਾਯਰ ਨੇ ਹਾਰ ਨਾ ਮੰਨਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅਰਜ਼ੀ ਦਾਖ਼ਲ ਕਰ ਦਿੱਤੀ। ਅਦਾਲਤੀ ਚੱਕਰਵਿਊ ਨੇ ਲੇਡੀਜ਼ ਜਿਮਖਾਨਾ ਨੂੰ ਇੰਨਾ ਉਲਝਾਇਆ ਕਿ ਹੁਣ ਕਲੱਬ ਨੂੰ ਹੀ 3 ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਗਿਆ। ਕਲੱਬ ਮੈਂਬਰਾਂ ਕੋਲੋਂ ਲਈ ਸਾਲਾਨਾ ਫ਼ੀਸ ਵਿਚੋਂ 3 ਮਹੀਨੇ ਦੀ ਫ਼ੀਸ ਅਗਲੇ ਸਾਲ ਐਡਜਸਟ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਫਿਲੌਰ ਵਿਖੇ ਸਮੱਗਲਰ ਦੇ ਘਰ ਪੁਲਸ ਦੀ ਛਾਪੇਮਾਰੀ, ਮਿਲੇ ਨੋਟਾਂ ਦੇ ਭਰੇ ਬੈਗ ਅਤੇ 21 ਤੋਲੇ ਸੋਨਾ

PunjabKesari

ਕੋਆਪਟ ਐਗਜ਼ੀਕਿਊਟਿਵ ਦੇ ਹੱਥ ਹੁਣ ਕਲੱਬ ਦੀ ਕਮਾਨ
ਲੇਡੀਜ਼ ਜਿਮਖਾਨਾ ਦੀ ਮੌਜੂਦਾ ਟੀਮ ਨੂੰ ਭੰਗ ਕਰਕੇ ਕਲੱਬ ਦੀ ਕਮਾਨ ਕੋਆਪਟ ਐਗਜ਼ੀਕਿਊਟਿਵ ਦੇ ਹੱਥਾਂ ਵਿਚ ਸੌਂਪ ਦਿੱਤੀ ਗਈ ਹੈ ਅਤੇ ਮੌਜੂਦਾ ਟੀਮ ਨੂੰ ਸਾਰੇ ਰੁਪਏ-ਪੈਸੇ, ਰਜਿਸਟਰ, ਰਿਕਾਰਡ ਆਦਿ ਕੋਆਪਟ ਐਗਜ਼ੀਕਿਊਟਿਵ ਨੂੰ ਸੌਂਪਣ ਲਈ ਕਿਹਾ ਗਿਆ ਹੈ। ਕੋਆਪਟ ਐਗਜ਼ੀਕਿਊਟਿਵ ਵਿਚ ਸ਼੍ਰੀਮਤੀ ਪਰਮਿੰਦਰ ਬੇਰੀ, ਪਰਮਿੰਦਰ ਕੌਰ ਚੰਨੀ, ਸ਼੍ਰੀਮਤੀ ਰਸ਼ਮੀ ਮਿੱਤਲ, ਸ਼ਵੇਤਾ ਮੋਂਗਾ ਅਤੇ ਸ਼੍ਰੀਮਤੀ ਸ਼ਰਨ ਅਰੋੜਾ ਸ਼ਾਮਲ ਹਨ। ਜਾਰੀ ਚਿੱਠੀ ਵਿਚ ਇਕ ਜਗ੍ਹਾ ਲਿਖਿਆ ਗਿਆ ਹੈ ਕਿ ਕਲੱਬ ਨੂੰ 3 ਮਹੀਨੇ ਲਈ ਸਸਪੈਂਡ ਕੀਤਾ ਜਾਂਦਾ ਹੈ, ਜਦੋਂ ਤੱਕ ਨਵੀਂ ਐਗਜ਼ੀਕਿਊਟਿਵ ਦੀ ਚੋਣ ਹੋਵੇਗੀ ਜਾਂ ਨਵੀਂ ਟੀਮ ਨੂੰ ਨਾਮਜ਼ਦ ਕੀਤਾ ਜਾਵੇਗਾ। ਹੁਣ ਵੇਖਣਾ ਹੈ ਕਿ ਲੇਡੀਜ਼ ਜਿਮਖਾਨਾ ਕਲੱਬ ਦੀ ਅਗਲੀ ਟੀਮ ਚੁਣਨ ਲਈ ਚੋਣਾਂ ਹੁੰਦੀਆਂ ਹਨ ਜਾਂ ਪ੍ਰਧਾਨ ਵੱਲੋਂ ਅਗਲੀ ਟੀਮ ਦੀ ਨਿਯੁਕਤੀ ਕੀਤੀ ਜਾਂਦੀ ਹੈ।
 

