ਖਸਤਾ ਹਾਲਤ ਸੜਕਾਂ ਨੇ ਰਿਆਸਤੀ ਸ਼ਹਿਰ ਦੀ ਸੁੰਦਰਤਾ ਨੂੰ ਲਗਾਇਆ ਗ੍ਰਹਿਣ

05/20/2018 1:33:27 PM

ਕਪੂਰਥਲਾ (ਗੌਰਵ)— ਪੰਜਾਬ ਦਾ ਪੈਰਿਸ ਕਹਾਉਣ ਵਾਲੇ ਰਿਆਸਤੀ ਸ਼ਹਿਰ ਕਪੂਰਥਲਾ ਦੀ ਖਸਤਾ ਹਾਲਤ ਸੜਕਾਂ ਤੋਂ ਲੰਘ ਕੇ ਸਾਰਾ ਸੱਚ ਸਾਹਮਣੇ ਆ ਜਾਂਦਾ ਹੈ, ਜਗ੍ਹਾ-ਜਗ੍ਹਾ ਤੋਂ ਟੁੱਟੀਆਂ ਸੜਕਾਂ, ਟੋਏ ਅਤੇ ਖਸਤਾ ਹਾਲਤ ਕਾਰਨ ਇਹ ਸੜਕਾਂ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਰਹੀਆਂ ਹਨ। ਸਥਾਨਕ ਕਾਲਜ ਰੋਡ, ਸਟੇਟ ਗੁਰਦੁਆਰਾ ਸਾਹਿਬ ਦੀ ਬੈਕਸਾਈਡ ਵਾਲੀ ਰੋਡ, ਬੇਬੀ ਮਾਡਲ ਸਕੂਲ ਵਾਲੀ ਰੋਡ, ਐੱਸ. ਐੱਸ. ਪੀ. ਕਪੂਰਥਲਾ ਦੇ ਬਾਹਰ ਵਾਲੀ ਰੋਡ, ਬੱਕਰਖਾਨਾ ਬਾਈਪਾਸ, ਕਪੂਰਥਲਾ ਤੋਂ ਕਾਂਜਲੀ ਰੋਡ, ਲੱਖਣ ਕਲਾਂ ਰੋਡ, ਕਾਲਾ ਸੰਘਿਆਂ ਫਾਟਕ ਰੋਡ ਆਦਿ ਸ਼ਹਿਰ ਦੀਆਂ ਕਈ ਸੜਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੋ ਚੁੱਕੀ ਹੈ। 


ਇਨ੍ਹਾਂ ਸੜਕਾਂ ਦੀ ਜਰਜਰ ਹਾਲਤ ਕਾਰਨ ਆਵਾਜਾਈ ਦੌਰਾਨ ਕਈ ਵਾਹਨ ਚਾਲਕਾਂ ਨੂੰ ਬੇਕਾਬੂ ਹੋ ਕੇ ਦੁਰਘਟਨਾਗ੍ਰਸਤ ਹੋਣ ਤੋਂ ਕਈ ਵਾਰ ਵਾਲ-ਵਾਲ ਬਚੇ ਹਨ ਤੇ ਕਈ ਬਦਨਸੀਬ ਦੁਰਘਟਨਾਗ੍ਰਸਤ ਵੀ ਹੋਏ ਹਨ, ਜਿਸ ਕਾਰਨ ਉਨ੍ਹਾਂ ਨੂੰ ਜਾਨ ਮਾਲ ਦਾ ਨੁਕਸਾਨ ਹੋਇਆ ਹੈ। ਸ਼ਹਿਰ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਲੋਕਾਂ ਦੀਆਂ ਸਹੂਲਤਾਂ ਦਾ ਧਿਆਨ ਰੱਖਦਿਆਂ ਸੜਕਾਂ ਦੀ ਹਾਲਤ ਨੂੰ ਠੀਕ ਕੀਤਾ ਜਾਵੇ ਤੇ ਲੋਕਾਂ ਨੂੰ ਆ ਰਹੀ ਸਮੱਸਿਆ ਤੋਂ ਨਿਜਾਤ ਮਿਲ ਸਕੇ।