ਸੀਨੀਅਰ ਸਹਾਇਕ ਤੋਂ 30 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਭਾਜਪਾ ਨੇਤਾ ਦਾ ਭਰਾ

01/28/2020 6:35:10 PM

ਜਲੰਧਰ (ਵਰੁਣ)— ਸਰਕਾਰੀ ਹਸਪਤਾਲ ਦੇ ਸੀਨੀਅਰ ਸਹਾਇਕ ਨੂੰ ਅਗਵਾ ਅਤੇ ਫਿਰੌਤੀ ਮੰਗਣ ਦੇ ਮਾਮਲੇ 'ਚ ਥਾਣਾ ਨੰਬਰ 1 ਦੀ ਪੁਲਸ ਨੇ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਭਾਜਪਾ ਨੇਤਾ ਦੇ ਭਰਾ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਕਾਂਡ ਕੀਤਾ ਗਿਆ ਸੀ ਕਿਉਂਕਿ ਮੈਚਾਂ ਵਿਚੋਂ ਕਾਫੀ ਪੈਸੇ ਹਾਰ ਚੁੱਕਾ ਸੀ।

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਦਿੱਤੀ ਸ਼ਿਕਾਇਤ ਵਿਚ ਸੀਨੀਅਰ ਸਹਾਇਕ ਸ਼ੁੱਭ ਪ੍ਰਕਾਸ਼ ਤ੍ਰੇਹਨ ਪੁੱਤਰ ਕੇਵਲ ਕਿਸ਼ਨ ਵਾਸੀ ਰੋਜ਼ ਪਾਰਕ ਗੁਲਾਬ ਦੇਵੀ ਰੋਡ ਨੇ ਦੋਸ਼ ਲਾਇਆ ਸੀ ਕਿ ਸ਼ੁੱਕਰਵਾਰ ਦੀ ਰਾਤ ਉਹ ਆਪਣੇ ਵਾਰਡ ਸਰਵੈਂਟ ਬਲਵੰਤ ਦੇ ਭਰਾ ਸੂਰਜ ਦੇ ਘਰ ਹੋਈ ਬੇਟੀ ਦੀ ਪਾਰਟੀ ਲੈਣ ਗਿਆ ਸੀ। ਸਬਜ਼ੀ ਮੰਡੀ ਵਿਚ ਉਨ੍ਹਾਂ ਦੋਵਾਂ ਨੇ ਮੰਡੀ ਦੇ ਕੋਲ ਇਕ ਢਾਬੇ ਵਿਚ ਸ਼ਰਾਬ ਪੀਤੀ ਅਤੇ ਰਾਤ 9 ਵਜੇ ਜਦੋਂ ਉਹ ਘਰ ਨੂੰ ਆ ਰਹੇ ਸਨ ਤਾਂ ਢਾਬੇ ਤੋਂ ਕੁਝ ਹੀ ਦੂਰੀ 'ਤੇ ਸੂਰਜ ਸਿਗਰਟ ਲੈਣ ਗਿਆ ਜਦੋਂ ਕਿ ਉਸੇ ਦੌਰਾਨ ਇਕ ਇੰਡੀਕਾ ਕਾਰ ਉਸ ਦੇ ਪਿਛੇ ਆ ਕੇ ਰੁਕੀ। ਉਸ ਵਿਚੋਂ ਉਤਰੇ ਇਕ ਵਿਅਕਤੀ ਨੇ ਜ਼ਬਰਦਸਤੀ ਉਸ ਨੂੰ ਕਾਰ ਵਿਚ ਬਿਠਾ ਲਿਆ। ਗੱਡੀ ਵਿਚ ਪਹਿਲਾਂ ਤੋਂ ਹੀ ਸੂਰਜ ਵੀ ਬੈਠਾ ਸੀ। ਸ਼ੁੱਭ ਪ੍ਰਕਾਸ਼ ਦਾ ਦੋਸ਼ ਹੈ ਕਿ ਗੱਡੀ ਸਵਾਰਾਂ ਨੇ ਰਸਤੇ ਵਿਚ ਹੀ ਉਸ ਦਾ ਮੋਬਾਈਲ ਬਾਹਰ ਸੁੱਟ ਦਿੱਤਾ ਤੇ ਫਿਰ ਜੇਬ ਵਿਚੋਂ 7 ਹਜ਼ਾਰ ਤੇ ਏ. ਟੀ. ਐੱਮ. ਕਾਰਡ ਵੀ ਕੱਢ ਲਏ। ਦੋਸ਼ੀਆਂ ਨੇ ਸ਼ੁੱਭ ਪ੍ਰਕਾਸ਼ ਨੂੰ ਕਿਹਾ ਕਿ ਉਸ ਨੂੰ ਮਾਰਨ ਲਈ ਉਨ੍ਹਾਂ ਨੂੰ 20 ਲੱਖ ਰੁਪਏ ਦੀ ਸੁਪਾਰੀ ਮਿਲੀ ਹੈ ਪਰ ਉਹ ਜੇਕਰ 30 ਲੱਖ ਰੁਪਏ ਦੇ ਦੇਵੇਗਾ ਤਾਂ ਉਸ ਦੀ ਜਾਨ ਬਖਸ਼ ਦੇਵਾਂਗੇ। ਕਾਫੀ ਮਿਨਤਾਂ ਕਰ ਕੇ ਸ਼ੁੱਭ ਪ੍ਰਕਾਸ਼ ਨੇ 10 ਲੱਖ ਰੁਪਏ ਵਿਚ ਸੈਂਟਲਮੈਂਟ ਕਰ ਲਈ। ਉਕਤ ਲੋਕ ਫਿਰ ਉਸ ਨੂੰ ਸੂਰਜ ਦੇ ਭਰਾ ਦੇ ਘਰ ਲੈ ਗਏ। ਜਿਥੋਂ ਛੇਤੀ ਤੋਂ ਛੇਤੀ ਪੈਸੇ ਲੈ ਕੇ ਆਉਣ ਨੂੰ ਕਿਹਾ ਅਤੇ ਨਾ ਆਉਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਿਓ ਹੀ ਸ਼ੁੱਭ ਪ੍ਰਕਾਸ਼ ਗੱਡੀ 'ਚੋਂ ਉਤਰਿਆ ਉਹ ਸੂਰਜ ਸਮੇਤ ਦੇ ਸੂਰਜ ਦੇ ਭਰਾ ਦੇ ਘਰ ਚਲਾ ਗਿਆ ਅਤੇ ਅੰਦਰੋਂ ਲਾਕ ਕਰ ਲਿਆ।