ਕਲੱਬ ਦੀ ਟੀਮ, ਜਿਸ ਨੂੰ ਭੰਗ ਕਰ ਦਿੱਤਾ ਗਿਆ
ਸੈਕਟਰੀ : ਸਰੁਚੀ ਕੱਕੜ
ਜੁਆਇੰਟ ਸੈਕਟਰੀ : ਮਨਿੰਦਰ ਧੀਮਾਨ
ਐਂਟਰਟੇਨਮੈਂਟ ਸੈਕਟਰੀ : ਨੀਨਾ ਚੌਹਾਨ
ਜੁਆਇੰਟ ਐਂਟਰਟੇਨਮੈਂਟ ਸੈਕਟਰੀ : ਵੰਦਨਾ ਕਾਲੀਆ
ਫੂਡ ਸੈਕਟਰੀ : ਨੀਲਮ ਠਾਕੁਰ, ਅਲਪਨਾ ਪੁਰੀ
ਜੁਆਇੰਟ ਫੂਡ ਸੈਕਟਰੀ : ਲਲਿਤਾ ਗੁਪਤਾ
ਕੈਸ਼ੀਅਰ : ਪੂਨਮ ਅਰੋੜਾ
ਜੁਆਇੰਟ ਕੈਸ਼ੀਅਰ : ਸੰਗੀਤਾ ਮਹਿੰਦਰੂ
(ਇਸ ਤੋਂ ਇਲਾਵਾ ਇਸ ਵਾਰ ਸਾਰੇ 10 ਐਗਜ਼ੀਕਿਊਟਿਵ ਮੈਂਬਰ ਬਿਨਾਂ ਵਿਰੋਧ ਚੁਣੇ ਗਏ ਸਨ)

ਇਹ ਵੀ ਪੜ੍ਹੋ: ਫਗਵਾੜਾ ’ਚ ਮਾਚਿਸ ਨਾਲ ਖੇਡਦੇ ਸਮੇਂ ਲੱਗੀ ਅੱਗ, ਜਿਊਂਦਿਆਂ ਸੜੀ 7 ਸਾਲਾ ਬੱਚੀ ਦੀ ਮੌਤ

