ਕਪੂਰਥਲਾ : ਰੈਸਟੋਰੈਂਟਾਂ ਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਨੂੰ ਖੋਲ੍ਹਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ

06/23/2020 7:45:32 PM

ਕਪੂਰਥਲਾ,(ਸੋਢੀ ): ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਦੀਪਤੀ ਉੱਪਲ ਨੇ ਗ੍ਰਹਿ ਮਾਮਲੇ ਤੇ ਨਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਰੋਸ਼ਨੀ ਵਿਚ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ 'ਚ ਰੈਸਟੋਰੈਂਟਾਂ, ਹੋਟਲਾਂ ਅਤੇ ਹੋਰਨਾਂ ਪ੍ਰਾਹੁਣਚਾਰੀ ਸੇਵਾਵਾਂ ਨੂੰ ਸੀਮਿਤ ਹਾਜ਼ਰੀ ਨਾਲ ਖੋਲ੍ਹਣ ਲਈ ਆਦੇਸ਼ ਜਾਰੀ ਕੀਤੇ ਹਨ। ਜਾਰੀ ਆਦੇਸ਼ਾਂ ਮੁਤਾਬਕ ਜ਼ਿਲੇ 'ਚ ਰੈਸਟੋਰੈਂਟਾਂ ਨੂੰ ਰਾਤ 8 ਵਜੇ ਤੱਕ 'ਡਾਈਨ ਇਨ' (ਖਾਣਾ ਖਾਣ) ਦੀ ਸਹੂਲਤ ਦਿੱਤੀ ਗਈ ਹੈ, ਜਿਥੇ 50 ਫੀਸਦੀ ਜਾਂ ਵੱਧ ਤੋਂ ਵੱਧ 50 ਮਹਿਮਾਨਾਂ ਦੇ ਬੈਠਣ ਦੀ ਸਮਰੱਥਾ ਦੀ ਆਗਿਆ ਹੀ ਹੋਵੇਗੀ। ਇਨ੍ਹਾਂ ਦੇ ਪ੍ਰਬੰਧਕ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਵੱਲੋਂ ਕੋਵਿਡ-19 ਤੋਂ ਬਚਾਅ ਲਈ 4 ਜੂਨ 2020 ਨੂੰ ਰੈਸਟੋਰੈਂਟਾਂ ਲਈ ਜਾਰੀ ਤੈਅਸ਼ੁਦਾ ਹਦਾਇਤਾਂ (ਐਸ. ਓ. ਪੀ) ਦੀ ਪਾਲਣਾ ਕਰਨਗੇ।
ਜਾਰੀ ਹੁਕਮਾਂ ਅਨੁਸਾਰ ਹੋਟਲਾਂ ਵਿਚਾਲੇ ਰੈਸਟੋਰੈਂਟ, ਬੈਠਣ ਸਮਰੱਥਾ ਦੀ 50 ਫੀਸਦੀ ਹਾਜ਼ਰੀ ਜਾਂ 50 ਮਹਿਮਾਨਾਂ ਤੱਕ ਹੋਟਲ ਦੇ ਮਹਿਮਾਨਾਂ ਤੋਂ ਇਲਾਵਾ ਹੋਰਨਾਂ ਵਿਅਕਤੀਆਂ ਲਈ ਵੀ ਖੁੱਲ੍ਹੇ ਰਹਿਣਗੇ ਪਰ ਹੋਟਲਾਂ ਵਿਚਾਲੇ ਮਹਿਮਾਨਾਂ ਦੇ ਨਾਲ-ਨਾਲ ਬਾਹਰੋਂ ਆਏ ਵਿਅਕਤੀਆਂ ਲਈ ਵੀ ਸਮਾਂ ਰਾਤ 8 ਵਜੇ ਤੱਕ ਰਹੇਗਾ। ਹਾਲਾਂਕਿ ਹੋਟਲਾਂ ਦੀਆਂ ਬਾਰਾਂ ਬੰਦ ਰਹਿਣਗੀਆਂ ਪਰ ਰਾਜ ਦੀ ਆਬਕਾਰੀ ਨੀਤੀ ਤਹਿਤ ਮਿਲੀ ਆਗਿਆ ਅਨੁਸਾਰ ਹੋਟਲਾਂ ਦੇ ਕਮਰਿਆਂ ਅਤੇ ਰੈਸਟੋਰੈਂਟਾਂ ਵਿਚ ਸ਼ਰਾਬ ਵਰਤਾਈ ਜਾ ਸਕਦੀ ਹੈ। ਹੋਟਲਾਂ ਦੇ ਪ੍ਰਬੰਧਕਾਂ ਨੂੰ ਹੋਟਲਾਂ ਅਤੇ ਹੋਰਨਾਂ ਮੇਜ਼ਬਾਨੀ ਇਕਾਈਆਂ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਵੱਲੋਂ ਕੋਵਿਡ-19 ਤੋਂ ਬਚਾਅ ਲਈ 4 ਜੂਨ 2020 ਨੂੰ  ਜਾਰੀ ਤੈਅਸ਼ੁਦਾ ਹਦਾਇਤਾਂ (ਐਸ. ਓ. ਪੀ) ਦੀ ਪਾਲਣਾ ਯਕੀਨੀ 
