ਮਲਬਾ ਸੁੱਟਣ ਲਈ ਜਾਣਾ ਪਵੇਗਾ ਲੱਧੇਵਾਲੀ, ਸਲੇਮਪੁਰ, ਬੜਿੰਗ ਜਾਂ ਬਾਵਾ ਖੇਲ

12/16/2018 5:41:34 AM

ਜਲੰਧਰ,    (ਖੁਰਾਣਾ)-   ਅਗਲੇ ਸਾਲ ਜਨਵਰੀ ਦੇ ਪਹਿਲੇ ਹਫਤੇ ਸ਼ੁਰੂ ਹੋਣ ਜਾ ਰਹੇ ਸਵੱਛਤਾ  ਸਰਵੇਖਣ ਵਿਚ ਵਧੀਆ ਰੈਂਕਿੰਗ ਹਾਸਲ ਕਰਨ ਦੇ ਉਦੇਸ਼ ਨਾਲ ਨਗਰ ਨਿਗਮ ਨੇ ਜੋ ਉਪਰਾਲੇ ਸ਼ੁਰੂ  ਕੀਤੇ ਹਨ ਉਸ ਦੇ ਤਹਿਤ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਹੁਕਮ ਜਾਰੀ ਕਰ ਕੇ ਸ਼ਹਿਰ ਵਿਚ  ਮਲਬਾ ਸੁੱਟਣ ਲਈ 4 ਥਾਵਾਂ ਤੈਅ ਕੀਤੀਆਂ ਹਨ। ਇਨ੍ਹਾਂ ਹੁਕਮਾਂ ਮੁਤਾਬਕ ਹੁਣ ਜੇਕਰ ਕਿਸੇ  ਨੇ ਮਲਬਾ ਸੁੱਟਣਾ ਹੈ ਤਾਂ ਉਸ ਨੂੰ ਲੱਧੇਵਾਲੀ, ਪਿੰਡ ਸਲੇਮਪੁਰ ਮੁਸਲਮਾਨਾਂ, ਬੜਿੰਗ ਜਾਂ  ਬਸਤੀ ਬਾਵਾ ਖੇਲ ਦੇ ਕਬੀਰ ਵਿਹਾਰ (ਨੇੜੇ ਬਾਬਾ ਤਾਬੇ ਸ਼ਾਹ ਦਰਗਾਹ) ਜਾਣਾ ਪਵੇਗਾ।
ਜ਼ਿਕਰਯੋਗ ਹੈ ਕਿ ਸਵੱਛਤਾ ਸਰਵੇਖਣ ਲਈ ਕਿਸੇ ਵੀ ਸ਼ਹਿਰ ਨੂੰ ਬਿਲਡਿੰਗ ਮਟੀਰੀਅਲ ਦਾ ਮਲਬਾ ਸੁੱਟਣ ਲਈ  ਥਾਂ ਲੱਭਣੀ ਜ਼ਰੂਰੀ ਹੈ। ਹੁਣ ਤਕ ਸ਼ਹਿਰ ਵਿਚ ਅਜਿਹੀ ਕੋਈ ਥਾਂ ਮੁਕਰਰ ਨਹੀਂ ਕੀਤੀ ਗਈ  ਸੀ, ਜਿਥੇ ਲੋਕ ਮਲਬਾ ਸੁੱਟ ਸਕਣ। ਇਸ ਲਈ ਸ਼ਹਿਰ ਵਿਚ ਥਾਂ-ਥਾਂ ਮਲਬੇ ਦੇ ਢੇਰ ਲੱਗੇ ਹੋਏ  ਹਨ। ਸ਼ਾਇਦ ਹੀ ਕੂੜੇ ਦਾ ਕੋਈ ਡੰਪ ਅਜਿਹਾ ਹੋਵੇ ਜਿਥੇ ਭਾਰੀ ਮਾਤਰਾ ਵਿਚ ਮਲਬਾ ਨਾ ਪਿਆ  ਹੋਵੇ। ਇਸ ਤੋਂ ਇਲਾਵਾ ਬਰਲਟਨ ਪਾਰਕ, ਡੀ. ਏ. ਵੀ. ਕਾਲਜ ਵਾਲੀ ਨਹਿਰ ਕੋਲ, 120 ਫੁੱਟੀ  ਰੋਡ, ਪ੍ਰਤਾਪ ਬਾਗ, ਗੜ੍ਹਾ ਤੇ ਹੋਰ ਥਾਵਾਂ ’ਤੇ ਮਲਬਾ ਹੀ ਮਲਬਾ ਖਿੱਲਰਿਆ ਹੋਇਆ ਹੈ।
ਸਿਰਫ ਦਿਖਾਵਾ ਸਾਬਤ ਹੋ ਰਹੀ ਸਵੱਛਤਾ ਐਪ
ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਸਵੱਛਤਾ ਸਰਵੇਖਣਾਂ ਵਿਚ ਇਸ ਗੱਲ ਦੇ ਵੀ ਨੰਬਰ ਦਿੱਤੇ ਜਾ  ਰਹੇ ਹਨ ਕਿ ਸ਼ਹਿਰੀਆਂ ਦੇ ਮੋਬਾਇਲ ਫੋਨ ਵਿਚ ਕਿੰਨੀਅਾਂ ਸਵੱਛਤਾ ਐਪ ਡਾਊਨਲੋਡ ਹੋ ਚੁੱਕੀਅਾਂ  ਹਨ। ਪਿਛਲੇ ਸਾਲ ਨਗਰ ਨਿਗਮ ਨੇ ਸਵੱਛਤਾ ਦੇ ਕੰਮ ਵਿਚ ਲੋਕਾਂ ਦੀ ਹਿੱਸੇਦਾਰੀ ਦਿਖਾਉਣ ਲਈ  ਸਵੱਛਤਾ ਐਪ ਡਾਊਨਲੋਡ ਕਰਨ ਦੀ ਮੁਹਿੰਮ ਚਲਾਈ ਸੀ, ਜਿਸ ਦੇ ਤਹਿਤ ਹਜ਼ਾਰਾਂ ਐਪ ਡਾਊਨਲੋਡ  ਕੀਤੀਅਾਂ ਗਈਅਾਂ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਜੇਕਰ 10 ਹਜ਼ਾਰ ਸਵੱਛਤਾ ਐਪ ਡਾਊਨਲੋਡ  ਹੋਏ ਤਾਂ ਉਨ੍ਹਾਂ ਵਿਚੋਂ 100 ਲੋਕ ਵੀ ਇਸ ਐਪ ਦੀ ਵਰਤੋਂ ਕਰਦੇ ਨਜ਼ਰ ਨਹੀਂ ਆ ਰਹੇ। 
ਇਸ ਤਰ੍ਹਾਂ ਇਹ ਸਵੱਛਤਾ ਐਪ ਸਿਰਫ ਦਿਖਾਵਾ ਸਾਬਤ ਹੋ ਰਹੀ ਹੈ। ਹੁਣ ਫਿਰ ਨਿਗਮ ਅਧਿਕਾਰੀਆਂ  ਨੇ ਸਵੱਛਤਾ ਐਪ ਡਾਊਨਲੋਡ ਕਰਨ ਦੀ ਮੁਹਿੰਮ ਛੇੜੀ ਹੋਈ ਹੈ, ਜਿਸ ਦੇ ਤਹਿਤ ਹਰ ਨਿਗਮ  ਕਰਮਚਾਰੀ ਨੂੰ ਘੱਟੋ-ਘੱਟ 50 ਐਪ ਡਾਊਨਲੋਡ ਕਰਨ ਦਾ ਟੀਚਾ ਦਿੱਤਾ ਹੈ।