ਕੁਝ ਸਮੇਂ ਬਾਅਦ ਜਦੋਂ ਵਾਪਸ ਨਾ ਆਏ ਤਾਂ ਉਹ ਲੋਕ ਗੱਡੀ ਸਮੇਤ ਉਥੋਂ ਚਲੇ ਗਏ। ਇਸ ਤੋਂ ਅਗਲੇ ਦਿਨ ਹੀ ਸ਼ੁੱਭ ਪ੍ਰਕਾਸ਼ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਦਿੱਤੀ। ਮਾਮਲਾ ਜਾਂਚ ਲਈ ਏ.ਸੀ.ਪੀ. ਵੈਸਟ ਨੂੰ ਸੌਂਪਿਆ ਗਿਆ ਜਿਸ ਤੋਂ ਬਾਅਦ ਥਾਣਾ 1 ਦੀ ਪੁਲਸ ਨੂੰ ਸ਼ਿਕਾਇਤ ਭੇਜੀ ਗਈ। ਥਾਣਾ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਸ਼ੁੱਭ ਪ੍ਰਕਾਸ਼ ਦੇ ਬਿਆਨਾਂ 'ਤੇ ਫਿਲਹਾਲ ਅਣਪਛਾਤੇ ਲੋਕਾਂ ਖਿਲਾਫ ਅਗਵਾ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਲੋਕਾਂ ਨੂੰ ਨਾਮਜ਼ਦ ਕੀਤਾ ਜਾਵੇਗਾ। ਪੁਲਸ ਦਾ ਕਹਿਣਾ ਹੈ ਕਿ ਜੇਕਰ ਮਾਮਲੇ 'ਚ ਕਿਸੇ ਭਾਜਪਾ ਨੇਤਾ ਦੇ ਭਰਾ ਦਾ ਹੱਥ ਹੋਇਆ ਤਾਂ ਉਸ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ।

ਪਹਿਲਾਂ ਵੀ ਕਰ ਚੁੱਕਾ ਹੈ ਅਜਿਹੇ ਕਈ ਕਾਂਡ
ਸੂਤਰਾਂ ਦੀ ਮੰਨੀਏ ਤਾਂ ਇਸ ਵਾਰਦਾਤ ਵਿਚ ਇਕ ਭਾਜਪਾ ਨੇਤਾ ਦੇ ਭਰਾ ਦਾ ਹੱਥ ਹੈ। ਅਸਲ ਵਿਚ ਨੇਤਾ ਦਾ ਭਰਾ ਮੈਚਾਂ ਵਿਚ ਪੈਸੇ ਹਾਰ ਚੁੱਕਾ ਸੀ ਉਸ ਨੂੰ ਪਤਾ ਸੀ ਕਿ ਸ਼ੁੱਭ ਪ੍ਰਕਾਸ਼ ਕੋਲ ਪੈਸੇ ਹਨ। ਜਿਸ ਨੂੰ ਡਰਾ ਕੇ ਉਹ ਪੈਸੇ ਲੈਣਾ ਚਾਹੁੰਦਾ ਸੀ। ਪਰ ਸੀਨੀਅਰ ਸਹਾਇਕ ਸ਼ੁੱਭ ਪ੍ਰਕਾਸ਼ ਬਚ ਨਿਕਲਿਆ ਅਤੇ ਸਮੇਂ ਸਿਰ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਨੇਤਾ ਦਾ ਇਹ ਭਰਾ ਪਹਿਲਾਂ ਵੀ 3-4 ਵਾਰ ਅਜਿਹੇ ਕਾਂਡ ਕਰ ਚੁੱਕਿਆ ਹੈ। ਪਰ ਜਿਨ੍ਹਾਂ ਦੇ ਨਾਲ ਉਸ ਨੇ ਅਜਿਹਾ ਕੀਤਾ, ਡਰ ਦੇ ਮਾਰੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਨਹੀਂ ਦਿੱਤੀ। ਹਾਲਾਂਕਿ ਥਾਣਾ 1 ਦੇ ਇੰਚਾਰਜ ਸੁਖਬੀਰ ਸਿੰਘ ਨੇ ਕਿਹਾ ਕਿ ਹਾਲੇ ਤੱਕ ਭਾਜਪਾ ਨੇਤਾ ਦੇ ਭਰਾ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਪਰ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।

shivani attri

This news is Content Editor shivani attri