ਟੀਮ ਭੰਗ ਹੋਣ ਅਤੇ ਕਲੱਬ ਬੰਦ ਕਰਨ ਨਾਲ ਮੈਂਬਰਾਂ ’ਚ ਫੈਲਿਆ ਰੋਸ
ਲੇਡੀਜ਼ ਜਿਮਖਾਨਾ ਕਲੱਬ ’ਚ ਪਿਛਲੇ ਦਿਨੀਂ ਉੱਠੇ ਵਿਵਾਦ ਅਤੇ ਅੱਜ ਉਸ ਵਿਵਾਦ ਕਾਰਨ ਕਲੱਬ ਨੂੰ 3 ਮਹੀਨੇ ਲਈ ਸਸਪੈਂਡ ਕਰਨ ਅਤੇ ਨਵੀਂ ਐਗਜ਼ੀਕਿਊਟਿਵ ਟੀਮ ਨੂੰ ਹੀ ਭੰਗ ਕਰਨ ਨਾਲ ਬਾਕੀ ਮੈਂਬਰਾਂ ਵਿਚ ਰੋਸ ਫੈਲ ਗਿਆ। ਕਲੱਬ ਦੀਆਂ ਦਰਜਨਾਂ ਮੈਂਬਰਾਨ ਨੇ ਨਾਂ ਨਾ ਛਾਪੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਦਰਅਸਲ ਇਕ ਛੋਟੇ ਜਿਹੇ ਵਿਵਾਦ ਨੂੰ ਸਹੀ ਢੰਗ ਨਾਲ ਹੈਂਡਲ ਹੀ ਨਹੀਂ ਕੀਤਾ ਗਿਆ। 24 ਫਰਵਰੀ ਨੂੰ ਮੀਟਿੰਗ ਵਿਚ ਜੇਕਰ ਕੁਝ ਇਤਰਾਜ਼ ਉੱਠੇ ਵੀ ਸਨ ਤਾਂ ਉਸਦੇ ਆਧਾਰ ’ਤੇ ਸਖ਼ਤ ਐਕਸ਼ਨ ਨਹੀਂ ਲਿਆ ਜਾਣਾ ਚਾਹੀਦਾ ਸੀ।
ਕੁਝ ਮੈਂਬਰਾਨ ਦਾ ਤਾਂ ਇਹ ਵੀ ਕਹਿਣਾ ਸੀ ਕਿ ਕਲੱਬ ਆਪਸ ਵਿਚ ਮਿਲ ਬੈਠ ਕੇ ਮਨੋਰੰਜਨ ਕਰਨ ਦਾ ਸਥਾਨ ਹੈ ਪਰ ਈਗੋ ਦਾ ਸਵਾਲ ਬਣਾ ਕੇ ਕਲੱਬ ਵਿਚੋਂ ਬਾਹਰ ਰੱਖਣਾ, ਅਦਾਲਤ ਤੱਕ ਜਾਣਾ ਵੀ ਸਹੀ ਨਹੀਂ ਸੀ। ਵਧੇਰੇ ਮੈਂਬਰਾਨ ਨੇ ਕਿਹਾ ਕਿ ਵਿਵਾਦ ਨੂੰ ਸਹੀ ਢੰਗ ਨਾਲ ਹੈਂਡਲ ਕਰਨ ਦੀ ਬਜਾਏ ਵਾਰ-ਵਾਰ ਵੱਖ-ਵੱਖ ਗੱਲਾਂ ਨੂੰ ਈਗੋ ਦਾ ਸਵਾਲ ਬਣਾਇਆ ਗਿਆ, ਜਿਸ ਨਾਲ ਮਾਮਲਾ ਵਿਗੜਿਆ ਅਤੇ ਕੋਈ ਵੀ ਧਿਰ ਝੁਕਣ ਨੂੰ ਤਿਆਰ ਨਹੀਂ ਹੋਈ। ਸੁਲ੍ਹਾ ਕਰਨ ਜਾਂ ਕਰਵਾਉਣ ਦੇ ਯਤਨ ਵੀ ਠੀਕ ਢੰਗ ਨਾਲ ਨਹੀਂ ਕੀਤੇ ਗਏ। ਇਕ-ਦੂਜੇ ਵਿਰੁੱਧ ਸਾਜ਼ਿਸ਼ ਰਚਣ, ਸ਼ਿਕਾਇਤਾਂ ਕਰਨ, ਦਸਤਖਤ ਕਰਵਾਉਣ ਵਰਗੇ ਕੰਮਾਂ ਨੇ ਅੱਜ ਪੂਰੀ ਟੀਮ ਦੀ ਹੀ ਬਲੀ ਲੈ ਲਈ ਅਤੇ ਕਲੱਬ ਵੀ 3 ਮਹੀਨੇ ਲਈ ਬੰਦ ਹੋ ਗਿਆ।

ਇਹ ਵੀ ਪੜ੍ਹੋ: ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਦਾ ਵੱਡਾ ਦਾਅਵਾ, ਪੰਜਾਬ ਦੀਆਂ ਤਹਿਸੀਲਾਂ ’ਚ 70 ਫ਼ੀਸਦੀ ਭ੍ਰਿਸ਼ਟਾਚਾਰ ਖ਼ਤਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News