ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰੜਾ ਪੁਲ ਜਾਮ ਕਰਕੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

09/22/2020 6:26:31 PM

ਟਾਂਡਾ ਉੜਮੁੜ ( ਵਰਿੰਦਰ ਪੰਡਿਤ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੁਸ਼ਿਆਰਪੁਰ  ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ ਵਿੱਚ ਬਿਆਸ ਦਰਿਆ ਰੜਾ ਪੁਲ ਉੱਤੇ ਧਰਨਾ ਲਗਾ ਕੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸਦੇ ਨਾਲ ਹੀ ਅਰਡੀਨੈਂਸਾਂ ਦੇ ਵਿਰੋਧ ਵਿਚ  26 ਸਤੰਬਰ ਨੂੰ ਸੂਬੇ ਦੇ ਹੋਰਨਾਂ ਸਥਾਨਾਂ ਦੀ ਤਰਾਂ ਟਾਂਡਾ ਵਿਚ ਜਲੰਧਰ ਪਠਾਨਕੋਟ ਰੇਲ ਮਾਰਗ ਅਣਮਿੱਥੇ ਸਮੇਂ ਲਈ ਜਾਮ ਕਰਨ ਦਾ ਪ੍ਰੋਗਰਾਮ ਸੂਬਾ ਕਮੇਟੀ ਦੇ ਹੁਕਮਾਂ ਮੁਤਾਬਿਕ ਉਲੀਕਿਆ |  

ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ-ਨਿਰਦੇਸ਼ ਅਧੀਨ ਲਗਾਏ ਗਏ ਇਸ ਧਰਨੇ ਦੌਰਾਨ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਦਮਨਕਾਰੀ ਢੰਗ ਨਾਲ ਕਿਸਾਨਾਂ ਅਤੇ ਕਿਸਾਨੀ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ। ਜੋ ਕਿ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਰਾਜ ਸਭਾ ਵਿਚ ਧੱਕੇਸ਼ਾਹੀ ਨਾਲ ਲੋਕਤੰਤਰੀ ਅਸੂਲਾਂ ਨੂੰ ਛਿੱਕੇ ਟੰਗਦਿਆਂ ਇਹ ਬਿੱਲ ਪਾਸ ਕਰਵਾਇਆ ਹੈ ਇਹ ਲੋਕਤੰਤਰ ਦਾ ਕਤਲ ਹੈ। ਉਨ੍ਹਾਂ ਇਸ ਧੱਕੇਸ਼ਾਹੀ ਦੇ ਵਿਰੋਧ ਵਿਚ ਪੰਜਾਬ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵਿਰੋਧ ਵਜੋਂ ਆਪਣੇ ਅਸਤੀਫ਼ੇ ਦੇ ਕੇ ਕਿਸਾਨਾਂ ਦੇ ਧਰਨਿਆਂ ਵਿਚ ਸ਼ਮੂਲੀਅਤ ਕਰਨ। ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈਂਸ ਪਾਸ ਹੋਣ ਨਾਲ ਕਿਸਾਨ ਪੂਰੀ ਤਰ੍ਹਾਂ ਵਪਾਰੀ ਵਰਗ ਅਤੇ ਕਾਰਪੋਰੇਟ ਦੇ ਅਧੀਨ ਹੋ ਜਾਵੇਗਾ ਅਤੇ ਛੋਟੀ ਕਿਸਾਨੀ ਖਤਮ ਹੋ ਜਾਵੇਗੀ। ਜੋ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਬਿੱਲਾਂ ਦੇ ਵਿਰੋਧ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰਨ ਦੀ ਗੱਲ ਕਹੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ, ਹਰਬੰਸ ਸਿੰਘ, ਤਰਸੇਮ ਸਿੰਘ, ਸਰਬਜੀਤ ਸਿੰਘ, ਗੁਰਦੇਵ ਸਿੰਘ, ਸੋਨਾ, ਸੁਰਜੀਤ ਕੌਰ, ਕੁਲਵੰਤ ਕੌਰ, ਗੁਰਜੀਤ ਸਿੰਘ ਵਲਟੋਹਾ, ਜਸਵੀਰ ਕੌਰ ਆਦਿ ਵੀ ਮੌਜੂਦ ਸਨ।


Harinder Kaur

Content Editor

Related News