ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਦੇ 96 ਪਾਜ਼ੇਟਿਵ ਮਾਮਲਿਆਂ ਦੀ ਹੋਈ ਪੁਸ਼ਟੀ

09/25/2020 1:26:27 AM

ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ)-ਜ਼ਿਲ੍ਹੇ 'ਚ ਜਿਸ ਤਰ੍ਹਾਂ ਕੋਰੋਨਾ ਨੇ ਆਪਣੀ ਤੇਜ਼ੀ ਫੜ ਲਈ ਹੈ, ਉੱਥੇ ਹੀ ਇਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਸਖਤ ਮਿਹਨਤ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਜ਼ਿਲੇ 'ਚ ਸਿਹਤ ਵਿਭਾਗ ਵੱਲੋਂ ਸੈਂਪਲਿੰਗ ਦੇ ਦੌਰ 'ਚ ਤੇਜ਼ੀ ਲਿਆਂਦੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਹੁਣ ਤੱਕ ਸਭ ਤੋਂ ਵੱਧ ਸੈਂਪਲਿੰਗ ਕੀਤੀ ਗਈ। ਸਿਹਤ ਵਿਭਾਗ ਵੱਲੋਂ ਇੱਕਲੇ ਇਕ ਦਿਨ 'ਚ 1500 ਤੋਂ ਵੀ ਜ਼ਿਆਦਾ ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਵੀਰਵਾਰ ਨੂੰ ਜਿਥੇ 96 ਨਵੇਂ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਉੱਥੇ ਹੀ 4 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਅੰਕੜਾ 132 ਤੱਕ ਪਹੁੰਚ ਗਿਆ ਹੈ। ਮਰਨ ਵਾਲਿਆਂ 'ਚ 3 ਮਰੀਜ਼ ਕਪੂਰਥਲਾ ਤੇ 1 ਮਰੀਜ਼ ਫਗਵਾੜਾ ਨਾਲ ਸਬੰਧਤ ਹਨ, ਜਿਨ੍ਹਾਂ 'ਚ ਪਿੰਡ ਨਵਾਂ ਠੱਟਾ ਵਾਸੀ 60 ਸਾਲਾ ਪੁਰਸ਼, ਆਰ. ਸੀ. ਐੱਫ. ਵਾਸੀ 55 ਸਾਲਾ ਪੁਰਸ਼ ਤੇ ਮਕਸੂਦਪੁਰ ਵਾਸੀ 70 ਸਾਲਾ ਪੁਰਸ਼ ਜੋ ਕਿ ਬੀਤੇ ਦਿਨੀਂ ਪਾਜ਼ੇਟਿਵ ਪਾਏ ਗਏ ਸਨ ਤੇ ਨਿੱਜੀ ਹਸਪਤਾਲਾਂ 'ਚ ਆਪਣਾ ਇਲਾਜ ਕਰਵਾ ਰਹੇ ਸਨ। ਇਸੇ ਤਰ੍ਹਾਂ ਪਾਜ਼ੇਟਿਵ ਪਾਏ ਗਏ 96 ਮਰੀਜ਼ਾਂ 'ਚੋਂ ਕਪੂਰਥਲਾ ਸਬ ਡਵੀਜ਼ਨ ਨਾਲ 31, ਫਗਵਾੜਾ ਸਬ ਡਵੀਜ਼ਨ ਨਾਲ 25, ਸੁਲਤਾਨਪੁਰ ਲੋਧੀ ਸਬ ਡਵੀਜਨ ਨਾਲ 4 ਤੇ ਭੁਲੱਥ ਸਬ ਡਵੀਜ਼ਨ ਨਾਲ 12 ਮਰੀਜ਼ ਸਬੰਧਤ ਹਨ। ਜਦਕਿ 3 ਮਰੀਜ਼ ਜਲੰਧਰ ਤੇ 1 ਮਰੀਜ਼ ਹੁਸ਼ਿਆਰਪੁਰ ਨਾਲ ਸਬੰਧਤ ਹਨ।

ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਵੀਰਵਾਰ ਨੂੰ ਜ਼ਿਲੇ 'ਚ 1742 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ 'ਚ ਕਪੂਰਥਲਾ ਤੋਂ 316, ਫਗਵਾੜਾ ਤੋਂ 323, ਭੁਲੱਥ ਤੋਂ 28, ਸੁਲਤਾਨਪੁਰ ਲੋਧੀ ਤੋਂ 130, ਬੇਗੋਵਾਲ ਤੋਂ 115, ਢਿਲਵਾਂ ਤੋਂ 153, ਕਾਲਾ ਸੰਘਿਆਂ ਤੋਂ 226, ਫੱਤੂਢੀਂਗਾ ਤੋਂ 92, ਪਾਂਛਟਾ ਤੋਂ 248 ਤੇ ਟਿੱਬਾ ਤੋਂ 111 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਵੀਰਵਾਰ ਨੂੰ 86 ਮਰੀਜ਼ਾਂ ਦੇ ਠੀਕ ਹੋਣ ਦੇ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ ਕੋਰੋਨਾ ਤੋਂ 3098 ਲੋਕ ਸੰਕਰਮਿਤ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 2102 ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 639 ਮਰੀਜ਼ ਐਕਟਿਵ ਚੱਲ ਰਹੇ ਹਨ।
 


Deepak Kumar

Content Editor

Related News