ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਦੇ 48 ਨਵੇਂ ਮਾਮਲੇ ਆਏ ਸਾਹਮਣੇ, 3 ਦੀ ਮੌਤ

09/23/2020 1:25:27 AM

ਕਪੂਰਥਲਾ/ਫਗਵਾੜਾ,(ਮਹਾਜਨ, ਹਰਜੋਤ)- ਜ਼ਿਲ੍ਹੇ ’ਚ ਕੋਰੋਨਾ ਨੇ ਤਰਥੱਲੀ ਮਚਾਈ ਹੋਈ ਹੈ। ਆਏ ਦਿਨ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਜਿਥੇ ਬੀਤੇ ਦਿਨੀਂ ਪਹਿਲਾਂ ਪੀ. ਆਰ. ਟੀ. ਸੀ. ਆਰ. ਸੀ. ਐੱਫ. ਸਮੇਤ ਹੋਰ ਥਾਵਾਂ ’ਤੇ ਅਚਾਨਕ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਦੀ ਦੇਖੀ ਗਈ, ਉੱਥੇ ਹੀ ਬੀਤੇ 2 ਦਿਨਾਂ ਤੋਂ ਮੰਡੀ ਫੱਤੂਢੀਂਗਾ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਬੀਤੇ ਦਿਨੀਂ ਜਿਥੇ 6 ਮਰੀਜ਼ ਮੰਡੀ ਫੱਤੂਢੀਂਗਾ ਤੋਂ ਪਾਜ਼ੇਟਿਵ ਪਾਏ ਗਏ ਸਨ, ਉੱਥੇ ਹੀ ਮੰਗਲਵਾਰ ਨੂੰ ਵੀ 6 ਮਰੀਜ਼ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕੁੱਲ 12 ਮਰੀਜ਼ ਮੰਡੀ ਫੱਤੂਢੀਂਗਾ ਤੋਂ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਉੱਥੇ ਹੀ ਸਿਹਤ ਵਿਭਾਗ ਵੀ ਮੰਡੀ ਫੱਤੂਢੀਂਗਾ ਖੇਤਰ ’ਚ ਸਰਗਰਮ ਹੋ ਕੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਪੁਸ਼ਟੀ ਕਰ ਕੇ ਉਨ੍ਹਾਂ ਦੀ ਸਕਰੀਨਿੰਗ ਕਰ ਰਹੀ ਹੈ ਤੇ ਉਨ੍ਹਾਂ ਨੂੰ ਇਹਤਿਹਾਤ ਵਜੋਂ ਪਹਿਲਾਂ ਹੀ ਆਪਣੇ ਪਰਿਵਾਰ ਤੋਂ ਅਲੱਗ ਰਹਿਣ ਤੇ ਸੈਨੀਟਾਈਜ਼ਰ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕਰਨ ’ਚ ਲੱਗੀ ਹੋਈ ਹੈ। ਇਸੇ ਤਰ੍ਹਾਂ ਜ਼ਿਲੇ ’ਚ ਕੋਰੋਨਾ ਦੇ ਕਾਰਨ ਮਰਨ ਵਾਲਿਆਂ ਦਾ ਵੀ ਸਿਲਸਿਲਾ ਨਹੀ ਰੁਕ ਰਿਹਾ। ਮੰਗਲਵਾਰ ਨੂੰ ਕਪੂਰਥਲਾ ਨਾਲ ਸਬੰਧਤ 3 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਕਾਰਣ ਮਰਨ ਵਾਲਿਆਂ ਦੀ ਗਿਣਤੀ 124 ਹੋ ਗਈ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਕੋਰੋਨਾ ਕਾਰਣ ਮਰਨ ਵਾਲੇ ਮਰੀਜ਼ਾਂ ’ਚ ਪਿੰਡ ਤਲਵੰਡੀ ਚੌਧਰੀਆਂ ਵਾਸੀ 70 ਸਾਲਾ ਪੁਰਸ਼, ਪਿੰਡ ਕਮਰਾਏ ਵਾਸੀ 65 ਸਾਲਾ ਔਰਤ ਤੇ ਇਕ ਮਹਿਲਾ, ਜੋ ਕਿ ਪਿੰਡ ਵਡਾਲਾ ਖੁਰਦ ਨਾਲ ਸਬੰਧਤ ਹੈ, ਜੋ ਕਿ ਬੀਤੇ ਦਿਨੀਂ ਪਾਜ਼ੇਟਿਵ ਪਾਏ ਗਏ ਸਨ ਤੇ ਨਿੱਜੀ ਹਸਪਤਾਲਾਂ ’ਚ ਆਪਣਾ ਇਲਾਜ ਕਰਵਾ ਰਹੇ ਸਨ। ਇਸੇ ਤਰ੍ਹਾਂ ਮੰਗਲਵਾਰ ਨੂੰ ਪਾਜ਼ੇਟਿਵ ਪਾਏ ਗਏ 48 ਮਰੀਜ਼ਾਂ ’ਚੋਂ ਕਪੂਰਥਲਾ ਨਾਲ 23 ਤੇ ਫਗਵਾਡ਼ਾ ਨਾਲ 22 ਮਰੀਜ਼ ਸਬੰਧਤ ਹਨ, ਜਦਕਿ 1 ਮਰੀਜ਼ ਹੁਸ਼ਿਆਰਪੁਰ, 1 ਜਲੰਧਰ ਤੇ 1 ਬਾਬਾ ਬਕਾਲਾ ਨਾਲ ਸਬੰਧਤ ਹੈ।

658 ਲੋਕਾਂ ਦੀ ਕੀਤੀ ਸੈਂਪਲਿੰਗ

ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਮੰਗਲਵਾਰ ਨੂੰ ਜ਼ਿਲੇ ’ਚ 658 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ ’ਚ ਆਰ. ਸੀ. ਐੱਫ. ਤੋਂ 13, ਕਪੂਰਥਲਾ ਤੋਂ 115, ਢਿਲਵਾਂ ਤੋਂ 49, ਬੇਗੋਵਾਲ ਤੋਂ 21, ਭੁਲੱਥ ਤੋਂ 64, ਸੁਲਤਾਨਪੁਰ ਲੋਧੀ ਤੋਂ 7, ਟਿੱਬਾ ਤੋਂ 13, ਫੱਤੂਢੀਂਗਾ ਤੋਂ 80, ਕਾਲਾ ਸੰਘਿਆਂ ਤੋਂ 122, ਪਾਂਛਟਾ ਤੋਂ 125 ਤੇ ਫਗਵਾਡ਼ਾ ਤੋਂ 49 ਲੋਕਾਂ ਦੀ ਸੈਂਪਲਿੰਗ ਕੀਤੀ ਗਈ।


Bharat Thapa

Content Editor

Related News