ਬਣਾਉਣੀ ਹੋਵੇਗੀ।
ਇਸੇ ਤਰ੍ਹਾਂ ਬੈਂਕੁਇੰਟ ਹਾਲਾਂ, ਮੈਰਿਜ ਪੈਲੇਸਾਂ, ਹੋਟਲਾਂ ਅਤੇ ਖੁੱਲੇ ਸਥਾਨਾਂ ਵਿਚ ਹੋਣ ਵਾਲੇ ਵਿਆਹ ਸਮਾਰੋਹਾਂ, ਹੋਰਨਾਂ ਸਮਾਜਿਕ ਕਾਰਜਾਂ ਅਤੇ 'ਓਪਨ ਏਅਰ ਪਾਰਟੀਆਂ' 'ਚ 50 ਤੱਕ ਵਿਅਕਤੀ ਹੀ ਸ਼ਾਮਲ ਹੋ ਸਕਣਗੇ। ਕੈਟਰਿੰਗ ਸਟਾਫ ਤੋਂ ਛੁੱਟ ਮਹਿਮਾਨਾਂ ਦੀ ਗਿਣਤੀ 50 ਵਿਅਕਤੀਆਂ ਤੋਂ ਵੱਧ ਨਹੀਂ ਹੋਵੇਗੀ। ਇਸੇ ਤਰ੍ਹਾਂ 50 ਵਿਅਕਤੀਆਂ ਲਈ ਬੈਂਕੁਇੰਟ ਹਾਲ ਅਤੇ ਸਥਾਨ ਦਾ ਆਕਾਰ ਘੱਟੋ-ਘੱਟ 5,000 ਵਰਗ ਫੁੱਟ ਹੋਣਾ ਚਾਹੀਦਾ ਹੈ ਤਾਂ ਜੋ ਹਰੇਕ ਵਿਅਕਤੀ ਲਈ 10-10 ਫੁੱਟ ਖੇਤਰ ਦੀ ਜ਼ਰੂਰਤ ਦੇ ਆਧਾਰ 'ਤੇ ਲੋੜੀਂਦੀ ਸਮਾਜਿਕ ਦੂਰੀ ਦਾ ਪਾਲਣ ਕੀਤਾ ਜਾ ਸਕੇ। ਬੈਂਕੁਇੰਟ ਹਾਲਾਂ/ਮੈਰਿਜ਼ ਪੈਲੇਸਾਂ ਵਿਚ ਬਾਰਾਂ ਬੰਦ ਰਹਿਣਗੀਆਂ। ਹਾਲਾਂਕਿ ਰਾਜ ਦੀ ਆਬਕਾਰੀ ਨੀਤੀ ਅਨੁਸਾਰ ਸਮਾਗਮ ਵਿਚ ਸ਼ਰਾਬ ਵਰਤਾਈ ਜਾ ਸਕਦੀ ਹੈ। ਇਥੇ ਵੀ ਹੋਟਲਾਂ ਅਤੇ ਹੋਰਨਾਂ ਮੇਜ਼ਬਾਨੀ ਇਕਾਈਆਂ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਵੱਲੋਂ ਕੋਵਿਡ-19 ਤੋਂ ਬਚਾਅ ਲਈ 4 ਜੂਨ 2020 ਨੂੰ  ਜਾਰੀ ਤੈਅਸ਼ੁਦਾ ਹਦਾਇਤਾਂ (ਐਸ. ਓ. ਪੀ) ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਇਸ ਸਬੰਧੀ ਬਾਕੀ ਦਿਸ਼ਾ-ਨਿਰਦੇਸ਼ ਜ਼ਿਲਾ ਮੈਜਿਸਟ੍ਰੇਟ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਵਾਲੇ ਹੀ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ 'ਤੇ ਭਾਰਤੀ ਦੰਡ ਵਿਧਾਨ , 1860 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ, 2005 ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

 


Deepak Kumar

Content Editor

Related News