ਖਾਂਬਰਾ ’ਚ ਕਲਯੁਗੀ ਪੁੱਤ ਨੇ ਮਾਪਿਆਂ ਨੂੰ ਕੁੱਟਮਾਰ ਕਰ ਕੀਤਾ ਜ਼ਖ਼ਮੀ, ਘਰੋਂ ਕੱਢਿਆ ਬਾਹਰ

07/25/2022 5:28:15 PM

ਜਲੰਧਰ (ਮਜ਼ਹਰ) : ਪਿੰਡ ਖਾਂਬਰਾ ’ਚ ਕਲਯੁਗੀ ਪੁੱਤ ਵੱਲੋਂ ਆਪਣੇ ਮਾਤਾ-ਪਿਤਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਖਾਂਬਰਾ ਵਾਸੀ ਕਰਮਚੰਦ (70) ਪਿਤਾ ਮਹਿੰਗਾ ਰਾਮ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਮੇਰਾ ਛੋਟਾ ਲੜਕਾ ਪਵਨ ਕੁਮਾਰ ਹਰ ਰੋਜ਼ ਸ਼ਰਾਬ ਪੀ ਕੇ ਮੇਰੀ ਤੇ ਆਪਣੀ ਮਾਂ ਲਕਸ਼ਮੀ (65) ਦੀ ਕੁੱਟਮਾਰ ਕਰਦਾ ਹੈ। ਬੀਤੀ ਰਾਤ ਤਾਂ ਹੱਦ ਹੀ ਹੋ ਗਈ, ਜਦੋਂ ਉਹ ਸ਼ਰਾਬ ਪੀ ਕੇ ਘਰ ਦੇ ਅੰਦਰ ਵੜਿਆ ਤੇ ਬਿਨਾਂ ਕਿਸੇ ਕਾਰਨ ਆਪਣੀ ਮਾਂ ਨੂੰ ਗਾਲ੍ਹਾਂ ਕੱਢਣ ਲੱਗਾ। ਕਾਰਨ ਪੁੱਛਣ ’ਤੇ ਉਸ ਨੇ ਘਰ ’ਚੋਂ ਲੋਹੇ ਦੀ ਰਾਡ ਕੱਢ ਕੇ ਮੇਰੇ ’ਤੇ ਜ਼ੋਰਦਾਰ ਹਮਲਾ ਕਰ ਦਿੱਤਾ, ਜਿਸ ਕਾਰਨ ਮੈਂ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਿਆ। ਜਦੋਂ ਮੇਰੀ ਪਤਨੀ ਲਕਸ਼ਮੀ ਮੈਨੂੰ ਛੁਡਾਉਣ ਆਈ ਤਾਂ ਉਸ ਨੇ ਆਪਣੀ ਮਾਂ ਦੀ ਵੀ ਕੁੱਟਮਾਰ ਕੀਤੀ ਅਤੇ ਉਸ ਨੂੰ ਘਸੀਟ ਕੇ ਘਰੋਂ ਬਾਹਰ ਕੱਢ ਦਿੱਤਾ।

ਕਰਮ ਚੰਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਲੜਕੇ ਪਵਨ ਕੁਮਾਰ ਨੇ ਮੇਰੇ ’ਤੇ ਜਾਨਲੇਵਾ ਹਮਲਾ ਕਰਕੇ ਮੇਰੇ ਸੱਜੇ ਹੱਥ ਦੀਆਂ ਉਂਗਲਾਂ ਤੋੜ ਦਿੱਤੀਆਂ ਸਨ। ਮੈਂ ਘਰ ਦੀ ਇੱਜ਼ਤ ਲਈ ਸਭ ਕੁਝ ਬਰਦਾਸ਼ਤ ਕੀਤਾ ਪਰ ਇਸ ਦਾ ਵਤੀਰਾ ਦਿਨੋ-ਦਿਨ ਵਿਗੜਦਾ ਜਾ ਰਿਹਾ ਹੈ। ਹਰ ਰੋਜ਼ ਸ਼ਰਾਬ ਪੀਣ ਲਈ ਜ਼ਬਰਦਸਤੀ ਪੈਸੇ ਖੋਹ ਲੈਂਦਾ ਹੈ, ਘਰ ਦਾ ਗਾਰਡਰ ਅਤੇ ਹੋਰ ਸਾਮਾਨ ਚੋਰੀ ਕਰਕੇ ਵੇਚ ਦਿੰਦਾ ਹੈ। ਮਨ੍ਹਹ ਕਰਨ ’ਤੇ ਉਹ ਕਈ ਦਿਨਾਂ ਤੱਕ ਮੇਰੀ ਕੁੱਟਮਾਰ ਕਰਦਾ ਰਿਹਾ। ਇਸ ਕਾਰਨ ਮੈਂ ਕਾਫੀ ਡਿਪ੍ਰੈਸ਼ਨ ’ਚ ਰਹਿੰਦਾ ਹਾਂ। ਕਰਮਚੰਦ ਨੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੂੰ ਵੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਮੈਨੂੰ ਮੇਰੇ ਪੁੱਤਰ ਤੋਂ ਬਚਾਇਆ ਜਾਵੇ, ਨਹੀਂ ਤਾਂ ਉਹ ਸਾਨੂੰ ਮਾਰ ਦੇਵੇਗਾ। ਦੂਜੇ ਪਾਸੇ ਫਤਿਹਪੁਰ ਥਾਣਾ ਪ੍ਰਤਾਪਪੁਰਾ ਚੌਕੀ ਦੇ ਇੰਚਾਰਜ ਮਦਨ ਸਿੰਘ ਦਾ ਕਹਿਣਾ ਹੈ ਕਿ ਪੁੱਤ ਵੱਲੋਂ ਮਾਪਿਆਂ ’ਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਐੱਮ. ਐੱਲ. ਆਰ. ਆ ਗਈ ਹੈ। ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਕਾਰਵਾਈ ਕੀਤੀ ਜਾਵੇਗੀ।


Manoj

Content Editor

Related News