ਕੇਰਲ ਹਾਈਕੋਰਟ ਦੇ ਆਰਡਰ, ਨੰਨ ਖਿਲਾਫ ਕੋਈ ਪੈਂਫਲੇਟ ਵੰਡਦਾ ਮਿਲਿਆ ਤਾਂ ਹੋਵੇਗੀ ਕਾਰਵਾਈ

08/19/2018 11:24:15 AM

ਜਲੰਧਰ (ਕਮਲੇਸ਼)— ਨੰਨ ਵੱਲੋਂ ਬਿਸ਼ਪ ਫ੍ਰੈਂਕੋ ਮੁਲੱਕਲ 'ਤੇ ਲਗਾਏ ਜ਼ਬਰਦਸਤੀ ਦੇ ਦੋਸ਼ਾਂ 'ਚ ਕੋਰਟ ਨੇ ਸਖਤ ਚਿਤਾਵਨੀ ਦਿੱਤੀ ਹੈ। ਕੋਰਟ ਨੇ ਕਿਹਾ ਹੈ ਕਿ ਜੇਕਰ ਚਰਚ ਨਾਲ ਜੁੜਿਆ ਕੋਈ ਵੀ ਵਿਅਕਤੀ ਨੰਨ ਦੇ ਚਰਿੱਤਰ ਖਿਲਾਫ ਪੈਂਫਲੇਟ ਵੰਡਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਪੁਲਸ ਕਾਰਵਾਈ ਕਰੇਗੀ। ਮਹਿਲਾ ਕਮਿਸ਼ਨ ਨੇ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਬਿਸ਼ਪ 'ਤੇ ਮਾਮਲਾ ਦਰਜ ਹੋਣ ਤੋਂ ਬਾਅਦ ਡਾਇਓਸਿਸ ਵੱਲੋਂ ਨੰਨ ਦੇ ਚਰਿੱਤਰ ਖਿਲਾਫ ਪੈਂਫਲੇਟ ਵੰਡੇ ਗਏ ਸਨ ਅਤੇ ਭਵਿੱਖ ਵਿਚ ਅਜਿਹਾ ਨਾ ਹੋਵੇ, ਇਸ ਲਈ ਕੋਰਟ ਦਖਲ ਦੇਵੇ। 
ਦੱਸ ਦਈਏ ਕਿ ਕੇਰਲ ਦੀ ਇਕ ਨੰਨ, ਜੋ ਕਿ ਜਲੰਧਰ ਦੀ ਮਿਸ਼ਨਰੀ ਦਾ ਹਿੱਸਾ ਰਹੀ ਹੈ ਉਸ ਨੇ ਬਿਸ਼ਪ ਫ੍ਰੈਂਕੋ ਮੁਲੱਕਲ 'ਤੇ 2014 ਤੋਂ 2016 ਤੱਕ ਉਸ ਨਾਲ 13 ਵਾਰ ਜ਼ਬਰਦਸਤੀ ਦੇ ਦੋਸ਼ ਲਗਾਏ ਸਨ। ਕੇਰਲ ਪੁਲਸ ਨੇ ਨੰਨ ਦੀ ਸ਼ਿਕਾਇਤ 'ਤੇ ਬਿਸ਼ਪ ਖਿਲਾਫ ਮਾਮਲਾ ਦਰ ਕਰ ਲਿਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ 2 ਮਹੀਨੇ ਬਾਅਦ ਕੇਰਲ ਪੁਲਸ ਜਲੰਧਰ ਪਹੁੰਚੀ ਸੀ, ਜਿੱਥੇ ਕੇਰਲ ਪੁਲਸ ਦੀ ਸਪੈਸ਼ਲ ਟੀਮ ਨੇ ਬਿਸ਼ਪ ਕੋਲੋਂ 9 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਇਸ ਤੋਂ ਇਲਾਵਾ ਇਸ ਪੁੱਛਗਿੱਛ 'ਚ ਕਈ ਹੋਰ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਮਾਮਲੇ ਦੀ ਅਗਲੀ ਕਾਰਵਾਈ ਲਈ ਕੇਰਲ ਪੁਲਸ ਜਲਦੀ ਹੀ ਬਿਸ਼ਪ ਨੂੰ ਕੇਰਲ 'ਚ ਤਲਬ ਕਰ ਸਕਦੀ ਹੈ।

ਜਲਦੀ ਮਾਮਲਾ ਸੁਲਝਾਏਗੀ ਪੁਲਸ
ਕੇਰਲ ਪੁਲਸ ਦੇ ਡੀ. ਜੀ. ਪੀ. ਲੋਕਨਾਥ ਬੇਹੇਰਾ ਦਾ ਕਹਿਣਾ ਹੈ ਕਿ ਪੁਲਸ ਨੇ ਇਸ ਮਾਮਲੇ 'ਚ 70 ਤੋਂ ਉਪਰ ਲੋਕਾਂ ਦੇ ਬਿਆਨ ਰਿਕਾਰਡ ਕੀਤੇ ਹਨ ਅਤੇ ਪੁਲਸ ਇਸ ਮਾਮਲੇ ਨੂੰ ਜਲਦੀ ਸੁਲਝਾ ਲਵੇਗੀ। ਉਨ੍ਹਾਂ ਕਿਹਾ ਕਿ ਕੇਰਲ 'ਚ ਸਥਿਤ ਮਿਸ਼ਨ ਹੋਮ ਦੇ ਐਂਟਰੀ ਰਜਿਸਟਰ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਅਤੇ ਨੰਨ ਅਤੇ ਬਿਸ਼ਪ ਫ੍ਰੈਂਕੋ ਮੁਲੱਕਲ ਦੇ ਦਿੱਤੇ ਗਏ ਬਿਆਨਾਂ ਨੂੰ ਰਜਿਸਟਰ ਦੀ ਐਂਟਰੀ ਨਾਲ ਕਰਾਸ ਵੈਰੀਫਾਈ ਕੀਤਾ ਜਾਵੇਗਾ। ਡੀ. ਜੀ. ਪੀ. ਦਾ ਕਹਿਣਾ ਹੈ ਕਿ ਸਪੈਸ਼ਲ ਪੁਲਸ ਟੀਮ ਰਿਕਾਰਡ ਕੀਤੇ ਗਏ ਬਿਆਨਾਂ ਨੂੰ ਰਿਵਿਊ ਕਰ ਰਹੀ ਹੈ ਤੇ ਜਲਦੀ ਹੀ ਕੇਸ ਹੱਲ ਹੋ ਜਾਵੇਗਾ।