ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੰਗਾਂ ਸਬੰਧੀ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ

02/29/2020 4:47:19 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ 'ਚ ਡੀ. ਸੀ. ਹੁਸ਼ਿਆਰਪੁਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਭੇਟ ਕੀਤਾ। ਟਾਂਡਾ ਵਿਖੇ ਇਹ ਜਾਣਕਾਰੀ ਦਿੰਦੇ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਇਸ ਦੌਰਾਨ ਕਮੇਟੀ ਵੱਲੋਂ ਜਿੱਥੇ ਬੰਜ਼ਰ ਤੋੜ ਕਿਸਾਨਾਂ ਦੇ ਉਜਾੜੇ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ ਉੱਥੇ ਹੀ ਵਣ ਵਿਭਾਗ ਦੀ ਧੱਕੇਸ਼ਾਹੀ ਅਤੇ ਹੋਰ ਕਿਸਾਨੀ ਅਤੇ ਸਮਾਜਿਕ ਮੁੱਦਿਆਂ ਬਾਬਤ ਵੀ ਗੱਲਬਾਤ ਕੀਤੀ ਗਈ।

ਕੁਲਦੀਪ ਸਿੰਘ ਬੇਗੋਵਾਲ ਨੇ ਦੱਸਿਆ ਕਿ ਇਸ ਦੌਰਾਨ ਡੀ. ਸੀ. ਹੁਸ਼ਿਆਰਪੁਰ ਨੂੰ ਬੰਜਰ ਤੋੜ ਕਿਸਾਨਾਂ ਦੇ ਪੱਕੇ ਵਸੇਬੇ ਅਤੇ ਜੰਗਲਾਤ ਮਹਿਕਮੇ ਵੱਲੋਂ ਬੰਜਰ ਤੋੜ ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਕੇ ਲਗਾਏ ਗਏ ਦਰੱਖਤਾਂ ਤੋਂ ਪਿੰਡ ਰੜਾ ਮੰਡ, ਗੰਦੂਵਾਲ, ਫੱਤਾ ਕੁੱਲਾ, ਮਿਆਣੀ ਆਦਿ ਵਿੱਚ ਦਰਿਆ ਦੇ ਪਾਣੀ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਕਿਸਾਨ ਆਗੂਆਂ ਨੇ ਡੀ. ਸੀ. ਤੋਂ ਮੰਗ ਕੀਤੀ ਕਿ ਕਿਸਾਨਾਂ 'ਤੇ ਕੀਤੇ ਗਏ ਦਮਨਕਾਰੀ ਪਰਚੇ ਤੁਰੰਤ ਰੱਦ ਕੀਤੇ ਜਾਣ। 60 ਸਾਲ ਤੋਂ ਉੱਪਰ ਉਮਰ ਦੇ ਕਿਸਾਨਾਂ ਨੂੰ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇ, ਸਰਕਾਰੀ ਦਫਤਰਾਂ 'ਚ ਵੱਖ-ਵੱਖ ਸੇਵਾਵਾਂ ਦੇ ਰੇਟ ਲਿਖਤੀ ਲਾਏ ਜਾਣ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣ, ਸ਼ਗਨ ਸਕੀਮ ਦੀ ਰਾਸ਼ੀ 51 ਹਜ਼ਾਰ ਰੁਪਏ ਕਰਨ, ਘਰੇਲੂ ਬਿਜਲੀ ਇਕ ਰੁਪਏ ਪ੍ਰਤੀ ਯੂਨਿਟ ਕਰਨ, ਬੇਘਰੇ ਲੋੜਵੰਦਾਂ ਨੂੰ 5-5 ਮਰਲੇ ਦੇ ਪਲਾਟ ਦੇਣ, ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਲੋਕ ਮਾਰੂ ਸਮਝੌਤੇ ਰੱਦ ਕਰਨ, ਭੋਜਨ ਪਦਾਰਥਾਂ 'ਚ ਮਿਲਾਵਟ ਰੋਕਣ ਵਰਗੇ ਮੁੱਦਿਆਂ ਤੇ ਵੀ ਗੱਲਬਾਤ ਕੀਤੀ ਗਈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ 'ਤੇ ਗੌਰ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ 'ਚ ਨਵੇਂ ਰੂਪ 'ਚ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਗੁਰਦਾਸਪੁਰ ਰੇਲਵੇ ਟਰੈਕ ਰੋਕਣ ਦੇ ਦਿੱਤੇ ਗਏ ਸੱਦੇ ਦੇ ਮੱਦੇਨਜ਼ਰ ਵੀ ਜ਼ਿਲੇ ਬਾਰੇ ਚਰਚਾ ਕੀਤੀ ਗਈ |   ਇਸ ਮੌਕੇ ਗੁਰਪ੍ਰੀਤ ਸਿੰਘ ਖਾਨਪੁਰ, ਅਸ਼ੋਕ ਸ੍ਰੀ ਹਰਗੋਬਿੰਦਪੁਰ, ਜਸਪਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਮੌਜੂਦ ਸਨ।


shivani attri

Content Editor

Related News