ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼ੂਗਰ ਮਿੱਲ ਰੰਧਾਵਾ ਅੱਗੇ ਲਗਾਇਆ 5 ਦਿਨਾ ਰੋਸ ਧਰਨਾ ਕੀਤਾ ਸਮਾਪਤ

07/25/2022 4:16:05 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ) : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਏ. ਬੀ. ਸ਼ੂਗਰ ਮਿੱਲ ਰੰਧਾਵਾ ਅੱਗੇ ਲਗਾਇਆ ਗਿਆ 5 ਦਿਨਾ ਰੋਸ ਧਰਨਾ ਅੱਜ ਸਮਾਪਤ ਕਰ ਦਿੱਤਾ ਗਿਆ l 21 ਜੁਲਾਈ  ਤੋਂ 25 ਜੁਲਾਈ ਤੱਕ ਚੱਲੇ  ਪਾਣੀ ਬਚਾਓ ਵਾਤਾਵਰਣ ਬਚਾਓ ਦੇ ਮੁੱਦੇ ਨੂੰ ਲੈ ਕੇ ਇਸ ਰੋਸ ਧਰਨੇ ਦੀ ਅਗਵਾਈ ਜ਼ੋਨ ਪ੍ਰਧਾਨ ਟਾਂਡਾ ਪਰਮਜੀਤ ਸਿੰਘ ਭੁੱਲਾ, ਕੁਲਦੀਪ ਸਿੰਘ ਬੇਗੋਵਾਲ, ਜਸਵਿੰਦਰ ਸਿੰਘ ਜੱਸੀ ਗਿੱਲ, ਅਵਤਾਰ ਸਿੰਘ ਸੇਖੋਂ, ਬੀਬੀ ਇੰਦਰਜੀਤ ਕੌਰ ਅਤੇ ਅਰਵਿੰਦਰਪਾਲ ਸਿੰਘ ਸੋਨੂੰ ਜ਼ਹੂਰਾ ਨੇ ਕੀਤੀ। ਅੱਜ ਧਰਨੇ ਦੀ ਸਮਾਪਤੀ ਸਮੇਂ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਦਵਿੰਦਰ ਸਿੰਘ ਕਾਹਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਤਕ ਪਾਣੀ ਤੇ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਸਿਰਫ਼  ਕਿਸਾਨਾਂ ਨੂੰ ਹੀ ਬਦਨਾਮ ਕੀਤਾ ਜਾਂਦਾ ਸੀ, ਜਿਸ ਦੇ ਰੋਸ ਵਜੋਂ ਪੰਜਾਬ ਦੀਆਂ ਦੋ ਵੱਡੀਆਂ ਜਥੇਬੰਦੀਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵੱਖ-ਵੱਖ ਥਾਵਾਂ ’ਤੇ ਪਾਣੀ ਪ੍ਰਦੂਸ਼ਣ ਅਤੇ ਵਾਤਾਵਰਨ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਰੋਸ ਧਰਨੇ ਦਿੱਤੇ।

PunjabKesari

ਇਨ੍ਹਾਂ ਧਰਨਿਆਂ ’ਚ ਸ਼ਾਮਲ ਪੰਜਾਬ ਦੇ ਲੋਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਵੱਡੀਆਂ ਫੈਕਟਰੀਆਂ ਅਤੇ ਉਨ੍ਹਾਂ ਦੇ ਮਾਲਕ ਧਰਤੀ ’ਚੋਂ ਬੇਲੋੜਾ ਪਾਣੀ ਕੱਢ ਰਹੇ ਹਨ ਅਤੇ ਫਿਰ ਗੰਧਲਾ ਕਰਕੇ ਧਰਤੀ ਵਿਚ ਬੋਰਾ ਰਾਹੀਂ ਭੇਜ ਰਹੇ ਹਨ, ਜਿਸ ਕਾਰਨ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ। ਇਸ ਪ੍ਰਦੂਸ਼ਿਤ ਪਾਣੀ ਨੂੰ ਪੀਣ ਨਾਲ ਪੰਜਾਬ ਦੇ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਬੀਮਾਰੀਆਂ ਲੱਗ ਚੁੱਕੀਆਂ ਹਨ, ਇਸ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਇਨ੍ਹਾਂ ਉਦਯੋਗਪਤੀਆਂ ਨੂੰ ਨੱਥ ਪਾਉਣੀ ਚਾਹੀਦੀ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਦੋਹਾਂ ਹੀ ਜਥੇਬੰਦੀਆਂ ਦੀ ਅਗਲੀ ਮੀਟਿੰਗ ਤੋਂ ਬਾਅਦ ਅਗਲੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਰੋਸ ਧਰਨੇ ਦੀ ਸਮਾਪਤੀ ਸਮੇਂ ਹੋਰਨਾਂ ਤੋਂ ਇਲਾਵਾ ਕਸ਼ਮੀਰ ਸਿੰਘ, ਐਮੀ ਬਾਜਵਾ, ਬਾਬਾ ਚੰਦ ਸਿੰਘ, ਕੁਲਦੀਪ ਕੌਰ, ਸੁਰਿੰਦਰ ਕੌਰ, ਗੁਰਸੇਵਕ ਸਿੰਘ, ਹਰਬੰਸ ਸਿੰਘ, ਲਵਦੀਪ ਸਿੰਘ ਸੇਖੋਂ ਆਦਿ ਆਗੂ ਵੀ ਹਾਜ਼ਰ ਸਨ।


Manoj

Content Editor

Related News